ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਤਿੰਨ ਦਰਜਨ ਤੋਂ ਵੱਧ ਵਿਧਾਇਕਾਂ ਨੇ ਆਪਣੇ ਦਸਤਖ਼ਤ ਕਰਕੇ ਮੁੱਖ ਮੰਤਰੀ ਨੂੰ ਦਿੱਲੀ ਵਿੱਚ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਮਜੀਠੀਆ ਵਿਰੁੱਧ ਕਾਰਵਾਈ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਵਿਧਾਇਕਾਂ ਨੂੰ ਇਹ ਮਾਮਲਾ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੱਕ ਅੱਗੇ ਪਾਉਣ ਲਈ ਕਿਹਾ ਗਿਆ ਹੈ ਤੇ ਵਿਧਾਇਕਾਂ ਨੇ ਇਸ ਬਾਰੇ ਸਹਿਮਤੀ ਦੇ ਦਿੱਤੀ ਹੈ।
ਕਾਂਗਰਸ ਨੇ ਚੋਣਾਂ ਵਿੱਚ ਵਾਅਦਾ ਕੀਤਾ ਸੀ ਕਿ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ, ਖ਼ਾਸ ਕਰਕੇ ਚਿੱਟੇ ਦੇ ਸੌਦਾਗਰਾਂ ਵਿਰੁੱਧ ਮੁਹਿੰਮ ਚਲਾਈ ਜਾਵੇਗੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਤਤਕਾਲੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਬਠਿੰਡਾ ਵਿੱਚ ਕੀਤੀ ਤਾਜਪੋਸ਼ੀ ਰੈਲੀ ਵਿੱਚ ਗੁਟਕਾ ઠਸਿਰ ‘ਤੇ ਰੱਖ ਕੇ ਅਹਿਦ ਲਿਆ ਸੀ ਕਿ ਉਹ ਸੱਤਾ ਸੰਭਾਲਣ ਦੇ 28 ਦਿਨਾਂ ਅੰਦਰ ਚਿੱਟੇ ਦਾ ਸਫ਼ਾਇਆ ਕਰ ਦੇਣਗੇ। ਕਾਂਗਰਸ ਸਰਕਾਰ ਨੇ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਬਣਾ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਦਿੱਤੀ, ਪਰ ਅਜੇ ਤੱਕ ਟਾਸਕ ਫੋਰਸ ਦੇ ਹੱਥ ਕੋਈ ਵਿਵਾਦਿਤ ਤਸਕਰ ਨਹੀਂ ਲੱਗਾ ਹੈ। ਕਾਂਗਰਸ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਸ ਹੈ ਕਿ ਕੈਪਟਨ ਨੇ ਸੱਤਾ ਸੰਭਾਲਣ ਤੋਂ ਫੌਰੀ ਬਾਅਦ ਲੰਬੀ ਹਲਕੇ ਦੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਜੇਲ੍ਹ ਡੱਕਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਇਸ ਐਲਾਨ ‘ਤੇ ਅਮਲ ਨਹੀਂ ਕੀਤਾ ਗਿਆ, ਸਗੋਂ ਉਸ ਦੀ ਸੁਰੱਖਿਆ ਤੱਕ ਨੂੰ ਵੀ ਨਹੀਂ ਛੇੜਿਆ ਗਿਆ। ਕਾਂਗਰਸ ਵਿਧਾਇਕ ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਵੀ ਇਹ ਮਾਮਲਾ ਉਠਾਉਂਦਿਆ ਕਿਹਾ ਸੀ ਕਿ ਕੈਪਟਨ ਏਨੇ ਨਰਮ ਦਿਲ ਹਨ ਕਿ ਉਨ੍ਹਾਂ ਨੇ ਕੋਲਿਆਂਵਾਲੀ ਨੂੰ ‘ਖ਼ਤਰੇ’ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵਾਪਸ ਨਹੀਂ ਲਈ, ਪਰ ਜਿਸ ਦਿਨ ਸਬੂਤ ਹੱਥ ਲੱਗੇ, ਉਸ ਦਿਨ ਕਾਰਵਾਈ ਲਾਜ਼ਮੀ ਕਰਨਗੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਜੀਠੀਆ ਨੇ ਪੁਲਿਸ ਵੱਲੋਂ ਅਕਾਲੀ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਮੁੱਦੇ ਨੂੰ ਲੈ ਕੇ ਮਾਝੇ ਦੇ ਕਾਂਗਰਸੀ ਵਿਧਾਇਕਾਂ, ਖ਼ਾਸ ਕਰਕੇ ਸੀਨੀਅਰ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਤਿੱਖੀ ਬਿਆਨਬਾਜ਼ੀ ਕੀਤੀ ਸੀ। ਕਾਂਗਰਸੀ ਵਿਧਾਇਕਾਂ ਤੇ ਆਗੂਆਂ ਵਿੱਚ ਚਰਚਾ ਹੈ ਕਿ ਮੁੱਖ ਮੰਤਰੀ ਅਕਾਲੀ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਿੱਛੇ ਹਟ ਰਹੇ ਹਨ।