10.3 C
Toronto
Tuesday, October 28, 2025
spot_img
Homeਪੰਜਾਬਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ 400 ਬਿਸਤਰਿਆਂ ਦਾ ਕੋਵਿਡ ਕੇਂਦਰ ਸ਼ੁਰੂ

ਗੁਰਦੁਆਰਾ ਰਕਾਬ ਗੰਜ ਦਿੱਲੀ ਵਿਖੇ 400 ਬਿਸਤਰਿਆਂ ਦਾ ਕੋਵਿਡ ਕੇਂਦਰ ਸ਼ੁਰੂ

ਦਿੱਲੀ ਸਰਕਾਰ ਨੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਕਰਵਾਇਆ ਮੁਹੱਈਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸਥਾਪਤ ਕੀਤਾ ਗਿਆ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ 400 ਬੈੱਡ ਵਾਲਾ ਕਰੋਨਾ ਕੇਅਰ ਸੈਂਟਰ ਸ਼ੁਰੂ ਕਰ ਦਿੱਤਾ ਹੈ ਤੇ ਦਿੱਲੀ ਸਰਕਾਰ ਇਸ ਉਪਰਾਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਇਸ ਪਹਿਲਕਦਮੀ ਲਈ ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਤੇ ਇਹ ਵੀ ਦੱਸਿਆ ਕਿ ਸੈਂਟਰ ਨੂੰ ਐੱਲਐੱਨਜੇਪੀ ਹਸਪਤਾਲ ਨਾਲ ਜੋੜਿਆ ਗਿਆ ਹੈ ਤਾਂ ਜੋ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਉੱਥੇ ਰੈਫ਼ਰ ਕੀਤਾ ਜਾਵੇ ਅਤੇ ਮਰੀਜ਼ ਦਾ ਆਈਸੀਯੂ ਵਿੱਚ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦਾ ਸਾਰਾ ਬੁਨਿਆਦੀ ਢਾਂਚਾ ਦਿੱਲੀ ਗੁਰਦੁਆਰਾ ਕਮੇਟੀ ਨੇ ਤਿਆਰ ਕੀਤਾ ਹੈ ਜਦਕਿ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦਿੱਲੀ ਸਰਕਾਰ ਨੇ ਮੁਹੱਈਆ ਕਰਵਾਇਆ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਦਿੱਲੀ ਵਿਚ ਹੁਣ ਹਾਲਾਤ ਤੇਜ਼ੀ ਨਾਲ ਠੀਕ ਹੋ ਰਹੇ ਹਨ ਤੇ ਰੋਜ਼ਾਨਾ ਦੇ ਨਵੇਂ ਕੇਸਾਂ ਦੀ ਗਿਣਤੀ 28 ਹਜ਼ਾਰ ਤੋਂ ਘੱਟ ਕੇ ਅੱਧੀ ਨਾਲੋਂ ਵੀ ਘੱਟ 13 ਹਜ਼ਾਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਕਰੋਨਾ ਦੀ ਦੂਜੀ ਲਹਿਰ ਤੋਂ ਅਣਜਾਣ ਸੀ ਪਰ ਹੁਣ ਸਥਿਤੀ ਦੇ ਟਾਕਰੇ ਲਈ ਉਹ ਤਿਆਰ ਹਨ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ। ਉੱਧਰ, ਸਿਰਸਾ ਨੇ ਇਸ ਉਪਰਾਲੇ ਵਿਚ ਸਹਿਯੋਗ ਦੇਣ ਤੇ ਸੈਂਟਰ ਲਈ ਮੈਡੀਕਲ ਸਟਾਫ਼ ਮੁਹੱਈਆ ਕਰਨ ਲਈ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮਰੀਜ਼ਾਂ ਨੂੰ ਆਕਸੀਜਨ ਤੋਂ ਇਲਾਵਾ ਦਵਾਈਆਂ ਤੇ ਖਾਣਾ ਦਿੱਤਾ ਜਾਵੇਗਾ ਅਤੇ ਸਾਰੀ ਸੇਵਾ ਮੁਫ਼ਤ ਹੋਵੇਗੀ।

 

RELATED ARTICLES
POPULAR POSTS