Breaking News
Home / ਪੰਜਾਬ / ਬਾਦਲਾਂ ਦੀ ਔਰਬਿਟ ਕੰਪਨੀ ਸ਼੍ਰੋਮਣੀ ਅਕਾਲੀ ਦਲ ‘ਤੇ ਮਿਹਰਬਾਨ

ਬਾਦਲਾਂ ਦੀ ਔਰਬਿਟ ਕੰਪਨੀ ਸ਼੍ਰੋਮਣੀ ਅਕਾਲੀ ਦਲ ‘ਤੇ ਮਿਹਰਬਾਨ

ਸਿਆਸੀ ਚੰਦੇ ਵਜੋਂ ਦਿੱਤੇ 1.81 ਕਰੋੜ ਰੁਪਏ
ਬਠਿੰਡਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਦੀ ਔਰਬਿਟ ਕੰਪਨੀ ਨੇ ਮੋਟਾ ਗੱਫਾ ‘ਦਾਨ’ ਦਿੱਤਾ ਹੈ। ਬਾਦਲ ਪਰਿਵਾਰ ਦੀ ਇਹ ‘ਫਰਾਖ਼ਦਿਲੀ’ ਸਿਆਸੀ ਹਲਕਿਆਂ ਲਈ ਹਜ਼ਮ ਕਰਨੀ ਮੁਸ਼ਕਲ ਜਾਪਦੀ ਹੈ।
ਔਰਬਿਟ ਰਿਜ਼ੌਰਟਸ ਪ੍ਰਾਈਵੇਟ ਲਿਮਟਿਡ ਗੁੜਗਾਓਂ ਅਤੇ ਡੱਬਵਾਲੀ ਟਰਾਂਸਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2017-18 ਦੌਰਾਨ ਸਿਆਸੀ ਚੰਦੇ ਵਜੋਂ 1.81 ਕਰੋੜ ਰੁਪਏ ਦਾ ‘ਦਾਨ’ ਦਿੱਤਾ ਹੈ। ਕੈਪਟਨ ਹਕੂਮਤ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਣ ਵਾਲਾ ਸਿਆਸੀ ਚੰਦਾ ਘੱਟ ਗਿਆ ਹੈ ਪਰ ਇਕੱਲੇ ਬਾਦਲ ਪਰਿਵਾਰ ਨੇ ਲੰਘੇ ਮਾਲੀ ਵਰ੍ਹੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ ਪ੍ਰਾਪਤ ਚੰਦੇ ਦਾ 80 ਫ਼ੀਸਦੀ ਦਿੱਤਾ ਹੈ। ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਾਪਤ ਸਿਆਸੀ ਚੰਦੇ ਦੀ ਰਿਟਰਨ ਭੇਜੀ ਹੈ, ਉਸ ਅਨੁਸਾਰ ਸਾਲ 2017-18 ਦੌਰਾਨ ਅਕਾਲੀ ਦਲ ਨੂੰ 126 ਦਾਨੀਆਂ ਤੋਂ ਕੁੱਲ 2.28 ਕਰੋੜ ਰੁਪਏ ਪ੍ਰਾਪਤ ਹੋਏ ਹਨ ਜਦੋਂਕਿ ਗੱਠਜੋੜ ਸਰਕਾਰ ਸਮੇਂ ਸਾਲ 2016-17 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 115 ਦਾਨੀਆਂ ਤੋਂ 15.45 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ ਸੀ।
ਉਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ 1.80 ਲੱਖ ਰੁਪਏ ਚੰਦੇ ਵਜੋਂ ਦਿੱਤੇ ਸਨ। ਸਾਲ 2017-18 ਦੌਰਾਨ ਬਾਦਲ ਪਰਿਵਾਰ ਦੀ ਡੱਬਵਾਲੀ ਟਰਾਂਸਪੋਰਟ ਕੰਪਨੀ ਨੇ ਛੇ ਬੈਂਕ ਐਂਟਰੀਆਂ ਰਾਹੀਂ ਅਕਾਲੀ ਦਲ ਨੂੰ 94.50 ਲੱਖ ਰੁਪਏ ਅਤੇ ਔਰਬਿਟ ਰਿਜ਼ੌਰਟਸ ਪ੍ਰਾਈਵੇਟ ਲਿਮਟਿਡ ਗੁੜਗਾਓਂ ਨੇ 10 ਐਂਟਰੀਆਂ ਰਾਹੀਂ ਅਕਾਲੀ ਦਲ ਨੂੰ 87 ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਵੇਰਵਿਆਂ ਅਨੁਸਾਰ ਆਮਦਨ ਕਰ ਐਕਟ ਦੀ ਧਾਰਾ-80 ਜੀਜੀਬੀ ਤਹਿਤ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਚੰਦੇ ‘ਤੇ ਆਮਦਨ ਕਰ ਤੋਂ ਸੌ ਫ਼ੀਸਦੀ ਛੋਟ ਮਿਲਦੀ ਹੈ। ਸੂਤਰਾਂ ਅਨੁਸਾਰ ਚੰਦਾ ਲੈਣ ਵਾਲਾ ਅਤੇ ਦੇਣ ਵਾਲਾ ਇੱਕੋ ਹਨ, ਜਿਸ ਪਿੱਛੇ ਜ਼ਰੂਰ ਕੋਈ ਭੇਤ ਹੋਵੇਗਾ।
ਇਸ ਤੋਂ ਇਲਾਵਾ ਲੰਘੇ ਮਾਲੀ ਵਰ੍ਹੇ ਦੌਰਾਨ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤੋਂ 2.70 ਲੱਖ ਰੁਪਏ ਬਤੌਰ ਚੰਦਾ ਪ੍ਰਾਪਤ ਹੋਏ ਹਨ। ਹਕੂਮਤ ਬਦਲਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਚੰਦਾ ਦੇਣ ਵਾਲੇ ਸਨਅਤੀ ਘਰਾਣੇ ਪਾਸਾ ਵੱਟ ਗਏ ਹਨ।
ਸੱਤਿਆ ਇਲੈਕਟ੍ਰੋਰਲ ਗਰੁੱਪ ਨੇ ਅਕਾਲੀ ਦਲ ਨੂੰ ਸਾਲ 2016-17 ਵਿੱਚ ਦੋ ਕਰੋੜ ਰੁਪਏ ਦਾ ਚੰਦਾ ਦਿੱਤਾ ਸੀ। ਲੁਧਿਆਣਾ ਸ਼ਹਿਰ ਦੀਆਂ ਤਿੰਨ ਸਾਈਕਲ ਕੰਪਨੀਆਂ ਨੇ ਅਕਾਲੀ ਦਲ ਨੂੰ 20 ਲੱਖ ਰੁਪਏ ਦਾ ਸਿਆਸੀ ਚੰਦਾ ਦਿੱਤਾ ਸੀ ਪਰ ਐਤਕੀਂ ਸਿਰਫ਼ ਏ-ਵਨ ਸਾਈਕਲ ਕੰਪਨੀ ਨੇ ਇੱਕ ਲੱਖ ਰੁਪਏ ਦਾ ਚੰਦਾ ਦਿੱਤਾ ਹੈ।
ਬਾਕੀ ਸਭ ਕੰਪਨੀਆਂ ਨੇ ਹੱਥ ਘੁੱਟ ਲਏ ਹਨ। ਸਾਬਕਾ ਅਕਾਲੀ ਵਜ਼ੀਰਾਂ ਨੇ 45-45 ਹਜ਼ਾਰ ਰੁਪਏ ਚੰਦੇ ਵਜੋਂ ਅਕਾਲੀ ਦਲ ਨੂੰ ਜ਼ਰੂਰ ਦਿੱਤੇ ਹਨ। ਸਾਬਕਾ ਵਜ਼ੀਰ ਸੁਰਜੀਤ ਸਿੰਘ ਰੱਖੜਾ ਨੇ ਛੇ ਲੱਖ ਰੁਪਏ ਅਤੇ ਪਟਿਆਲਾ ਤੋਂ ਚੋਣ ਲੜਨ ਵਾਲੇ ਜੋਗਿੰਦਰ ਸਿੰਘ ਨੇ 4.16 ਲੱਖ ਰੁਪਏ ਦਾ ਚੰਦਾ ਦਿੱਤਾ ਹੈ ਜਦੋਂਕਿ ਬੀਬੀ ਜਗੀਰ ਕੌਰ ਨੇ ਅਕਾਲੀ ਦਲ ਨੂੰ 50 ਹਜ਼ਾਰ ਦਿੱਤੇ ਹਨ। ਦਾਨੀਆਂ ਵਿੱਚ ਸਭ ਤੋਂ ਜ਼ਿਆਦਾ ਦਾਨੀ ਫ਼ਤਿਹਗੜ੍ਹ ਸਾਹਿਬ, ਰੋਪੜ ਅਤੇ ਪਟਿਆਲਾ ਜ਼ਿਲ੍ਹੇ ਦੇ ਦਾਨੀ ਹਨ। ਚਾਰ-ਚਾਰ ਹਜ਼ਾਰ ਰੁਪਏ ਦਾ ਚੰਦਾ ਦੇਣ ਵਾਲੇ ਵੀ ਕਾਫ਼ੀ ਦਾਨੀ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …