ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣੇ ਸਨ ਨੀਲੇ ਕਾਰਡ ਤੇ ਲਗਾਈਆਂ ਸਨ ਪੈਨਸ਼ਨਾਂ
ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਐਮਪੀ ਹਲਕੇ ਅਧੀਨ ਪੈਂਦੇ ਬਠਿੰਡਾ ਜ਼ਿਲ੍ਹੇ ਵਿਚ 35 ਹਜ਼ਾਰ ਅਜਿਹੇ ਨੀਲੇ ਕਾਰਡ ਸਾਹਮਣੇ ਆਏ ਹਨ ਜੋ ਕਿ ਅਯੋਗ ਕਰਾਰ ਦੇ ਦਿੱਤੇ ਗਏ ਹਨ ਤੇ ਹੁਣ ਇਨ੍ਹਾਂ ਕਾਰਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਹ ਸਭ ਸਰਕਾਰ ਵਲੋਂ ਕਰਵਾਈ ਗਈ ਨਵੇਂ ਸਿਰੇ ਤੋਂ ਪੜਤਾਲ ਦੀ ਮੁਹਿੰਮ ਤੋਂ ਬਾਅਦ ਸਾਹਮਣੇ ਆਇਆ ਹੈ। ਹੁਣ ਜਦੋਂ ਜਾਂਚ ਟੀਮ ਦੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਪੜਤਾਲ ਤੋਂ ਬਾਅਦ ਯੋਗ ਤੇ ਅਯੋਗ ਕਾਰਡਾਂ ਦਾ ਖੁਲਾਸਾ ਕੀਤਾ ਤਾਂ ਇਹ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ। ਉਧਰ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਕਾਰਡ ਅਯੋਗ ਪਾਏ ਗਏ ਹਨ, ਉਨ੍ਹਾਂ ਦੀਆਂ ਸੂਚੀਆਂ ਅਗਲੇ ਚਾਰ ਦਿਨ ਤੱਕ ਮੁਕੰਮਲ ਕਰਕੇ ਫਾਈਨਲ ਕਰ ਦਿੱਤੀਆਂ ਜਾਣਗੀਆਂ। ਉਧਰ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਵਲੋਂ ਜ਼ਿਲ੍ਹੇ ਭਰ ਦੇ ਚਾਰੇ ਐਸਡੀਐਮਜ਼ ਨੂੰ ਸਬੰਧਤ ਕਾਰਡਾਂ ਦੀਆਂ ਸੂਚੀਆਂ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਵਿਭਾਗੀ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਵਿਚ ਕੁੱਲ 2 ਲੱਖ 17 ਹਜ਼ਾਰ ਨੀਲੇ ਕਾਰਡ ਹਨ। ਇਨ੍ਹਾਂ ਕਾਰਡਾਂ ਦੀ ਹੋਈ ਮੁੜ ਪੜਤਾਲ ਤੋਂ ਬਾਅਦ 32 ਹਜ਼ਾਰ ਕਾਰਡ ਤਾਂ ਅਯੋਗ ਰਹਿ ਗਏ ਤੇ ਬਾਕੀ ਇਕ ਲੱਖ 25 ਹਜ਼ਾਰ ਕਾਰਡ ਅਜਿਹੇ ਹਨ, ਜਿਹੜੇ ਇਕ ਸਮੇਂ ਲਈ ਯੋਗ ਪਾਏ ਗਏ ਹਨ।
14 ਹਜ਼ਾਰ ਪੈਨਸ਼ਨਾਂ ਵੀ ਅਯੋਗ ਪਾਈਆਂ ਗਈਆਂ : ਬਠਿੰਡਾ ‘ਚ ਸਿਰਫ ਹਜ਼ਾਰਾਂ ਨੀਲੇ ਕਾਰਡ ਹੀ ਨਹੀਂ ਬਲਕਿ ਵੱਖ-ਵੱਖ ਤਰ੍ਹਾਂ ਦੀਆਂ ਲੱਗੀਆਂ 14 ਹਜ਼ਾਰ ਦੇ ਕਰੀਬ ਪੈਨਸ਼ਨਾਂ ਵੀ ਅਯੋਗ ਪਾਈਆਂ ਗਈਆਂ। ਦੱਸਣਯੋਗ ਹੈ ਕਿ ਵੱਖ-ਵੱਖ ਯੋਜਨਾਵਾਂ ਤਹਿਤ ਕੁੱਲ ਇਕ ਲੱਖ 14 ਹਜ਼ਾਰ ਲੋਕ ਪੈਨਸ਼ਨ ਦਾ ਲਾਹਾ ਲੈਂਦੇ ਹਨ। ਹੁਣ ਮੁੜ ਪੜਤਾਲ ਤੋਂ ਬਾਅਦ ਇਕ ਹਜ਼ਾਰ ਅਯੋਗ ਖਾਤੇ ‘ਚ ਪੈ ਗਏ ਹਨ।
ਪਹਿਲਾਂ ਧੜਾਧੜ ਬਣੇ ਕਾਰਡ ਤੇ ਲੱਗੀਆਂ ਪੈਨਸ਼ਨਾਂ : ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤਾ ਲੱਗਣ ਤੱਕ ਨਵੰਬਰ ਅਤੇ ਦਸੰਬਰ 2016 ਦੇ ਮਹੀਨੇ ਵਿਚ ਜ਼ਿਲ੍ਹੇ ਭਰ ਵਿਚ 24 ਹਜ਼ਾਰ ਨੀਲੇ ਕਾਰਡ ਬਣਾਏ ਗਏ ਸਨ ਅਤੇ 10 ਹਜ਼ਾਰ ਵਿਅਕਤੀਆਂ ਦੀ ਪੈਨਸ਼ਨ ਲਗਾਈ ਗਈ ਸੀ। ਕਾਂਗਰਸ ਦੀ ਸਰਕਾਰ ਬਣੀ ਤਾਂ ਲੋਕਾਂ ਵਲੋਂ ਇਸ ਦੀ ਜਾਂਚ ਕਦੀ ਮੰਗ ਉਠੀ, ਜਿਸ ਤੋਂ ਬਾਅਦ ਹੀ ਇਹ ਜਾਂਚ ਕਰਵਾਈ ਗਈ ਹੈ ਅਤੇ ਇਹ ਨਤੀਜੇ ਸਾਹਮਣੇ ਆਏ ਹਨ।
ਪੱਖ ਰੱਖਣ ਲਈ ਨੋਟਿਸ ਜਾਰੀ ਹੋਵੇਗਾ : ਡੀਸੀ :ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਦੇ ਨੀਲੇ ਕਾਰਡ ਤੇ ਪੈਨਸ਼ਨਾਂ ਦੇ ਮਾਮਲੇ ‘ਚ ਅਯੋਗ ਪਾਏ ਗਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਆਪਣਾ-ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ। ਜੋ ਤੈਅ ਸਮੇਂ ਵਿਚ ਲਾਭਪਾਤਰੀਆਂ ਨੇ ਆਪਣਾ ਪੱਖ ਨਾ ਰੱਖਿਆ ਤਾਂ ਇਨ੍ਹਾਂ ਨੂੰ ਮੁਕੰਮਲ ਸੂਚੀ ‘ਚੋਂ ਬਾਹਰ ਕਰ ਦਿੱਤਾ ਜਾਵੇਗਾ।