Breaking News
Home / ਪੰਜਾਬ / ਚੰਡੀਗੜ੍ਹ ਦੇ ਪਿਕਾਡਲੀ ਚੌਕ ਵਿਚ ਦਿਨ-ਦਿਹਾੜੇ ਮੋਮਬੱਤੀਆਂ ਜਗਾ ਪੰਜਾਬੀ ਦਰਦੀਆਂ ਨੇ ਕੀਤੀ ਮੰਗ

ਚੰਡੀਗੜ੍ਹ ਦੇ ਪਿਕਾਡਲੀ ਚੌਕ ਵਿਚ ਦਿਨ-ਦਿਹਾੜੇ ਮੋਮਬੱਤੀਆਂ ਜਗਾ ਪੰਜਾਬੀ ਦਰਦੀਆਂ ਨੇ ਕੀਤੀ ਮੰਗ

ਮਾਂ ਬੋਲੀ ਪੰਜਾਬੀ ਨੂੰ ਅਜ਼ਾਦ ਕਰੋ
ਚੰਡੀਗੜ੍ਹ ਪੰਜਾਬੀ ਮੰਚ ਦਾ ਐਲਾਨ : 1 ਨਵੰਬਰ ਨੂੰ ਮਨਾਵਾਂਗੇ ਕਾਲੇ ਦਿਵਸ ਵਜੋਂ
ਚੰਡੀਗੜ੍ਹ : ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਪੰਜਾਬੀ ਦਰਦੀਆਂ ਨੇ ਪਿਕਾਡਲੀ ਚੌਕ ਵਿਚ ‘ਮਾਂ ਬੋਲੀ ਪੰਜਾਬੀ ਅਜ਼ਾਦ ਕਰੋ’ ਦਾ ਨਾਅਰਾ ਬੁਲੰਦ ਕੀਤਾ। ਸੈਂਕੜਿਆਂ ਦੀ ਗਿਣਤੀ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਇਕੱਠੇ ਹੋਏ ਪੰਜਾਬੀ ਦਰਦੀਆਂ ਨੇ ਅਜ਼ਾਦੀ ਦਿਹਾੜੇ ਤੋਂ ਇਕ ਸ਼ਾਮ ਪਹਿਲਾਂ ਚੰਡੀਗੜ੍ਹ ਦੇ ਪਿਕਾਡਲੀ ਚੌਕ ਵਿਚ ਹੱਥਾਂ ‘ਚ ਬੈਨਰ ਫੜ੍ਹ ਤੇ ਗਲ਼ਾਂ ‘ਚ ਤਖਤੀਆਂ ਪਾ ਕੇ ਮਾਂ ਬੋਲੀ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਹੋਕਾ ਦਿੱਤਾ। ਇਸ ਉਪਰੰਤ ਦਿਨ-ਦਿਹਾੜੇ ਸ਼ਾਮੀਂ ਕਰੀਬ ਪੰਜ ਵਜੇ ਮੋਮਬੱਤੀਆਂ ਬਾਲ਼ ਕੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਚੰਡੀਗੜ੍ਹ ਦੇ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਨ੍ਹੇਰ ਗਰਦੀ ‘ਚੋਂ ਜਾਗਣ ਤੇ ਚਾਨਣ ਵਿਚ ਆ ਕੇ ਦੇਖਣ ਕਿ ਚੰਡੀਗੜ੍ਹ ਪੰਜਾਬੀ ਪਿੰਡਾਂ ਨੂੰ ਉਜਾੜ ਕੇ ਵਸਾਇਆ ਹੈ। ਇਸ ਲਈ ਚੰਡੀਗੜ੍ਹ ਦੇ ਗਲ਼ੋਂ ਅੰਗਰੇਜ਼ੀ ਦਾ ਗਲਬਾ ਲਾਹ ਕੇ ਪੰਜਾਬੀ ਭਾਸ਼ਾ ਨੂੰ ਬਹਾਲ ਕੀਤਾ ਜਾਵੇ, ਇਹ ਸੁਨੇਹਾ ਦਿੱਤਾ। ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਪੇਂਡੂ ਸੰਘਰਸ਼ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਪੰਜਾਬੀ ਲੇਖਕ ਸਭਾ, ਟਰੇਡ ਯੂਨੀਅਨਾਂ ਤੇ ਵਿਦਿਆਰਥੀ ਸੰਗਠਨਾਂ ਦੇ ਨੁਮਾਇੰਦੇ ਜਿੱਥੇ ਵੱਡੀ ਗਿਣਤੀ ਵਿਚ ਹਾਜ਼ਰ ਸਨ, ਉਥੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਸ਼ਾਮਲ ਹੋਇਆ। ਇਸੇ ਤਰ੍ਹਾਂ ਗੁਰਪ੍ਰੀਤ ਹੈਪੀ ਨਾਲ ਵੀ ਵੱਡਾ ਵਫ਼ਦ ਅਤੇ ਕਾਂਗਰਸੀ ਆਗੂ ਰਿੰਪਲ ਮਿੱਢਾ ਵੀ ਆਪਣੇ ਸਾਥੀਆਂ ਨਾਲ ਇਸ ਸੰਘਰਸ਼ ਵਿਚ ਸ਼ਾਮਲ ਹੋਏ। ਮਾਂ ਬੋਲੀ ਪੰਜਾਬੀ ਦੀ ਅਜ਼ਾਦੀ ਦਾ ਨਾਅਰਾ ਬੁਲੰਦ ਕਰਨ ਵਾਲਿਆਂ ਵਿਚ ਸੀਪੀਆਈ, ਸੀਪੀਐਮ ਦੇ ਆਗੂ ਵੀ ਮੌਜੂਦ ਸਨ।
ਚੰਡੀਗੜ੍ਹ ਵਿਚ ਆਪਣੀ ਹੋਂਦ ਬਚਾਉਣ ਦੀ ਲੜਾਈ ਲੜ ਰਹੇ ਪਿੰਡਾਂ ਦੇ ਵਸਨੀਕ ਪੇਂਡੂ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪ੍ਰਧਾਨ ਦਲਜੀਤ ਸਿੰਘ ਪਲਸੌਰਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸੋਮਲ ਦੀ ਅਗਵਾਈ ਵਿਚ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ।
ਚੰਡੀਗੜ੍ਹ ਦੇ ਪਿਕਾਡਲੀ ਚੌਕ ‘ਤੇ ਇਕੱਤਰ ਹੋਏ ਪੰਜਾਬੀ ਦਰਦੀਆਂ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਤਰਲੋਚਨ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ, ਰਘਵੀਰ ਸਿੰਘ, ਗੁਰਨਾਮ ਸਿੰਘ, ਸੁਖਜੀਤ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਸੋਮਲ, ਜੋਗਿੰਦਰ ਸਿੰਘ ਬੁੜੈਲ ਅਤੇ ਦੀਪਕ ਸ਼ਰਮਾ ਚਨਾਰਥਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਜਿਸ ਦਿਨ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਰੁਤਬਾ ਨਹੀਂ ਮਿਲਦਾ, ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਚੰਡੀਗੜ੍ਹ ਪੰਜਾਬੀ ਮੰਚ ਨੇ ਐਲਾਨ ਕੀਤਾ ਕਿ ਆਉਂਦੀ 1 ਨਵੰਬਰ ਨੂੰ ਜਿਸ ਦਿਨ ਚੰਡੀਗੜ੍ਹ ਪ੍ਰਸ਼ਾਸਨ ਆਪਣਾ ਸਥਾਪਨਾ ਦਿਵਸ ਮਨਾਏਗਾ। ਉਸ ਦਿਨ 1 ਨਵੰਬਰ ਨੂੰ ਪੰਜਾਬੀ ਦਰਦੀ ਕਾਲੇ ਦਿਵਸ ਵਜੋਂ ਮਨਾਉਣਗੇ ਕਿਉਂਕਿ 1 ਨਵੰਬਰ 1966 ਨੂੰ ਹੀ ਚੰਡੀਗੜ੍ਹ ਵਾਸੀਆਂ ਤੋਂ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਖੋਹ ਕੇ ਅੰਗਰੇਜ਼ੀ ਨੂੰ ਕਬਜ਼ਾ ਦਿੱਤਾ ਗਿਆ ਸੀ।
ਮਾਂ ਬੋਲੀ ਪੰਜਾਬੀ ਨੂੰ ਅਜ਼ਾਦ ਕਰਵਾਉਣ ਲਈ ਕੀਤੇ ਗਏ ਰੋਸ ਮੁਜ਼ਾਹਰੇ ‘ਚ ਗੁਰਪ੍ਰੀਤ ਸਿੰਘ ਹੈਪੀ, ਹਰਦੀਪ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਦਲਜੀਤ ਸਿੰਘ ਪਲਸੌਰਾ, ਗੁਰਪ੍ਰੀਤ ਸਿੰਘ ਸੋਮਲ, ਸੁਖਦੇਵ ਸਿੰਘ ਸਿਰਸਾ, ਦੇਵੀ ਦਿਆਲ ਸ਼ਰਮਾ, ਸਿਰੀਰਾਮ ਅਰਸ਼, ਡਾ.ਸਰਬਜੀਤ ਸਿੰਘ, ਬਲਕਾਰ ਸਿੱਧੂ, ਤਰਲੋਚਨ ਸਿੰਘ, ਜੋਗਿੰਦਰ ਸਿੰਘ ਬੁੜੈਲ, ਰਘਵੀਰ ਸਿੰਘ, ਗੁਰਨਾਮ ਸਿੰਘ, ਜਵਾਲਾ ਸਿੰਘ, ਸੁਖਜੀਤ ਸਿੰਘ ਸੁੱਖਾ, ਭੁਪਿੰਦਰ ਸਿੰਘ ਬਡਹੇੜੀ, ਦੇਵ ਰਾਜ, ਰਿੰਪਲ ਮਿੱਢਾ, ਸੁੱਖਾ ਅਟਾਵਾ, ਅਮਰੀਕ ਸਿੰਘ, ਮਨਜੀਤ ਕੌਰ ਮੀਤ, ਪਾਲ ਅਜਨਬੀ, ਮਲਕੀਅਤ ਬਸਰਾ, ਜਗਦੀਪ ਨੂਰਾਨੀ, ਦੀਪਕ ਚਨਾਰਥਲ, ਸੁੱਖੀ ਬਰਾੜ, ਭੁਪਿੰਦਰ ਮਲਿਕ, ਪ੍ਰੀਤਮ ਰੁਪਾਲ, ਪਰਮ ਬੈਦਵਾਣ, ਮਨਜੀਤ ਕੌਰ ਮੋਹਾਲੀ ਸਮੇਤ ਵੱਡੀ ਗਿਣਤੀ ਵਿਚ ਬੀਬੀਆਂ, ਬਜ਼ੁਰਗ, ਨੌਜਵਾਨ, ਲੇਖਕ, ਬੁੱਧੀਜੀਵੀ, ਕਵੀ ਤੇ ਪੰਜਾਬੀ ਦਰਦੀ ਹਾਜ਼ਰ ਸਨ।
ਮਾਂ ਬੋਲੀ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ : ਦੀਪਕ ਚਨਾਰਥਲ
ਮਾਂ ਬੋਲੀ ਪੰਜਾਬ ਦੀ ਅਜ਼ਾਦੀ ਲਈ ਕੀਤੇ ਰੋਸ ਮੁਜ਼ਾਹਰੇ ਸਬੰਧੀ ਗੱਲ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਸਕੱਤਰ ਤੇ ਪੱਤਰਕਾਰ ਦੀਪਕ ਚਨਾਰਥਲ ਨੇ ਕਿਹਾ ਕਿ ਕਿਸ ਮੂੰਹ ਨਾਲ, ਕਿਨ੍ਹਾਂ ਸ਼ਬਦਾਂ ਨਾਲ ਅਜ਼ਾਦੀ ਦੀਆਂ ਮੁਬਾਰਕਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਕਿਉਂਕਿ ਮੇਰੇ ਸ਼ਬਦ ਤਾਂ, ਮੇਰੀ ਬੋਲੀ ਤਾਂ ਇਸ ਅਜ਼ਾਦ ਮੁਲਕ ਵਿਚ ਵੀ ਗੁਲਾਮ ਹੈ। ਇਹ ਕਿਹੋ ਜਿਹੀ ਅਜ਼ਾਦੀ ਜਿੱਥੇ ਮੇਰੇ ਹੀ ਸੂਬੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਲਈ ਥਾਂ ਹੀ ਨਾ ਹੋਵੇ। ਚੰਡੀਗੜ੍ਹ ਦੀ ਦਫਤਰੀ ਭਾਸ਼ਾ, ਕੰਮਕਾਜ ਦੀ ਭਾਸ਼ਾ ਤੇ ਪ੍ਰਸ਼ਾਸਕੀ ਭਾਸ਼ਾ ਅੰਗਰੇਜ਼ੀ ਹੈ। ਇਸੇ ਰੋਸੇ ਨੂੰ ਲੈ ਕੇ ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਵਿਚ ਪਹਿਲੀ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਸੈਂਕੜੇ ਲੋਕ ਅਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਭਾਵ ਲੰਘੇ ਕੱਲ੍ਹ 14 ਅਗਸਤ ਨੂੰ ਚੰਡੀਗੜ੍ਹ ਦੇ ਪਿਕਾਡਲੀ ਚੌਕ ਵਿਚ ਦਿਨ ਦਿਹਾੜੇ ਮੋਮਬੱਤੀਆਂ ਬਾਲਣ ਪਹੁੰਚੇ ਤਾਂ ਕਿ ਪ੍ਰਸ਼ਾਸਨ ਦੀ ਹਨ੍ਹੇਰਗਰਦੀ ਮੁੱਕ ਸਕੇ ਤੇ ਉਹ ਰੋਸ਼ਨੀ ਵਿਚ ਆ ਕੇ ਵੇਖ ਸਕਣ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਏ ਚੰਡੀਗੜ੍ਹ ਵਿਚ ਪਹਿਲੀ ਭਾਸ਼ਾ ਦਾ ਹੱਕ ਪੰਜਾਬੀ ਦਾ ਹੀ ਬਣਦਾ ਹੈ। ਦੀਪਕ ਚਨਾਰਥਲ ਨੇ ਆਖਿਆ ਕਿ ਆਪਣੀ ਮਾਂ ਬੋਲੀ ਦੀ ਅਜ਼ਾਦੀ ਖਾਤਰ ਮੈਂ ਵੀ ਚੌਕ ‘ਚ ਖੜ੍ਹ ਕੇ ਚੀਕ ਮਾਰੀ ਹੈ ਤੇ ਇਹ ਸੰਘਰਸ਼ ਅਜੇ ਲੰਮਾ, ਤਿੱਖਾ ਤੇ ਔਖਾ ਹੈ। ਪਰ ਅਸੀਂ ਨਾ ਅੱਕੇ ਹਾਂ ਤੇ ਨਾ ਹੀ ਥੱਕੇ ਹਾਂ। ਮਾਂ ਬੋਲੀ ਪੰਜਾਬੀ ਦੀ ਬਹਾਲੀ ਤੱਕ ਬੇਖੌਫ ਹੋ ਕੇ ਲੜਦੇ ਰਹਾਂਗੇ। ਸੰਘਰਸ਼ ਜਾਰੀ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …