Breaking News
Home / ਪੰਜਾਬ / ਮਾਲ ਵਿਭਾਗ ਦੀਆਂ ਜ਼ਰਬਾਂ ‘ਚ ਫਸ ਸਕਦੀ ਹੈ ਖ਼ਾਲਸਾ ‘ਵਰਸਿਟੀ

ਮਾਲ ਵਿਭਾਗ ਦੀਆਂ ਜ਼ਰਬਾਂ ‘ਚ ਫਸ ਸਕਦੀ ਹੈ ਖ਼ਾਲਸਾ ‘ਵਰਸਿਟੀ

_KHALSA_COLLEGE_AMRITSAR copy copyਜ਼ਮੀਨ ਦੇ ਮਾਲਕਾਂ ਵਾਲੇ ਖਾਨੇ ਵਿੱਚ ਸਰਕਾਰ ਤੇ ਕਈ ਹੋਰਾਂ ਦੇ ਨਾਂ; ਕਾਲਜ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵਧੀਆਂ
ਚੰਡੀਗੜ੍ਹ : ਖਾਲਸਾ ਕਾਲਜ ਅੰਮ੍ਰਿਤਸਰ ਦੀ ਪ੍ਰਬੰਧਕੀ ਕਮੇਟੀ ਦੇ ਕਬਜ਼ੇ ਹੇਠਲੀ ਜ਼ਮੀਨ ਦੇ ਮਾਲਕਾਨਾ ਹੱਕ ਵਾਲੇ ਖਾਨੇ ਵਿੱਚ ਸਰਕਾਰ ਅਤੇ ਆਮ ਵਿਅਕਤੀਆਂ ਦੇ ਨਾਵਾਂ ਦੀ ਮੌਜੂਦਗੀ ਕਾਰਨ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਾਲ ਵਿਭਾਗ ਦੇ ਰਿਕਾਰਡ ਵਿੱਚ ਜ਼ਮੀਨ ‘ਤੇ ਕਬਜ਼ਾ ਤਾਂ ਕਾਲਜ ਪ੍ਰਬੰਧਕੀ ਕਮੇਟੀ ਦਾ ਹੀ ਹੈ ਪਰ ਮਾਲਕੀ ਕਈ ਹੋਰ ਵਿਅਕਤੀਆਂ ਦੀ ਦਿਖਾਈ ਦੇ ਰਹੀ ਹੈ। ਇਹ ਤੱਥ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਾਈਵੇਟ ਯੂਨੀਵਰਸਿਟੀ ਸਥਾਪਤ ਕਰਨ ਲਈ ਰਿਕਾਰਡ ਦੀ ਕੀਤੀ ਜਾ ਰਹੀ ਘੋਖ ਦੌਰਾਨ ਸਾਹਮਣੇ ਆਏ ਹਨ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਇਨ੍ਹਾਂ ਤੱਥਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਹੈ ਕਿ ਪ੍ਰਬੰਧਕੀ ਕਮੇਟੀ ਨੇ ਕਾਲਜ ਦੀ ਸਥਾਪਨਾ ਕਰਨ ਸਮੇਂ ਸਰਕਾਰ ਤੋਂ ਜ਼ਮੀਨ ਖ਼ਰੀਦੀ ਸੀ, ਇਸ ਲਈ ਕਾਲਜ ਦੀ ਮਾਲਕੀ ‘ਤੇ ਕਬਜ਼ੇ ਦਾ ਕੋਈ ਰੱਫੜ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਵੀ ਜੇਕਰ ਕੋਈ ਤਰੁਟੀ ਰਹਿ ਗਈ ਹੋਵੇ ਤਾਂ ਉਸ ਨੂੰ ਦਰੁਸਤ ਕਰਾ ਲਿਆ ਜਾਵੇਗਾ। ਸੂਤਰਾਂ ਮੁਤਾਬਕ ਕਾਲਜ ਪ੍ਰਬੰਧਕੀ ਕਮੇਟੀ ਨੇ 350 ਏਕੜ ਰਕਬੇ ‘ਚ ‘ਖਾਲਸਾ ‘ਵਰਸਿਟੀ’ ਦੀ ਸਥਾਪਨਾ ਦਾ ਕੰਮ ਸ਼ੁਰੂ ਕੀਤਾ ਹੈ। ਉਸ ਜ਼ਮੀਨ ਦੇ ਵੱਡੇ ਹਿੱਸੇ ਦੇ ਮਾਲਕੀ ਵਾਲੇ ਖਾਨੇ ‘ਚ ਰਾਜ ਸਰਕਾਰ ਦਾ ਨਾਂ ਬੋਲਦਾ ਹੈ। ਇਸੇ ਤਰ੍ਹਾਂ 20 ਦੇ ਕਰੀਬ ਹੋਰ ਮਹਿਲਾਵਾਂ ਤੇ ਪੁਰਸ਼ਾਂ ਨੂੰ ਵੀ ਮੁਸ਼ਤਰਕਾਨਾ ਮਾਲਕ ਦਿਖਾਇਆ ਗਿਆ ਹੈ। ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਖੇਵਟ ਨੰਬਰ 520 ਖਤੌਨੀ ਨੰਬਰ 779 ਪ੍ਰੋਵਿੰਸ਼ੀਅਲ ਗੌਰਮਿੰਟ ਦੇ ਨਾਂ ਦਰਜ ਹੈ, ਜਿਸ ਦੇ ਖਸਰਾ ਨੰਬਰ 48 ਤੋਂ 136 ਹਨ। ਇਸ ਤਰ੍ਹਾਂ ਖੇਵਟ 447 ਖਤੌਨੀ 554 ‘ਤੇ ਹਰਭਜਨ ਕੌਰ ਪੁੱਤਰੀ ਲਛਮਣ ਸਿੰਘ ਪੁੱਤਰ ਕਾਲਾ ਸਿੰਘ ਦਾ ਨਾਮ ਹੈ। ਇਸ ਨਾਮ ਦੇ ਬਰਾਬਰ ਮਾਲਕੀ ਵਾਲੇ ਖਾਨੇ ਵਿੱਚ ਗਵਰਨਿੰਗ ਕੌਂਸਲ ਖਾਲਸਾ ਕਾਲਜ ਲਿਖਿਆ ਹੈ। ਖੇਵਟ 450 ਖਤੌਨੀ 627 ‘ਤੇ ਮਾਲਕੀ ਮੰਦਰ ਰਘੂਨਾਥ ਜੀ ਦੀ ਦਿਖਾਈ ਗਈ ਹੈ ਤੇ ਕਬਜ਼ਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਦਿਖਾਇਆ ਗਿਆ ਹੈ। ਜਮ੍ਹਾਂਬੰਦੀ ‘ਚ ਕਈ ਖੇਵਟਾਂ ‘ਚ ਆਮ ਵਿਅਕਤੀ ਗਵਰਨਿੰਗ ਕੌਂਸਲ ਦੇ ਨਾਲ ਹੀ ਮੁਸ਼ਤਰਕਾਨਾ (ਸਾਂਝੀ ਮਾਲਕੀ) ਮਾਲਕ ਤੇ ਕਾਬਜ਼ਕਾਰ ਵੀ ਦਿਖਾਏ ਗਏ ਹਨ। ਇਸ ਤਰ੍ਹਾਂ ਦੇ ਤੱਥਾਂ ਨੇ ਅੰਮ੍ਰਿਤਸਰ ਪ੍ਰਸ਼ਾਸਨ ਤੇ ਸਰਕਾਰ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ।
ਸਿੱਖਿਆ ਸੰਸਥਾਵਾਂ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ: ਮਜੀਠੀਆ
ਗਵਰਨਿੰਗ ਕੌਂਸਲ ਦੇ ਮੁਖੀ ਸੱਤਿਆਜੀਤ ਸਿੰਘ ਮਜੀਠੀਆ ਨੇ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਤੇ ਕਿੱਤਾਮੁਖੀ ਸਿੱਖਿਆ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨ ਸਿੱਖਿਆ ਸੰਸਥਾਵਾਂ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਉਣ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਪ੍ਰਾਈਵੇਟ ਯੂਨੀਵਰਸਿਟੀ ਦੀ ਸਥਾਪਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …