Home / ਪੰਜਾਬ / ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਬਣੇਗਾ ਇੱਕ ਹੋਰ ਸਮਾਰਕ

ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿਚ ਬਣੇਗਾ ਇੱਕ ਹੋਰ ਸਮਾਰਕ

ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹੀਦਾਂ ਦੀ ਸੂਚੀ ਵੈੱਬਸਾਈਟ ‘ਤੇ ਕੀਤੀ ਅੱਪਲੋਡ
ਅੰਮ੍ਰਿਤਸਰ : ਜੱਲ੍ਹਿਆਂਵਾਲਾ ਬਾਗ ਸਾਕੇ ਦੇ 101 ਸਾਲ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੇ ਸ਼ਹੀਦਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ 492 ਸ਼ਹੀਦਾਂ ਦੇ ਵੇਰਵੇ ਸ਼ਾਮਲ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ‘ਚ ਰਣਜੀਤ ਐਵੇਨਿਊ ਸਥਿਤ ਆਨੰਦ ਅੰਮ੍ਰਿਤ ਪਾਰਕ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਇੱਕ ਸਮਾਰਕ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਦਾ ਨੀਂਹ ਪੱਥਰ 25 ਜਨਵਰੀ ਨੂੰ ਸੂਬਾ ਪੱਧਰੀ ਸਮਾਗਮ ਦੌਰਾਨ ਰੱਖਿਆ ਜਾਵੇਗਾ। ਇਸ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ 492 ਸ਼ਹੀਦਾਂ ਦੀ ਸੂਚੀ ਵੈੱਬਸਾਈਟ ‘ਤੇ ਅਪਲੋਡ ਕੀਤੀ ਹੈ। ਇਹ ਸੂਚੀ ਵਧੀਕ ਡਿਪਟੀ ਕਮਿਸ਼ਨਰ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਹੈ। ਇਸ ਸਬੰਧੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਸਬੰਧੀ ਸ਼ਹੀਦਾਂ ਦੇ ਮੌਜੂਦਾ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਦੇ ਪੁਰਖਿਆਂ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਹੈ ਤਾਂ ਉਹ 22 ਜਨਵਰੀ ਤਕ ਡਿਪਟੀ ਕਮਿਸ਼ਨਰ ਦਫ਼ਤਰ ਸੰਪਰਕ ਕਰਨ।
100 ਸਾਲਾਂ ਬਾਅਦ ਵੀ ਸ਼ਹੀਦਾਂ ਦੀ ਅੰਤਿਮ ਸੂਚੀ ਨਾ ਹੋ ਸਕੀ ਤਿਆਰ
ਇਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 492 ਸ਼ਹੀਦਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਦੋਂਕਿ ਅੰਗਰੇਜ਼ਾਂ ਦੇ ਵੇਲੇ ਦੀ ਸੂਚੀ ਵਿੱਚ 501 ਵਿਅਕਤੀਆਂ ਬਾਰੇ ਜ਼ਿਕਰ ਗਿਆ ਹੈ, ਜਿਨ੍ਹਾਂ ਨੂੰ ਉਸ ਵੇਲੇ ਅੰਗਰੇਜ਼ ਹਕੂਮਤ ਵੱਲੋਂ ਮੁਆਵਜ਼ਾ ਦਿੱਤਾ ਗਿਆ ਸੀ। ਇਸ ਸੂਚੀ ਵਿੱਚ ਕਈ ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ। ਹਾਲ ਹੀ ਵਿੱਚ ਪਾਰਟੀਸ਼ਨ ਮਿਊਜ਼ਅਮ ਵੱਲੋਂ ਵੀ 547 ਸ਼ਹੀਦਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿੱਚ 45 ਅਣਪਛਾਤੇ ਵਿਅਕਤੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜੱਲ੍ਹਿਆਂਵਾਲਾ ਬਾਗ ਟਰੱਸਟ ਕੋਲ 379 ਸ਼ਹੀਦਾਂ ਦੀ ਸੂਚੀ ਹੈ, ਜਿਨ੍ਹਾਂ ਦੇ ਨਾਂ ਜੱਲ੍ਹਿਆਂਵਾਲਾ ਬਾਗ ‘ਚ ਇੱਕ ਬੋਰਡ ‘ਤੇ ਅੰਕਿਤ ਕੀਤੇ ਹੋਏ ਹਨ। ਇਹ ਤ੍ਰਾਸਦੀ ਹੀ ਹੈ ਕਿ ਇਸ ਸਾਕੇ ਦੇ 100 ਸਾਲ ਬਾਅਦ ਵੀ ਸਰਕਾਰਾਂ ਸ਼ਹੀਦਾਂ ਦੀ ਇੱਕ ਅੰਤਿਮ ਅਧਿਕਾਰਤ ਸੂਚੀ ਤਿਆਰ ਨਹੀਂ ਕਰ ਸਕੀਆਂ।

Check Also

ਅੰਮਿ੍ਰਤਸਰ ’ਚ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਦੱਸਿਆ ਗਿਆ ਵਿਰਾਸਤ

ਪੁਰਾਤੱਤਵ ਵਿਭਾਗ ਨੇ ਵਿਰਾਸਤੀ ਇਮਾਰਤ ਸੰਭਾਲਣ ਦੀ ਕੀਤੀ ਸਿਫਾਰਸ਼ ਅੰਮਿ੍ਰਤਸਰ/ਬਿਊਰੋ ਨਿਊਜ਼ ਅੰਮਿ੍ਰਤਸਰ ’ਚ ਸ੍ਰੀ ਅਕਾਲ …