11.2 C
Toronto
Saturday, October 18, 2025
spot_img
Homeਪੰਜਾਬਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਵਿੱਢੀ ਤਿਆਰੀ

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਵਿੱਢੀ ਤਿਆਰੀ

ਕੈਪਟਨ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਪੰਜਾਬ ‘ਚ ਚੇਅਰਮੈਨ ਲਗਾਉਣ ਲਈ ਦਿੱਤੀ
ਹਰੀ ਝੰਡੀ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਪੰਜਾਬ ਸਰਕਾਰ ਵਿਚ ਪਹਿਲ ਦੇ ਆਧਾਰ ‘ਤੇ ਪਾਰਟੀ ਵਰਕਰਾਂ ਭਾਵ ਹੇਠਲੀ ਕਤਾਰ ਦੇ ਆਗੂਆਂ ਨੂੰ ਬੋਰਡਾਂ, ਨਿਗਮਾਂ, ਮਾਰਕੀਟ ਕਮੇਟੀਆਂ ਆਦਿ ਦੇ ਚੇਅਰਮੈਨ, ਉਪ ਚੇਅਰਮੈਨ ਅਤੇ ਮੈਂਬਰ ਲਾ ਕੇ ਨੁਮਾਇੰਦਗੀ ਦਿੱਤੀ ਜਾਵੇ ਅਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਣ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ , ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ ਤੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਾਰਟੀ ਵਰਕਰਾਂ ਨੂੰ ਐਡਜਸਟ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਜਲਦੀ ਤਜਵੀਜ਼ਾਂ ਤਿਆਰ ਕਰ ਕੇ ਹਾਈਕਮਾਂਡ ਨੂੰ ਭੇਜੋ ਤੇ ਪ੍ਰਵਾਨਗੀ ਲੈ ਕੇ ਐਡਜਸਟ ਕਰੋ। ਸੂਬੇ ਵਿਚ ਸਰਕਾਰ ਬਣਿਆਂ ਤਕਰੀਬਨ ਦੋ ਸਾਲ ਹੋ ਚਲੇ ਹਨ ਪਰ ਅਜੇ ਤਕ ਪਾਰਟੀ ਵਰਕਰ ਐਡਜਸਟ ਨਹੀਂ ਕੀਤੇ ਗਏ ਤੇ ਇਸ ਲਈ ਪਹਿਲਾਂ ਉਨ੍ਹਾਂ ਵੱਲ ਧਿਆਨ ਦਿਓ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ ਤੇ ਵੱਖ-ਵੱਖ ਕਮੇਟੀਆਂ ਜਿਨ੍ਹਾਂ ਵਿਚ ਚੋਣ ਪ੍ਰਚਾਰ ਕਮੇਟੀ, ਉਮੀਦਵਾਰ ਦੀ ਚੋਣ ਬਾਰੇ ਕਮੇਟੀਆਂ ਗਠਿਤ ਕੀਤੀਆਂ ਜਾਣ ਤੇ ਉਮੀਦਵਾਰਾਂ ਦੇ ਸੰਭਾਵੀ ਨਾਵਾਂ ਦੇ ਪੈਨਲ ਤਿਆਰ ਕੀਤੇ ਜਾਣ। ਪੰਜਾਬ ਤੋਂ ਕਾਂਗਰਸ ਪਾਰਟੀ ਦੇ ਚਾਰ ਸਿਟਿੰਗ ਲੋਕ ਸਭਾ ਮੈਂਬਰਾਂ ਅਤੇ ਪਟਿਆਲਾ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਮੁੜ ਮੈਦਾਨ ਵਿਚ ਉਤਾਰਨ ਦੀ ਤਿਆਰੀ ਹੈ। ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਕਾਂਗਰਸ ਪਾਰਟੀ ਆਪਣੇ ਬਲਬੂਤੇ ‘ਤੇ ਸਾਰੀਆਂ ਲੋਕ ਸਭਾ ਦੀਆਂ ਸੀਟਾਂ ‘ਤੇ ਉਮੀਦਵਾਰ ਉਤਾਰੇਗੀ।
ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਕੋਈ ਲੋੜ ਨਹੀਂ : ਕੈਪਟਨ ਅਮਰਿੰਦਰ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਕੀਤੇ ਜਾਣ ਦੀ ਲੋੜ ਤੋਂ ਇਨਕਾਰ ਕੀਤਾ ਹੈ, ਪਰ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਗਠਜੋੜ ਸਬੰਧੀ ਫੈਸਲਾ ਪਾਰਟੀ ਹਾਈਕਮਾਂਡ ਵਲੋਂ ਲਿਆ ਜਾਣਾ ਹੈ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਤਿੰਨ ਸੂਬਿਆਂ ਵਿਚ ਹੋਈ ਕਾਂਗਰਸ ਦੀ ਜਿੱਤ ਲਈ ਉਨ੍ਹਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ ਹੈ। ਪੰਜਾਬ ਵਿਚ ‘ਆਪ’ ਦੀ ਕੋਈ ਹੋਂਦ ਨਾ ਹੋਣ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਵਿਚ ਕਿਸੇ ਵੀ ਪਾਰਟੀ ਨਾਲ ਗਠਜੋੜ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਕਾਂਗਰਸ ਪਾਰਟੀ ਪੰਜਾਬ ਵਿਚ 13 ਦੀਆਂ 13 ਲੋਕ ਸਭਾ ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਬਾਰੇ ਅਜੇ ਕੋਈ ਵੀ ਫੈਸਲਾ ਨਹੀਂ ਹੋਇਆ।

RELATED ARTICLES
POPULAR POSTS