ਚੰਡੀਗੜ੍ਹ, ਫਰੀਦਾਬਾਦ ਅਤੇ ਪਟਿਆਲਾ’ਚ ਬਣਾਏ ਗਏ ਹਸਪਤਾਲ
ਚੰਡੀਗੜ੍ਹ : ਕਰੋਨਾ ਵਾਇਰਸ ਮਹਾਮਾਰੀ ਖਿਲਾਫ ਲੜਾਈ ਵਿਚ ਸੂਬਾ ਸਰਕਾਰਾਂ ਦੀ ਮਦਦ ਕਰਨ ਦੇ ਮਕਸਦ ਨਾਲ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਚੰਡੀਗੜ੍ਹ, ਫ਼ਰੀਦਾਬਾਦ ਤੇ ਪਟਿਆਲਾ ਵਿਚ 100-100 ਬੈੱਡ ਦੇ ਤਿੰਨ ਹਸਪਤਾਲ ਸਥਾਪਤ ਕੀਤੇ ਗਏ ਹਨ। ਭਾਰਤੀ ਫ਼ੌਜ ਵੱਲੋਂ ਇਹ ਹਸਪਤਾਲ ਇਸੇ ਸਾਲ ਮਾਰਚ ਵਿਚ ਸ਼ੁਰੂ ਹੋਏ ‘ਅਪਰੇਸ਼ਨ ਨਮਸਤੇ’ ਅਧੀਨ ਸਥਾਪਤ ਕੀਤੇ ਗਏ ਹਨ।
ਪੱਛਮੀ ਕਮਾਂਡ ਦੇ ਜਨਰਲ ਆਫ ਕਮਾਂਡਿੰਗ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੌਮਾਂਤਰੀ ਵਿਦਿਆਰਥੀਆਂ ਦੇ ਹੋਸਟਲ ਵਿਚ 100 ਬੈੱਡ ਦੇ ਪਹਿਲੇ ਹਸਪਤਾਲ ਦੀ ਕਾਰਜਸ਼ੀਲਤਾ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੀ ਹਾਜ਼ਰ ਸਨ। ਰੱਖਿਆ ਮੰਤਰਾਲੇ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਅਨੁਸਾਰ ਦੂਜਾ 100 ਬੈੱਡ ਦਾ ਇਕ ਹਸਪਤਾਲ ਹਰਿਆਣਾ ਦੇ ਫ਼ਰੀਦਾਬਾਦ ਵਿਚ ਸਥਿਤ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ ਅਤੇ ਤੀਜਾ ਹਸਪਤਾਲ ਪੰਜਾਬ ਦੇ ਪਟਿਆਲਾ ‘ਚ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸਥਾਪਤ ਕੀਤਾ ਜਾਵੇਗਾ। ਫੌਜ ਵੱਲੋਂ ਇਨ੍ਹਾਂ ਹਸਪਤਾਲਾਂ ਵਿਚ ਆਈਸੀਐੱਮਆਰ ਦੀਆਂ ਹਦਾਇਤਾਂ ਮੁਤਾਬਕ ਮਰੀਜ਼ਾਂ ਦੇ ਇਲਾਜ ਲਈ ਆਪਣੇ ਡਾਕਟਰ, ਨਰਸਿੰਗ ਅਫ਼ਸਰ ਤੇ ਪੈਰਾ ਮੈਡੀਕਲ ਸਟਾਫ਼ ਲਗਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਸਪਤਾਲਾਂ ਵਿਚ ਮੁੱਢਲੀਆਂ ਸਹੂਲਤਾਂ, ਸੇਵਾ ਪ੍ਰਬੰਧਨ, ਆਕਸੀਜਨ ਦੀ ਨਿਰਵਿਘਨ ਸਪਲਾਈ ਅਤੇ ਐਂਬੂਲੈਂਸ ਸੇਵਾਵਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਦੌਰਾਨ ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ ਨੇ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਰੋਨਾ ਵਾਇਰਸ ਖਿਲਾਫ ਲੜਾਈ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।