ਕਿਹਾ : ਇਹ ਕੰਮ ਕਰਨ ਦਾ ਮਾਹੌਲ ਨਹੀਂ, ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਕੋਲੋਂ ਮੰਗੀ ਮੁਆਫ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਡਾ. ਰਾਜ ਬਹਾਦੁਰ ਅਜੇ ਵੀ ਮਰੀਜਾਂ ਦਾ ਇਲਾਜ ਕਰਨ ਵਿਚ ਜੁਟੇ ਹੋਏ ਹਨ। ਉਹ ਮੋਹਾਲੀ ’ਚ ਰੀਜਨਲ ਸਪਾਈਨਲ ਇੰਜਰੀ ਸੈਂਟਰ ’ਚ ਸਰਜਰੀ ਕਰ ਰਹੇ ਹਨ। ਅਸਤੀਫ਼ੇ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਟਪਕ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਹੈ। ਪ੍ਰੰਤੂ ਇਹ ਕੰਮ ਕਰਨ ਵਾਲਾ ਮਾਹੌਲ ਨਹੀਂ ਜਦਕਿ ਮੁੱਖ ਮੰਤਰੀ ਨੇ ਇਸ ਰਵੱਈਏ ਦੇ ਲਈ ਮੁਆਫ਼ੀ ਮੰਗ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਬਾਬਾ ਫਰੀਦ ਯੂਨੀਵਰਸਿਟੀ ਵਿਖੇ ਚੈਕਿੰਗ ਕਰਨ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੁੱਸੇ ’ਚ ਆ ਕੇ ਉਨ੍ਹਾਂ ਨੂੰ ਗੰਦੇ ਬੈੱਡ ’ਤੇ ਲਿਟਾ ਦਿੱਤਾ ਸੀ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਖੂਬ ਵਾਈਰਲ ਹੋਈ ਅਤੇ ਵਾਈਸ ਚਾਂਸਲਰ ਨੇ ਬੇਇਜ਼ਤੀ ਮਹਿਸੂਸ ਕਰਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਸਿਹਤ ਮੰਤਰੀ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ 12ਵੀਂ ਪਾਸ ਮੰਤਰੀ ਨੇ ਵਾਈਸ ਚਾਂਸਲਰ ਨੂੰ ਸ਼ਰ੍ਹੇਆਮ ਜਲੀਲ ਕੀਤਾ, ਜਿਸ ਦੇ ਚਲਦਿਆਂ ਉਨ੍ਹਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਧਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸ਼ੋ੍ਰਮਣੀ ਅਕਾਲੀ ਨੇ ਵੀ ਇਸ ਹਰਕਤ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਸਿਹਤ ਮੰਤਰੀ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਰਾਜ ਬਹਾਦਰ ਇੰਟਰਨੈਸ਼ਨਲ ਸਖਸ਼ੀਅਤ ਹਨ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਬਦਸਲੂਕੀ ਕਰਨਾ ਮੰਗਭਾਗਾ ਹੈ। ਵੀਸੀ ਵੱਲੋਂ ਅਹੁਦੇ ਛੱਡਣ ਦੇ ਵਿਰੋਧ ਵਿਚ ਮੈਡੀਕਲ ਕਾਲਜ ਦੇ ਪਿ੍ਰੰਸੀਪਲ, ਸੁਪਰਡੈਂਟ ਅਤੇ ਸੈਕਟਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …