19 ਮਾਰਚ ਤੱਕ ਆਨਲਾਈਨ ਅਰਜ਼ੀਆਂ ਮੰਗੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਕੂਲਾਂ ਵਿਚ ਇਸ ਵਾਰ ਅਪ੍ਰੈਲ ਵਿਚ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਘਾਟ ਨਹੀਂ ਰਹੇਗੀ। ਸਿੱਖਿਆ ਵਿਭਾਗ ਨੇ ਜੂਨ ਮਹੀਨੇ ਦੀ ਜਗ੍ਹਾ ਮਾਰਚ ਵਿਚ ਹੀ ਕਰਮਚਾਰੀਆਂ ਦੀਆਂ ਬਦਲੀਆਂ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸਦੇ ਚੱਲਦਿਆਂ ਚਾਹਵਾਨ ਅਧਿਆਪਕ, ਕੰਪਿਊਟਰ ਫੈਕਲਟੀ ਅਤੇ ਨੌਨ ਟੀਚਿੰਗ ਸਟਾਫ 19 ਮਾਰਚ ਤੱਕ ਆਪਣੀਆਂ ਬਦਲੀਆਂ ਲਈ ਆਨਲਾਈਨ ਅਪਲਾਈ ਕਰ ਸਕਣਗੇ। ਇਨ੍ਹਾਂ ਬਦਲੀਆਂ ਲਈ ਇਕ ਸਾਲ ਦੀ ਐਨੂਅਲ ਕੌਨਫੀਡੈਨਸ਼ੀਅਲ ਰਿਪੋਰਟ (ਏ.ਸੀ.ਆਰ.) ਵੀ ਦੇਖੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦੱਸਿਆ ਗਿਆ ਕਿ ਇਹ ਸਾਰੀ ਪ੍ਰਕਿਰਿਆ ਆਨਲਾਈਨ ਹੀ ਹੋਵੇਗੀ ਅਤੇ ਔਫਲਾਈਨ ਅਰਜ਼ੀਆਂ ਮਨਜੂਰ ਨਹੀਂ ਕੀਤੀਆਂ ਜਾਣਗੀਆਂ।