Home / Uncategorized / ‘ਜੀਟੀਏ ਗੋ ਟਰਾਂਜ਼ਿਟ ਰੇਲ ਪ੍ਰੋਜੈਕਟ’ ਲਈ ਨਿਵੇਸ਼ ਕੀਤੇ ਜਾਣ ਵਾਲੇ 1.8 ਬਿਲੀਅਨ ਡਾਲਰ ਦਾ ਲਾਭ ਬਰੈਂਪਟਨ ਨੂੰ ਵੀ ਮਿਲੇਗਾ

‘ਜੀਟੀਏ ਗੋ ਟਰਾਂਜ਼ਿਟ ਰੇਲ ਪ੍ਰੋਜੈਕਟ’ ਲਈ ਨਿਵੇਸ਼ ਕੀਤੇ ਜਾਣ ਵਾਲੇ 1.8 ਬਿਲੀਅਨ ਡਾਲਰ ਦਾ ਲਾਭ ਬਰੈਂਪਟਨ ਨੂੰ ਵੀ ਮਿਲੇਗਾ

ਸੋਨੀਆ ਸਿੱਧੂ ਨੇ ਕੀਤੀ ਫੈੱਡਰਲ ਤੇ ਸੂਬਾਈ ਸਰਕਾਰਾਂ ਦੀ ਭਾਰੀ ਸ਼ਲਾਘਾ
ਬਰੈਂਪਟਨ/ਬਿਊਰੋ ਨਿਊਜ਼ : ਆਧੁਨਿਕ ਅਤੇ ਸੁਯੋਗ ਤੇਜ਼-ਰਫ਼ਤਾਰ ਪਬਲਿਕ ਟਰਾਂਜ਼ਿਟ ਸਿਸਟਮ ਨਾਲ ਲੋਕਾਂ ਦਾ ਆਉਣ ਜਾਣ ਦਾ ਸਮਾਂ ਬੱਚਦਾ ਹੈ ਅਤੇ ਉਹ ਵਧੇਰੇ ਸਮਾਂ ਆਪਣੇ ਪਰਿਵਾਰਾਂ ਨਾਲ ਬਿਤਾ ਸਕਦੇ ਹਨ। ਇਸ ਨਾਲ ਹਵਾ-ਪ੍ਰਦੂਸ਼ਣ ਘੱਟ ਹੁੰਦਾ ਹੈ ਅਤੇ ਦੇਸ਼ ਦੀ ਅਰਥ-ਵਿਵਸਥਾ ਮਜ਼ਬੂਤ ਹੁੰਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਫ਼ੈੱਡਰਲ ਸਰਕਾਰ ਗਰੇਟਰ ਗੋਲਡਨ ਹੌਰਸ-ਸ਼ੂਅ ਏਰੀਆ ਗੋ-ਟਰਾਂਜ਼ਿਟ ਰਿਜਨਲ ਐੱਕਸਪਰੈੱਸ ਰੇਲ ਪ੍ਰਾਜੈੱਕਟ ਲਈ 1.8 ਬਿਲੀਅਨ ਡਾਲਰ ਪੂੰਜੀ ਨਿਵੇਸ਼ ਕਰੇਗੀ। ਇਸ ਦੇ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਦੱਸਿਆ ਕਿ ਇਸ ਵੱਡੇ ਪ੍ਰਾਜੈਕਟ ਦਾ ਫ਼ਾਇਦਾ ਬਰੈਂਪਟਨ ਨੂੰ ਵੀ ਹੋਵੇਗਾ।
ਸੋਨੀਆ ਨੇ ਕਿਹਾ,”ਮੈਂ ਸ਼ੁਰੂ ਤੋਂ ਹੀ ‘ਗਰਿੱਡਲਾਕਸ’ (ਟਰੈਫਕ ਜੈਮਾਂ) ਬਾਰੇ ਆਪਣੀ ਆਵਾਜ਼ ਉਠਾਉਂਦੀ ਰਹੀ ਹਾਂ। ਇਨ੍ਹਾਂ ਜੈਮਾਂ ਦੇ ਕਾਰਨ ਹਰ ਸਾਲ ਕੈਨੇਡਾ ਦੇ ਅਰਥਚਾਰੇ ਨੂੰ ਬਿਲੀਅਨ ਡਾਲਰਾਂ ਦਾ ਘਾਟਾ ਸਹਿਣਾ ਪੈਂਦਾ ਹੈ। ਸ਼ਹਿਰੀ ਮਿਊਂਨਿਸਿਪਲਿਟੀਆਂ ਨੇ ਸੜਕਾਂ ਦੀ ਉਸਾਰੀ ਕਰਨੀ ਹੁੰਦੀ ਹੈ ਅਤੇ ਫ਼ੈੱਡਰਲ ਤੇ ਸੂਬਾਈ ਸਰਕਾਰਾਂ ਨੇ ਇਨ੍ਹਾਂ ਲਈ ਫ਼ੰਡ ਮੁਹੱਈਆ ਕਰਨੇ ਹੁੰਦੇ ਹਨ। ਵਧੀਆ ਟਰਾਂਜ਼ਿਟ ਸਿਸਟਮ ਹੀ ਇਸ ਗਰਿੱਡਲਾਕ ਦਾ ਵੱਡਾ ਹੱਲ ਹੈ। ਤਾਂ ਹੀ ਮੈਨੂੰ ਗੋ ਟਰਾਂਜ਼ਿਟ ਸਿਸਟਮ, ਖ਼ਾਸ ਤੌਰ ‘ਤੇ ਕਿਚਨਰ-ਬਰੈਂਪਟਨ ਕੌਰੀਡੋਰ ਵਾਲੇ ਪੜਾਅ ਵਿੱਚ ਹੋ ਰਹੇ ਇਸ ਨਿਵੇਸ਼ ‘ਤੇ ਭਾਰੀ ਖੁਸ਼ੀ ਹੋ ਰਹੀ ਹੈ।
ਉਨ੍ਹਾਂ ਹੋਰ ਕਿਹਾ ਕਿ ਓਨਟਾਰੀਓ ਸਰਕਾਰ ਦੇ ਮਿਲਵਰਤਣ ਨਾਲ ਇਹ ਸੱਭ ਤੋਂ ਵੱਡਾ ਪ੍ਰਾਜੈੱਕਟ ਹੋਵੇਗਾ ਜਿਸ ਵਿੱਚ ਫੈੱਡਰਲ ਸਰਕਾਰ ਏਨੀ ਪੂੰਜੀ ਜੁਟਾਉਣ ਜਾ ਰਹੀ ਹੈ। ਅਰਬਨ ਟਰਾਂਜ਼ਿਟ ਨੈੱਟਵਰਕ ਅਤੇ ਸੇਵਾਵਾਂ ਵਧਾਉਣ ਦੇ ਅਗਲੇ ਪੜਾਅ ਲਈ ਬੱਜਟ-2017 ਵਿੱਚ ਦੁਵੱਲੇ ਸਮਝੌਤਿਆਂ ਅਧੀਨ ਆਉਂਦੇ 11 ਸਾਲਾਂ ਲਈ 20.1 ਬਿਲੀਅਨ ਅਤੇ ਕੈਨੇਡਾ ਇਨਫ਼ਰਾ-ਸਟਰੱਕਚਰ ਬੈਂਕ ਰਾਹੀਂ 5 ਬਿਲੀਅਨ ਦੀ ਰਕਮ ਰੱਖੀ ਗਈ ਹੈ। ਇਸ ਦੇ ਨਾਲ ਕੈਨੇਡਾ-ਵਾਸੀਆਂ ਦੀ ਰਹਿਣੀ-ਬਹਿਣੀ ਅਤੇ ਉਨ੍ਹਾਂ ਦੇ ਕੰਮਾਂ ‘ਤੇ ਆਉਣ-ਜਾਣ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਹੋਵੇਗਾ। ਨਿਊ ਬਿਲਡਿੰਗ ਕੈਨੇਡਾ ਫ਼ੰਡ ਵੱਲੋਂ ਦਿੱਤੀ ਜਾਣ ਵਾਲੀ 1.899 ਡਾਲਰ ਦੀ ਰਕਮ ਨਾਲ ਮੱਧ-ਵਰਗੀਆਂ ਨੂੰ ਹੋਰ ਨੌਕਰੀਆਂ ਮਿਲਣਗੀਆਂ ਅਤੇ ਟਰਾਂਜ਼ਿਟ ਸਿਸਟਮ ਬੇਹਤਰ ਹੋਣ ਨਾਲ ਲੋਕਾਂ ਦਾ ਸਮਾਂ ਬਚੇਗਾ ਜੋ ਉਹ ਆਪਣੇ ਪਿਆਰਿਆਂ-ਦੁਲਾਰਿਆਂ ਨਾਲ ਬਿਤਾ ਸੱਕਣਗੇ। ਵਰਨਣਯੋਗ ਹੈ ਕਿ ‘ਰਿਜਨਲ ਐੱਕਸਪਰੈਸ ਰੇਲ’ ਨਾਂ ਦੇ ਇਸ ਪ੍ਰਾਜੈੱਕਟ ਵਿੱਚ ਵਿੱਚ ਕਿਚਨਰ ਲਾਈਨ ਜੋ ਬਰੈਂਪਟਨ ਵਿੱਚੋਂ ਲੰਘਦੀ ਹੈ, ਵੀ ਸ਼ਾਮਲ ਹੈ ਜਿਸ ਉੱਪਰ 750 ਡਾਲਰ ਰਕਮ ਖ਼ਰਚ ਕੀਤੀ ਜਾਵੇਗੀ ਅਤੇ ਇਹ ਹੋਣ ਵਾਲੇ ਕੁੱਲ ਖ਼ਰਚੇ ਦਾ 40 ਫ਼ੀਸਦੀ ਬਣਦਾ ਹੈ। ਐੱਮ. ਪੀ. ਸਿੱਧੂ ਨੇ ਕਿਹਾ, ਇਹ ਸਾਡੇ ਲਈ ਬੜੀ ਵੱਡੀ ਖ਼ਬਰ ਹੈ। ਇਸ ਨਾਲ ਸਾਡੀਆਂ ਰੇਲ-ਗੱਡੀਆਂ ਹੋਰ ਤੇਜ਼ ਅਤੇ ਨਿਯਮਤ ਤਰੀਕੇ ਨਾਲ ਚੱਲਣਗੀਆਂ ਅਤੇ ਸਾਡੇ ਸ਼ਹਿਰ ਬਰੈਂਪਟਨ ਨੂੰ ਦੇਸ਼ ਦੇ ਅਰਥਚਾਰੇ ਅਤੇ ਖੋਜੀ-ਅਦਾਰਿਆਂ ਨਾਲ ਜੁੜਨ ਦੇ ਹੋਰ ਮੌਕੇ ਮਿਲਣਗੇ। ਮੈਂ ਇਸ ਨੂੰ ਬਰੈਂਪਟਨ ਸਾਊਥ ਦੇ ਪਰਿਵਾਰਾਂ ਦੇ ਜੀਵਨ ਵਿੱਚ ਸਹੀ ਤਬਦੀਲੀ ਲਿਆਉਣ ਵਜੋਂ ਵੇਖਦੀ ਹਾਂ। ਉਨ੍ਹਾਂ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਬਲਿਕ ਟਰਾਂਜ਼ਿਟ ਇਨਫ਼ਰਾ-ਸਟਰੱਕਚਰ ਅਧੀਨ 300 ਹੋਰ ਪ੍ਰਾਜੈੱਕਟਾਂ ਦੀ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਵਿੱਚੋਂ 50 ਬਰੈਂਪਟਨ ਦੇ ਨਾਲ ਲੱਗਦੇ ਸ਼ਹਿਰ ਮਿਸੀਸਾਗਾ ਵਿੱਚ ਹਨ।

Check Also

ਐਨ ਏ ਸੀ ਆਈ ਵੱਲੋਂ ਪਹਿਲਾਂ ਲਈ ਗਈ ਵੈਕਸੀਨ ਦੀ ਹੀ ਦੂਜੀ ਡੋਜ਼ ਦੇਣ ਦੀ ਸਿਫਾਰਿਸ਼

ਟੋਰਾਂਟੋ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨੂੰ …