Breaking News
Home / ਪੰਜਾਬ / ਸੀਬੀਐੱਸਈ : ਸਕੂਲਾਂ ‘ਚ ਵਧੇਰੇ ਭਾਰਤੀ ਭਾਸ਼ਾਵਾਂ ਪੜ੍ਹਾਉਣ ਦੀ ਹਦਾਇਤ

ਸੀਬੀਐੱਸਈ : ਸਕੂਲਾਂ ‘ਚ ਵਧੇਰੇ ਭਾਰਤੀ ਭਾਸ਼ਾਵਾਂ ਪੜ੍ਹਾਉਣ ਦੀ ਹਦਾਇਤ

ਮਾਤ ਭਾਸ਼ਾ ਵਿੱਚ ਸਿੱਖਿਆ ਯਕੀਨੀ ਬਣਾਉਣ ਲਈ ਆਖਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਹਦਾਇਤ ਕੀਤੀ ਹੈ ਕਿ ਸਕੂਲ ਵੱਧ ਤੋਂ ਵੱਧ ਭਾਰਤੀ ਭਾਸ਼ਾਵਾਂ ਪੜ੍ਹਾਉਣ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਇਨ੍ਹਾਂ ਭਾਸ਼ਾਵਾਂ ਦੇ ਨਾਲ ਮਾਤ ਭਾਸ਼ਾ ਪੜ੍ਹਾਉਣਾ ਵੀ ਯਕੀਨੀ ਬਣਾਇਆ ਜਾਵੇ।
ਇਸ ਸਬੰਧੀ ਬੋਰਡ ਨੇ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਵਿਚ ਆਖਿਆ ਗਿਆ ਹੈ ਕਿ ਸਕੂਲਾਂ ‘ਚ ਭਾਰਤੀ ਭਾਸ਼ਾਵਾਂ ਪੜ੍ਹਾਉਣ ਦੇ ਰਾਹ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਲੱਭਿਆ ਜਾਵੇ ਅਤੇ ਮੌਜੂਦਾ ਪ੍ਰਬੰਧਾਂ, ਵਸੀਲਿਆਂ ਤੇ ਹੋਰ ਸਾਧਨਾਂ ਦੀ ਸਮੀਖਿਆ ਕੀਤੀ ਜਾਵੇ।
ਜਾਣਕਾਰੀ ਅਨੁਸਾਰ ਦੇਸ਼ ਭਰ ਦੇ ਸਕੂਲਾਂ ਵਿੱਚ 22 ਭਾਰਤੀ ਭਾਸ਼ਾਵਾਂ ਪੜ੍ਹਾਉਣ ‘ਤੇ ਵਿਚਾਰ ਹੋ ਰਿਹਾ ਹੈ। ਇਨ੍ਹਾਂ ਭਾਸ਼ਾਵਾਂ ਨੂੰ ਸੂਬਿਆਂ ਦੀ ਲੋੜ ਅਨੁਸਾਰ ਪੜ੍ਹਾਇਆ ਜਾਵੇਗਾ। ਇਸ ਲਈ ਕੇਂਦਰੀ ਸਿੱਖਿਆ ਮੰਤਰਾਲੇ ਤੇ ਸੀਬੀਐਸਈ ਦਾ ਮਕਸਦ ਵਿਦਿਆਰਥੀਆਂ ਨੂੰ ਭਾਸ਼ਾਈ ਵਿਭਿੰਨਤਾ ਜ਼ਰੀਏ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਤੇ ਅਕਾਦਮਿਕ ਪੱਖ ਤੋਂ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ ਕੇਂਦਰ ਨੇ ਐਨਸੀਈਆਰਟੀ ਨੂੰ 22 ਭਾਸ਼ਾਵਾਂ ਵਿੱਚ ਪੁਸਤਕਾਂ ਛਪਵਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਅਗਲੇ ਸਾਲ ਅਪਰੈਲ ਤੋਂ ਵਿਦਿਆਰਥੀਆਂ ਨੂੰ ਭਾਸ਼ਾਈ ਵਿਭਿੰਨਤਾ ਤਹਿਤ ਪੜ੍ਹਾਇਆ ਜਾ ਸਕੇ।
ਜਾਣਕਾਰੀ ਅਨੁਸਾਰ ਨਵੀਂ ਸਿੱਖਿਆ ਨੀਤੀ 2020 ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਵਿਦਿਆਰਥੀਆਂ ਨੂੰ ਘੱਟੋ-ਘੱਟ ਪੰਜਵੇਂ ਗਰੇਡ ਤੱਕ ਮਾਤਾ ਭਾਸ਼ਾ ਵਿਚ ਸਿੱਖਿਆ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਤ ਭਾਸ਼ਾ ਨੂੰ ਸਕੂਲੀ ਸਿੱਖਿਆ ਤੋਂ ਬਾਅਦ ਉਚ ਸਿੱਖਿਆ ਤਕ ਲੈ ਕੇ ਜਾਣ ਦਾ ਟੀਚਾ ਦਿੱਤਾ ਹੈ। ਸੀਬੀਐਸਈ ਦੇ ਡਾਇਰੈਕਟਰ ਅਕਾਦਮਿਕ ਡਾ. ਜੋਸਫ ਇਮੈਨੂਅਲ ਨੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਸ਼ਡਿਊਅਲ 8 ਤਹਿਤ ਸਕੂਲ ਬਹੁ-ਭਾਸ਼ਾਵਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪਹਿਲਕਦਮੀ ਕਰਨ। ਉਹ ਆਪਣੇ ਸਕੂਲ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਤੋਂ ਸੈਕੰਡਰੀ ਪੱਧਰ ਦੀਆਂ ਜਮਾਤਾਂ ਤਕ ਪੜ੍ਹਾਏ ਜਾਂਦੇ ਮਾਧਿਅਮ ਤੋਂ ਇਲਾਵਾ ਖੇਤਰੀ ਤੇ ਮਾਤ ਭਾਸ਼ਾ ਵਿਚ ਪੜ੍ਹਾਉਣ ਦੇ ਯਤਨ ਕਰਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਲਈ ਸਕੂਲਾਂ ਨੂੰ ਬਹੁ ਭਾਸ਼ਾਵਾਂ ਪੜ੍ਹਾਉਣ ਲਈ ਮਾਹਿਰ ਅਧਿਆਪਕਾਂ ਤੇ ਪੁਸਤਕਾਂ ਦੀ ਅਣਹੋਂਦ ਆਦਿ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋ ਸ਼ਿਫਟਾਂ ਵਿੱਚ ਚੱਲਦੇ ਸਰਕਾਰੀ ਸਕੂਲਾਂ ਨੂੰ ਸਮੇਂ ਤੇ ਹੋਰ ਚੁਣੌਤੀਆਂ ਵੀ ਦਰਪੇਸ਼ ਹੋਣਗੀਆਂ ਪਰ ਇਸ ਲਈ ਕੇਂਦਰੀ ਸਿੱਖਿਆ ਮੰਤਰਾਲਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਹੋਰ ਸਕੂਲਾਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਦੇ ਹੋਰ ਭਾਸ਼ਾਵਾਂ ਦੇ ਮਾਹਿਰ ਅਧਿਆਪਕਾਂ ਨਾਲ ਗੱਲਬਾਤ ਕਰਨ ਤਾਂ ਕਿ ਮਾਤ ਭਾਸ਼ਾ ਨੂੰ ਹੁਲਾਰਾ ਮਿਲ ਸਕੇ।

 

Check Also

ਸੰਯੁਕਤ ਕਿਸਾਨ ਮੋਰਚਾ 14 ਮਾਰਚ ਨੂੰ ਦਿੱਲੀ ’ਚ ਕਰੇਗਾ ਮਹਾਂਪੰਚਾਇਤ

ਲੁਧਿਆਣਾ ’ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ’ਚ ਲਿਆ ਗਿਆ ਫੈਸਲਾ ਲੁਧਿਆਣਾ/ਬਿਊਰੋ ਨਿਊਜ਼ …