Breaking News
Home / ਪੰਜਾਬ / ਬੈਂਸ ਭਰਾਵਾਂ ਨੇ ਵਿਧਾਨ ਸਭਾ ਕਮੇਟੀ ਤੋਂ ਦਿੱਤਾ ਅਸਤੀਫਾ

ਬੈਂਸ ਭਰਾਵਾਂ ਨੇ ਵਿਧਾਨ ਸਭਾ ਕਮੇਟੀ ਤੋਂ ਦਿੱਤਾ ਅਸਤੀਫਾ

ਸਪੀਕਰ ਰਾਣਾ ਕੇਪੀ ‘ਤੇ ਲਗਾਇਆ ਪੱਖਪਾਤ ਦਾ ਦੋਸ਼
ਚੰਡੀਗੜ੍ਹ : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਬੈਂਸ ਭਰਾਵਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜ ਦਿੱਤਾ ਹੈ। ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਕਿ ਰਾਣਾ ਕੇਪੀ ਸਿੰਘ ਸ਼ੁਰੂ ਤੋਂ ਹੀ ਪੱਖਪਾਤੀ ਰਵੱਈਆ ਅਪਣਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਵਿਧਾਨ ਸਭਾ ਦੀਆਂ ਕਮੇਟੀਆਂ ਵਿਚ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਸੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਭਾਵੇਂ ਸੀਟ ਦਾ ਮਾਮਲਾ ਹੋਵੇ ਜਾਂ ਸਵਾਲ ਉਠਾਉਣ ਦਾ, ਸਪੀਕਰ ਨੇ ਹਮੇਸ਼ਾ ਹੀ ਚੁਣੇ ਹੋਏ ਨੁਮਾਇੰਦੇ ਦੇ ਅਧਿਕਾਰਾਂ ਦਾ ਹਨਨ ਕੀਤਾ ਹੈ।
ਬੈਂਸ ਨੇ ਵਿਧਾਨ ਸਭਾ ਦੀਆਂ ਕਮੇਟੀਆਂ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਵਿਧਾਨ ਸਭਾ ਦੀਆਂ ਕਮੇਟੀਆਂ ਮੁੱਖ ਰੂਪ ਵਿਚ ਟੀਏ-ਡੀਏ ਲੈਣ ਦਾ ਜਰੀਆ ਬਣੀਆਂ ਹੋਈਆਂ ਹਨ। ਜਦੋਂ ਪੁੱਛਿਆ ਗਿਆ ਕਿ ਪਿਛਲੀ ਸਰਕਾਰ ਦੌਰਾਨ ਵੀ ਉਹ ਕਮੇਟੀਆਂ ਵਿਚ ਸਨ ਤਾਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਿਸ ਦਿਨ ਕਮੇਟੀ ਕੋਲ ਕੋਈ ਬਿਜ਼ਨਸ ਨਹੀਂ ਹੁੰਦਾ ਸੀ, ਉਸ ਦਿਨ ਉਹ ਹਾਜ਼ਰੀ ਨਹੀਂ ਲਗਾਉਂਦੇ ਸਨ। ਜਦੋਂ ਕਮੇਟੀਆਂ ਕੋਲ ਕੋਈ ਬਿਜਨਸ ਨਹੀਂ ਹੈ ਤਾਂ ਵਿਧਾਇਕ ਟੀਏ-ਡੀਏ ਕਿਉਂ ਲੈਣ। ਜ਼ਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਪੇਪਰ ਲੈਂਡ ਕਮੇਟੀ ਅਤੇ ਬਲਵਿੰਦਰ ਸਿੰਘ ਬੈਂਸ ਲਾਇਬ੍ਰੇਰੀ ਕਮੇਟੀ ਦੇ ਮੈਂਬਰ ਸਨ।
ਸੀਟ ਨੂੰ ਲੈ ਕੇ ਹੋਇਆ ਸੀ ਵਿਵਾਦ : ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਗਠਨ ਤੋਂ ਬਾਅਦ ਤੋਂ ਹੀ ਬੈਂਸ ਭਰਾਵਾਂ ਦਾ ਵਿਵਾਦ ਸ਼ੁਰੂ ਹੋ ਗਿਆ ਸੀ। ਦੋਵੇਂ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਬੈਠਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਸਪੀਕਰ ਦੇ ਸਾਹਮਣੇ ਵਾਲੀ ਸੀਟ ਅਲਾਟ ਕੀਤੀ ਗਈ ਸੀ।
ਠੋਕੋ ਤਾਲੀ ਹੁਣ ਕਿਸ ਦੀ ਵਾਰੀ
ਬੜਬੋਲੇ ਨੇਤਾ ਇਨ੍ਹੀਂ ਦਿਨੀਂ ਖੁਦ ਨੂੰ ਖਾਸੇ ਤੇਜ਼ ਅਤੇ ਕਾਬਲ ਸਾਬਤ ਕਰਨ ‘ਤੇ ਤੁਲੇ ਹੋਏ ਹਨ। ਆਲਮ ਇਹ ਹੈ ਕਿ ਉਨ੍ਹਾਂ ਨੇ 40 ਤੋਂ ਜ਼ਿਆਦਾ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ, ਚਾਰਜਸ਼ੀਟ ਅਤੇ ਸਸਪੈਂਡ ਕਰ ਦਿੱਤਾ ਹੈ। ਇਸ ਵਜ੍ਹਾ ਨਾਲ ਨਿਗਮ ‘ਚ ਮਾਹੌਲ ਇਹ ਹੈ ਕਿ ਕੋਈ ਕੰਮ ਨਹੀਂ ਹੋ ਰਿਹਾ ਹੈ। ਪਤਾ ਨਹੀਂ ਕਦੋਂ ਜਨਾਬ ਭ੍ਰਿਸ਼ਟਾਚਾਰ ਦੀ ਤਾਲੀ ਠੋਕਦੇ ਹੋਏ ਕਿਸ ‘ਤੇ ਗਾਜ ਡਿਗ ਪਵੇ। ਜਨਾਬ ਦੇ ਨਿਸ਼ਾਨੇ ‘ਤੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ‘ਤੇ ਹੀ ਸਭ ਤੋਂ ਜ਼ਿਆਦਾ ਹੈ। ਇਧਰ ਜੋ ਉਨ੍ਹਾਂ ਨੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਦੇ ਕੰਮ ਦੀ ਰਫ਼ਤਾਰ ਬਹੁਤ ਹੀ ਮੱਧਮ ਹੈ। ਹੁਣ ਜਨਾਬ ਇਸ ‘ਤੇ ਵੀ ਜੇ ਥੋੜ੍ਹੀ ਵੀ ਸਖਤੀ ਦਿਖਾਉਣਗੇ ਤਾਂ ਜਨਤਾ ਨੂੰ ਵੀ ਰਾਹਤ ਮਿਲ ਸਕਦੀ ਹੈ।
ਇਥੇ ਵੀ ਪਹੁੰਚੇ ਕਾਕੇ ਦੇ ਸਮਰਥਕ
ਸਮਾਂ ਬਦਲਿਆ ਤਾਂ ਸਿਆਸਤ ਵੀ ਬਦਲ ਜਾਂਦੀ ਹੈ। ਇਹ ਇਨ੍ਹੀਂ ਦਿਨੀਂ ਪੰਜਾਬ ‘ਚ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਸਰਕਾਰ ਨੇ ਝੂਠੇ ਮਾਮਲਿਆਂ ਦੀ ਜਾਂਚ ਦੇ ਲਈ ਇਕ ਕਮਿਸ਼ਨ ਬਣਾਇਆ। ਇਸ ਦਾ ਕੰਮ ਹੈ ਕਿ ਅਕਾਲੀ ਸਰਕਾਰ ‘ਚ ਕਾਂਗਰਸੀਆਂ ‘ਤੇ ਜੋ ਵੀ ਜ਼ੁਲਮ ਹੋਏ ਉਸ ਦੀ ਜਾਂਚ ਕੀਤੀ ਜਾਵੇ। ਜਿਸ ਤਰ੍ਹਾਂ ਹੀ ਕਮਿਸ਼ਨ ਬਣਿਆ ਸ਼ਿਕਾਇਤ ਦੇਣ ਵਾਲਿਆਂ ਦੀ ਲਾਈਨ ‘ਚ ਅਜਿਹੇ ਨੇਤਾ ਵੀ ਦੇਖੇ ਜਾ ਰਹੇ ਹਨ ਜੋ ਕਦੇ ਅਕਾਲੀਆਂ ਦਾ ਝੰਡਾ ਚੁੱਕੀ ਘੁੰਮਦੇ ਸਨ। ਇਨ੍ਹਾਂ ਦਾ ਵੀ ਕਹਿਣਾ ਹੈ ਕਿ ਉਦੋਂ ਦੀ ਸਰਕਾਰ ‘ਚ ਉਨ੍ਹਾਂ ਦੇ ਨਾਲ ਵੀ ਜ਼ਿਆਦਤੀ ਹੋਈ ਹੈ। ਹੁਣ ਇਹ ਮੌਕਾ ਪ੍ਰਸਤੀ ਹੈ, ਜਾਂ ਫਿਰ ਹਕੀਕਤ, ਕਾਕਾ ਇਹੀ ਸੋਚ ਕੇ ਪ੍ਰੇਸ਼ਾਨ ਹੋ ਰਿਹਾ ਹੈ।
ਚੋਣ ਬਣੀ ਵਕਾਰ ਦਾ ਸਵਾਲ
ਗੁਰਦਾਸਪੁਰ ਲੋਕ ਸਭਾ ਸੀਟ ਜ਼ਿਆਦਾਤਰ ਤਾਂ ਬੀਜੇਪੀ ਕੋਲ ਰਹੀ ਹੈ। ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਇਹ ਸੀਟ ਕਈਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਹੁਣ ਇਸ ਸੀਟ ‘ਤੇ ਕੌਣ ਜਿੱਤਦਾ ਹੈ, ਇਹ ਤਹਿ ਕਰੇਗਾ ਕਿ ਪੰਜਾਬ ‘ਚ ਕਿਸਦੀ ਲਹਿਰ ਹੈ। ਇਸ ਨੂੰ ਦੇਖਦੇ ਹੋਏ ਇਸ ਸੀਟ ‘ਤੇ ਹਰ ਕੋਈ ਵੱਡਾ ਦਾਅ ਖੇਡਣ ਦੀ ਤਿਆਰੀ ‘ਚ ਹੈ। ਕੈਪਟਨ ਦੀ ਹਾਲ ਹੀ ‘ਚ ਸਰਕਾਰ ਬਣੀ, ਹੁਣ ਜੇਕਰ ਇਹ ਸੀਟ ‘ਤੇ ਜਿੱਤਦੇ ਹਨ ਤਾਂ ਉਨ੍ਹਾਂ ਦੀ ਇੱਜ਼ਤ ‘ਚ ਵਾਧਾ ਹੋਵੇਗਾ ਤੇ ਬੀਜੇਪੀ ਨੂੰ ਵੱਡਾ ਝਟਕਾ ਮੰਨਿਆ ਜਾਵੇਗਾ। ਇਧਰ ਕੇਜਰੀਵਾਲ ਵੀ ਪੰਜਾਬ ‘ਚ ਆਪਣੇ ਖੋਏ ਹੋਏ ਸਿਆਸੀ ਆਧਾਰ ਨੂੰ ਪਾਉਣ ਦੀ ਕੋਸ਼ਿਸ਼ ‘ਚ ਹਨ। ਹੁਣ ਦੇਖਣਾ ਇਹ ਹੈ ਕਿ ਇਹ ਸੀਟ ਕਿਸ ਦੇ ਵਕਾਰ ‘ਚ ਵਾਧਾ ਕਰਦੀ ਹੈ।
ਹੁਣ ਅਫ਼ਸਰ ਵੀ ਬੋਲਣ ਲੱਗੇ
ਪੰਜਾਬ ‘ਚ ਕਿਸਾਨ ਕਰਜ਼ ਮੁਆਫ਼ੀ ‘ਤੇ ਕਾਂਗਰਸੀ ਨੇਤਾਵਾਂ ਦੀ ਭਾਸ਼ਾ ਖਜ਼ਾਨਾ ਮਹਿਕਮੇ ਦੇ ਜ਼ਿੰਮੇਵਾਰ ਅਫ਼ਸਰ ਵੀ ਬੋਲਣ ਲੱਗੇ ਹਨ। ਕਹਿੰਦੇ ਹਨ ਕਿ ਕਰਜ਼ਾ ਮੁਆਫ਼ੀ ਜਲਦ ਹੀ ਲਾਗੂ ਹੋ ਜਾਵੇਗੀ। ਇਹ ਜਵਾਬ ਸੁਣਦੇ ਹੀ ਲਗਭਗ 6 ਮਹੀਨੇ ਬੀਤਣ ਨੂੰ ਆ ਗਏ। ਮਾਫ਼ੀ ਰਿਪੋਰਟ ਦੇ ਲਈ ਬਣਾਈ ਡਾ. ਟੀ. ਹਕ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਨੂੰ ਦਿੱਤੀ ਗਈ 60 ਦਿਨ ਦੀ ਮਿਆਦ ਨੂੰ ਵੀ ਦੁੱਗਣੇ ਤੋਂ ਜ਼ਿਆਦਾ ਸਮਾਂ ਲੰਘ ਚੱਲਿਆ ਹੈ। ਰਿਪੋਰਟ ਸਾਹਮਣੇ ਨਹੀਂ ਆਈ ਕਿ ਕਿੰਨੇ ਕਿਸਾਨਾਂ ਦੇ ਕਿੰਨੇ ਕਰੋੜ ਦੇ ਕਰਜ਼ ਮੁਆਫ਼ ਹੋਣਗੇ। ਰਿਪੋਰਟ ਮਿਲਣ ਦਾ ਦਾਅਵਾ ਕਰਨ ਵਾਲੇ ਸੀਐਮ ਇਸੇ ਲਈ ਜੱਗ ਜਾਹਿਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਮੁਆਫ਼ੀ ਦੇ ਲਈ 10,000 ਕਰੋੜ ਦਾ ਜੁਗਾੜ ਨਹੀਂ ਹੋ ਸਕਿਆ। ਕੈਪਟਨ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੀ ਚਾਰ ਵਾਰ ਮਿਲੇ ਪ੍ਰੰਤੂ ਹੱਥ ਕੁਝ ਨਹੀਂ ਲੱਗਿਆ। ਪਿਛਲੇ ਦਿਨੀਂ ਬੈਂਕਰਜ਼ ਕਮੇਟੀ ਦੀ ਮੀਟਿੰਗ ‘ਚ ਖਜ਼ਾਨਾ ਮਹਿਕਮੇ ਦੇ ਆਲਾ ਅਫ਼ਸਰਾਂ ਵੀ ਪੁੱਛਣ ‘ਤੇ ਇਹੀ ਜਵਾਬ ਸੀ ਕਿ ਸਬਰ ਕਰੋ ਕਰਜ਼ਾ ਮੁਆਫ਼ ਜਲਦੀ ਹੀ ਹੋਵੇਗਾ। ਇਹੀ ਰਾਗ ਕਾਂਗਰਸੀ ਨੇਤਾ ਅਲਾਪ ਰਹੇ ਹਨ। ਉਧਰ ਕਰਜ਼ਾ ਮੁਆਫ਼ੀ ਤੋਂ ਨਿਰਾਸ਼ ਨਿੱਤ ਦਿਨ 3-4 ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹਨ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …