![](https://parvasinewspaper.com/wp-content/uploads/2024/03/Arvind-Kejriwal.jpg)
ਕਿਹਾ : ਵੋਟ ਬੈਂਕ ਲਈ ਗੰਦੀ ਰਾਜਨੀਤੀ ਕਰ ਰਹੀ ਹੈ ਭਾਜਪਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਸਿਟੀਜਨ ਅਮੈਂਡਮੈਂਟ ਐਕਟ (ਸੀਏਏ) ਦਾ ਵਿਰੋਧ ਕੀਤਾ ਹੈ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਭਾਜਪਾ ਵੋਟ ਬੈਂਕ ਲਈ ਗੰਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 10 ਸਾਲ ਭਾਰਤ ’ਚ ਰਾਜ ਕਰਨ ਤੋਂ ਬਾਅਦ ਮੋਦੀ ਸਰਕਾਰ ਨੂੰ ਹੁਣ ਲੋਕ ਸਭਾ ਚੋਣਾਂ ਮੌਕੇ ਸੀਏਏ ਦੀ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸੀਏਏ ਲੈ ਕੇ ਆਈ ਹੈ। ਕੇਜਰੀਵਾਲ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਕੇ 11 ਲੱਖ ਤੋਂ ਵੱਧ ਵਪਾਰੀ ਅਤੇ ਉਦਯੋਗਪਤੀ ਦੇਸ਼ ਛੱਡ ਕੇ ਚਲੇ ਗਏ ਹਨ। ਕੇਜਰੀਵਾਲ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਦੁਨੀਆ ਵਿਚ ਸ਼ਾਇਦ ਇਕਲੌਤੀ ਪਾਰਟੀ ਹੈ, ਜੋ ਵੋਟ ਬੈਂਕ ਬਣਾਉਣ ਲਈ ਗੰਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਸੀਏਏ ਨੂੰ ਦੇਸ਼ ਦੇ ਖਿਲਾਫ ਦੱਸਿਆ। ਜ਼ਿਕਰਯੋਗ ਹੈ ਕਿ ਸੀਏਏ ਦਾ ਭਾਰਤ ਦੇ ਕੁਝ ਸੂਬਿਆਂ ਵਿਚ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ।