ਗਾਇਕਾਂ ਨੂੰ ਹਥਿਆਰਾਂ ਵਾਲੇ ਗੀਤ ਨਾ ਗਾਉਣ ਦੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤਾਵਰੀ ਫੇਸਬੁੱਕ ਲਾਈਵ ਦੌਰਾਨ ਲੋਕਾਂ ਦੇ ਗ਼ੈਰ-ਜ਼ਿੰਮੇਵਾਰੀ ਵਾਲੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਰੋਨਾ ਵਾਇਰਸ ਦੇ ਖ਼ਤਰਨਾਕ ਨਤੀਜਿਆਂ ਤੋਂ ਸਾਵਧਾਨ ਕੀਤਾ। ਉਨ੍ਹਾਂ ਵਧ ਰਹੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਾਸਕ ਪਹਿਨਣਾ, ਹੱਥ ਧੋਣਾ ਤੇ ਸੜਕਾਂ ‘ਤੇ ਨਾ ਥੁੱਕਣਾ ਏਨਾ ਔਖਾ ਕਿਉਂ ਹੈ? ‘ਕੀ ਤੁਹਾਨੂੰ ਆਪਣੇ ਭੈਣ-ਭਰਾਵਾਂ ਦਾ ਕੋਈ ਫਿਕਰ ਨਹੀਂ।’ ਕੈਪਟਨ ਨੇ ਪਲਾਜ਼ਮਾ ਦਾਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ‘ਜੇਕਰ ਮੈਂ ਠੀਕ ਹੋਇਆ ਮਰੀਜ਼ ਹੁੰਦਾ ਤਾਂ ਮੈਂ ਆਪਣਾ ਪਲਾਜ਼ਮਾ ਜ਼ਰੂਰ ਦਿੰਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰੋਨਾ ਖਤਮ ਨਹੀਂ ਹੁੰਦਾ ਮਾਸਕ ਪਹਿਨਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ। ਕੁਝ ਪੰਜਾਬੀ ਗਾਇਕਾਂ ਵਲੋਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਪ੍ਰਸੰਗ ਵਿਚ ਮੁੱਖ ਮੰਤਰੀ ਵਲੋਂ ਸਮੁਚੇ ਗਾਇਕਾਂ ਨੂੰ ਅਜਿਹੇ ਗਾਣੇ ਨਾ ਗਾਉਣ ਤੇ ਇਸ ਦੀ ਥਾਂ ਪੰਜਾਬੀ ਸੱਭਿਆਚਾਰ ਤੇ ਸੋਚ ਪ੍ਰਤੀ ਪ੍ਰੇਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਗਾਇਕਾਂ ਨੂੰ ਗ੍ਰਿਫ਼ਤਾਰ ਕਰਨਾ ਅਸਲ ਵਿਚ ਕੋਈ ਹੱਲ ਨਹੀਂ ਤੇ ਇਨ੍ਹਾਂ ਲੋਕਾਂ ਨੂੰ ਨੌਜਵਾਨਾਂ ‘ਤੇ ਅਜਿਹੇ ਗੀਤਾਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿਚ ਕੋਈ ਜਾਅਲੀ ਗੈਰ-ਸਰਕਾਰੀ ਸੰਸਥਾ ਹੈ ਤਾਂ ਸ਼ਿਕਾਇਤਕਰਤਾ ਨੂੰ ਸੂਚੀ ਸੌਂਪਣੀ ਚਾਹੀਦੀ ਹੈ ਤਾਂ ਕਿ ਸਰਕਾਰ ਸਖ਼ਤ ਕਾਰਵਾਈ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਨੂੰ ਪਹਿਲਾਂ ਹੀ 10 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਵਜ਼ੀਫ਼ਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵੈਟ ਪਹਿਲਾਂ ਹੀ ਦਿੱਲੀ ਨਾਲੋਂ ਘੱਟ ਹੈ ਤੇ ਵਿੱਤੀ ਹਾਲਾਤ ਕਾਰਨ ਵੈਟ ਹੋਰ ਘਟਾਉਣਾ ਸੰਭਵ ਵੀ ਨਹੀਂ ਹੈ। ਵੱਖ-ਵੱਖ ਸਟੈਂਪ ਪੇਪਰਾਂ ਦੀ ਥੁੜ੍ਹ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਕਾਰਨ ਨਾਸਿਕ ਵਿਚ ਪ੍ਰਿੰਟਿੰਗ ਪ੍ਰੈੱਸ ਦੇ ਬੰਦ ਹੋਣ ਕਰਕੇ ਦੇਰੀ ਹੋਈ ਹੈ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ
ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …