-4.4 C
Toronto
Tuesday, February 3, 2026
spot_img
Homeਪੰਜਾਬਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਨੂੰ ਨਿਗਲ ਗਿਆ ਕਰੋਨਾ

ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਨੂੰ ਨਿਗਲ ਗਿਆ ਕਰੋਨਾ

…ਆਹ ਦਿਨ ਵੀ ਵੇਖਣੇ ਸਨ
ਜਦ ਵੇਰਕਾ ਖੇਤਰ ਦੇ ਸ਼ਮਸ਼ਾਨਘਾਟ ਪਹੁੰਚੀ ਦੇਹ ਤਾਂ ਲੋਕਾਂ ਘੇਰ ਲਿਆ ਸ਼ਮਸ਼ਾਨਘਾਟ ਕਿਹਾ ਕਿ ਇਥੇ ਨਹੀਂ ਕਰਨ ਦਿਆਂਗੇ ਸਸਕਾਰ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ‘ਚ ਹਜ਼ੂਰੀ ਰਾਗੀ ਰਹੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵੀ ਕਰੋਨਾ ਵਾਇਰਸ ਨਿਗਲ ਗਿਆ ਹੈ। ਉਹ 68 ਸਾਲਾਂ ਦੇ ਸਨ। ਉਨ੍ਹਾਂ ਵੀਰਵਾਰ ਦੀ ਸਵੇਰੇ 4:30 ਵਜੇ ਆਖ਼ਰੀ ਸਾਹ ਲਿਆ। ਹਾਲੇ ਲੰਘੇ ਕੱਲ੍ਹ ਹੀ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਦੀ ਖ਼ਬਰ ਆਈ ਸੀ। ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਦੀ ਖ਼ਬਰ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐੱਸ. ਸਿੱਧੂ ਨੇ ਆਪਣੇ ਟਵੀਟ ਰਾਹੀਂ ਦਿੱਤੀ। ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਹੋਈ ਇਹ 5ਵੀਂ ਮੌਤ ਹੈ।ਭਾਈ ਨਿਰਮਲ ਸਿੰਘ ਖ਼ਾਲਸਾ ਹੁਰਾਂ ਨੂੰ ਲੰਘੀ 30 ਮਾਰਚ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰ ਵੀਰਵਾਰ ਨੂੰ ਉਹ ਦਿਲ ਦੀ ਧੜਕਣ ਰੁਕ ਜਾਣ ਕਾਰਨ ਸਦੀਵੀ ਵਿਛੋੜਾ ਦੇ ਗਏ। ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਨਾਲ ਕੀਰਤਨ ਕਰਨ ਵਾਲੇ ਹੋਰ ਸਿੰਘਾਂ ਅਤੇ ਉਨ੍ਹਾਂ ਦੇ ਵੀ ਪਰਿਵਾਰਕ ਮੈਂਬਰਾਂ ਨੂੰ ਵੀ ਆਈਲੇਸ਼ਨ ਵਿਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਮੀਡੀਆ ਅਦਾਰਿਆਂ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਕਿ ਭਾਈ ਨਿਰਮਲ ਸਿੰਘ ਖਾਲਸਾ ਹਾਲ ਹੀ ਵਿਚ ਵਿਦੇਸ਼ੋਂ ਪਰਤੇ ਸਨ ਸਨ ਜਦੋਂਕਿ ਮਿਲੀ ਜਾਣਕਾਰੀ ਅਨੁਸਾਰ ਉਹ ਅਕਤੂਬਰ-ਨਵੰਬਰ ਮਹੀਨੇ ਦੇ ਦਰਮਿਆਨ ਹੀ ਇੰਗਲੇਂਡ ਤੋਂ ਭਾਰਤ ਆ ਗਏ ਸਨ ਹਾਂ ਇੰਨਾ ਜ਼ਰੂਰ ਹੈ ਕਿ ਲੰਘੇ ਦਿਨਾਂ ‘ਚ ਉਹ ਭਾਰਤ ਅਤੇ ਪੰਜਾਬ ਵਿਚ ਵੱਖੋ-ਵੱਖ ਥਾਵਾਂ ‘ਤੇ ਧਾਰਮਿਕ ਸਮਾਗਮਾਂ ‘ਚ ਸ਼ਿਰਕਤ ਕਰਦੇ ਰਹੇ ਹਨ ਜਿਨ੍ਹਾਂ ਵਿਚ ਚੰਗੀਗੜ੍ਹ ਦੇ ਵੀ ਇਕ ਸਮਾਗਮ ਦਾ ਜ਼ਿਕਰ ਆ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ, ਤਖਤਾਂ ਦੇ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦੇ ਆਗੂਆਂ ਤੇ ਹੋਰ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਸਮੁੱਚੇ ਸਿੱਖ ਜਗਤ ਨੇ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ‘ਤੇ ਗਹਿਰਾ ਅਫ਼ਸੋਸ ਜਾਹਿਰ ਕੀਤਾ ਹੈ। ਭਾਈ ਨਿਰਮਲ ਸਿੰਘ ਖਾਲਸਾ ਹੁਰਾਂ ਦਾ ਜਨਮ 1952 ‘ਚ ਫ਼ਿਰੋਜ਼ਪੁਰ ਵਿਖੇ ਹੋਇਆ ਸੀ। ਉਨ੍ਹਾਂ 1976 ‘ਚ ਗੁਰਮਤਿ ਸੰਗੀਤ ਦਾ ਡਿਪਲੋਮਾ ਅੰਮ੍ਰਿਤਸਰ ਦੇ ਸ਼ਹੀਦ ਮਿਸ਼ਨਰੀ ਕਾਲਜ ਤੋਂ ਲਿਆ ਸੀ। ਭਾਈ ਨਿਰਮਲ ਸਿੰਘ ਖਾਲਸਾ ਨੇ 1977 ‘ਚ ਰਿਸ਼ੀਕੇਸ਼ ਦੇ ਗੁਰਮਤਿ ਕਾਲਜ ‘ਚ ਸੰਗੀਤ ਦੇ ਅਧਿਆਪਕ ਵਜੋਂ ਵੀ ਕੰਮ ਕੀਤਾ ਸੀ। ਫਿਰ ਅਗਲੇ ਸਾਲ 1978 ‘ਚ ਉਹ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਸਥਿਤ ਸੰਤ ਚੰਨਣ ਸਿੰਘ – ਬੁੱਢਾ ਜੌਹਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ‘ਚ ਵੀ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। 1979 ਤੋਂ ਹੁਣ ਤੱਕ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ‘ਚ ਲੱਗੇ ਹੋਏ ਸਨ। ਉਹ ਸਾਰੇ ਪੰਜ ਤਖ਼ਤ ਸਾਹਿਬਾਨ ਉੱਤੇ ਅਤੇ ਦੇਸ਼ ਦੇ ਸਾਰੇ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ 71 ਦੇਸ਼ਾਂ ਦੇ ਗੁਰੂ-ਘਰਾਂ ‘ਚ ਕੀਰਤਨ ਕਰ ਚੁੱਕੇ ਸਨ। ਭਾਈ ਨਿਰਮਲ ਸਿੰਘ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਭਲੀਭਾਂਤ ਗਿਆਨ ਸੀ। ਉਨ੍ਹਾਂ ਦੀ ਇਸੇ ਮੁਹਾਰਤ ਲਈ ਸਾਲ 2009 ‘ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਨਿਵਾਜ਼ਿਆ ਸੀ। ਇਹ ਪੁਰਸਕਾਰ ਹਾਸਲ ਕਰਨ ਵਾਲੇ ਭਾਈ ਖਾਲਸਾ ਪਹਿਲੇ ਹਜ਼ੂਰੀ ਰਾਗੀ ਸਨ।

RELATED ARTICLES
POPULAR POSTS