ਕਿਹਾ : ਨੌਕਰੀ ਬਦਲੇ ਮੈਂ ਕਿਸੇ ਕੋਲੋਂ ਕਦੇ ਵੀ ਨਹੀਂ ਲਏ ਪੈਸੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਖਿਡਾਰੀ ਕੋਲੋਂ ਨੌਕਰੀ ਦੇਣ ਬਦਲੇ 2 ਕਰੋੜ ਰੁਪਏ ਮੰਗਣ ਦਾ ਆਰੋਪ ਲਗਾਇਆ ਸੀ, ਜਿਸ ਤੋਂ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਮੁੱਖ ਮੰਤਰੀ ਵੱਲੋਂ ਲਗਾਏ ਆਰੋਪਾਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੰੁਚੇ, ਜਿੱਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਅਤੇ ਅਰਦਾਸ ਕਰਦਿਆਂ ਆਪਣੀ ਸਫਾਈ ਦਿੱਤੀ। ਚੰਨੀ ਨੇ ਕਿਹਾ ਕਿ ਮੈਂ ਕਿਸੇ ਕੋਲੋ ਸਿੱਧੇ ਤੌਰ ’ਤੇ ਜਾਂ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਕਿਸੇ ਕੋਲੋਂ ਨੌਕਰੀ ਲਈ ਜਾਂ ਬਦਲੀ ਲਈ ਕਦੇ ਵੀ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੈਸੇ ਲੈਣ ਦੀ ਗੱਲ ਨੂੰ ਸਾਬਤ ਕਰ ਦੇਣ ਤਾਂ ਉਹ ਪੈਸੇ ਵਾਪਸ ਕਰਨ ਲਈ ਤਿਆਰ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਵਿਚ ਕੋਈ ਸੱਚਾਈ ਨਹੀਂ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਨਾ ਕਰਨ ਅਤੇ ਸਾਰੀਆਂ ਗੱਲਾਂ ਨੂੰ ਢਕੀਆਂ ਰਹਿਣ ਦਿਓ। ਉਨ੍ਹਾਂ ਕਿਹਾ ਕਿ ਧਰਮਸ਼ਾਲਾ ਵਿਖੇ ਆਈਪੀਐਲ ਦੇ ਮੈਚ ਦੌਰਾਨ ਇਕ ਖਿਡਾਰੀ ਨੇ ਉਨ੍ਹਾਂ ਦੱਸਿਆ ਕਿ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨੌਕਰੀ ਲਈ ਉਸ ਨੂੰ ਆਪਣੇ ਭਾਣਜੇ ਹਨੀ ਕੋਲ ਭੇਜਿਆ ਸੀ ਅਤੇ ਹਨੀ ਨੇ ਨੌਕਰੀ ਬਦਲੇ ਉਸ ਤੋਂ ਦੋ ਕਰੋੜ ਰੁਪਏ ਮੰਗੇ ਸਨ।