8.6 C
Toronto
Tuesday, October 21, 2025
spot_img
Homeਪੰਜਾਬਲਤੀਫਪੁਰਾ ਉਜਾੜਾ : ਘਰ ਢਹਿ ਗਏ, ਕਰਜ਼ੇ ਰਹਿ ਗਏ

ਲਤੀਫਪੁਰਾ ਉਜਾੜਾ : ਘਰ ਢਹਿ ਗਏ, ਕਰਜ਼ੇ ਰਹਿ ਗਏ

ਪੀੜਤਾਂ ਨੂੰ ਸਤਾਉਣ ਲੱਗੀ ਘਰ ਬਣਾਉਣ ਲਈ ਲਏ ਬੈਂਕ ਕਰਜ਼ਿਆਂ ਦੀ ਚਿੰਤਾ
ਜਲੰਧਰ/ਬਿਊਰੋ ਨਿਊਜ਼ : ਲਤੀਫਪੁਰਾ ਵਿੱਚ ਸਰਕਾਰ ਵੱਲੋਂ ਉਜਾੜੇ ਪੀੜਤ ਪਰਿਵਾਰਾਂ ਦੇ ਜ਼ਖ਼ਮ ਦਿਨ ਬੀਤਣ ਨਾਲ ਹੋਰ ਡੂੰਘੇ ਹੁੰਦੇ ਜਾ ਰਹੇ ਹਨ। ਪੋਹ ਦੇ ਦਿਨਾਂ ਵਿੱਚ ਜਦੋਂ ਹੱਡ ਚੀਰਵੀਂ ਠੰਡ ਪੈ ਰਹੀ ਹੈ ਤਾਂ ਵੀ ਪ੍ਰਸ਼ਾਸਨ ਨੂੰ ਨਾ ਤਾਂ ਬੱਚਿਆਂ ਉੱਤੇ ਤਰਸ ਆ ਰਿਹਾ ਹੈ ਤੇ ਨਾ ਹੀ ਬਜ਼ੁਰਗਾਂ ਉੱਤੇ। ਛੋਟੇ ਬੱਚਿਆਂ ਨੂੰ ਮਾਵਾਂ ਜਾਂ ਤਾਂ ਤੰਬੂਆਂ ਵਿੱਚ ਲੈ ਕੇ ਸੌਂਦੀਆਂ ਹਨ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਘਰ ਰਾਤ ਕੱਟ ਕੇ ਮੁੜ ਆਪਣੇ ਘਰ ਦੇ ਮਲਬੇ ਕੋਲ ਆ ਕੇ ਬੈਠ ਜਾਂਦੀਆਂ ਹਨ। ਲਤੀਫਪੁਰਾ ਦੇ ਉਜਾੜੇ ਨੇ ਪੀੜਤਾਂ ਦੇ ਜੀਵਨ ਦੀ ਗੱਡੀ ਨੂੰ ਅਜਿਹਾ ਲੀਹ ਤੋਂ ਲਾਹਿਆ ਹੈ ਕਿ ਉਹ ਆਪਣੇ ਨਿੱਤ ਦੇ ਕਾਰਵਿਹਾਰ ਕਰਨਾ ਹੀ ਭੁੱਲ ਗਏ ਹਨ।
ਲਤੀਫਪੁਰਾ ਵਾਸੀਆਂ ਦਾ ਰੁਝੇਵਾਂ ਭਾਵੇਂ ਖਤਮ ਹੋ ਗਿਆ ਹੈ ਪਰ ਦੁੱਖ ਵੱਧ ਗਏ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਹੁਣ ਸਵੇਰੇ ਉਠ ਕੇ ਕੀ ਕਰਨ? ਲਤੀਫਪੁਰਾ ਵਿੱਚ ਹੀ ਰਹਿੰਦੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਆਪਣਾ ਘਰ ਬਹੁਤ ਮਿਹਨਤ ਨਾਲ ਕੰਮ ਕਰ ਕੇ ਬਣਾਇਆ ਸੀ। ਜਦੋਂ ਘਰਾਂ ਦੀਆਂ ਕੰਧਾਂ ਛੱਤਾਂ ਤੱਕ ਪਹੁੰਚੀਆਂ ਤਾਂ ਕਰਜ਼ਾ ਚੁੱਕਣਾ ਪੈ ਗਿਆ ਸੀ। ਹੁਣ ਜਦੋਂ ਉਹ ਆਪਣੇ ਘਰ ਦੇ ਮਲਬੇ ਨੂੰ ਦੇਖਦੀ ਹੈ ਤਾਂ ਉਸ ਦਾ ਰੋਣਾ ਨਿੱਕਲ ਜਾਂਦਾ ਹੈ। ਘਰ ਦੀਆਂ ਕਿਸ਼ਤਾਂ ਤਾਂ ਮੋੜ ਸਕਦੇ ਹਾਂ ਹੁਣ ਇਸ ਮਲਬੇ ਦੀਆਂ ਕਿਸ਼ਤਾਂ ਕਿਵੇਂ ਮੋੜੀਏ? ਪੀੜਤ ਮਨਜੀਤ ਕੌਰ ਨੇ ਦੱਸਿਆ ਕਿ ਠੰਡ ਇੰਨੀ ਜ਼ਿਆਦਾ ਵਧ ਗਈ ਹੈ ਕਿ ਖੁੱਲ੍ਹੇ ਆਸਮਾਨ ਹੇਠ ਬੈਠਣਾ ਬੜਾ ਔਖਾ ਹੋ ਰਿਹਾ ਹੈ।
ਗਠੀਏ ਦੀ ਮਰੀਜ਼ ਮਨਜੀਤ ਕੌਰ ਦਾ ਕਹਿਣਾ ਹੈ ਕਿ ਠੰਡ ‘ਚ ਹੱਥਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ ਹਨ। ਜਿਸ ਕਾਰਨ ਕੰਮ ਕਰਨ ਬਹੁਤ ਮਸ਼ਕਿਲਾਂ ਹੁੰਦੀਆਂ ਹਨ। ਉਸ ਦੀਆਂ ਅੱਖਾਂ ਦਾ ਆਪਰੇਸ਼ਨ ਘਰਾਂ ਨੂੰ ਢਾਹੁਣ ਤੋਂ ਪਹਿਲਾਂ ਹੋਇਆ ਸੀ। ਆਪਰੇਸ਼ਨ ਕਾਰਨ ਉਹ ਪਹਿਲਾਂ ਹੀ ਕੰਮ ਕਾਰ ਤੋਂ ਵਿਹਲੇ ਸੀ। ਉਸ ਨੇ ਦੱਸਿਆ ਕਿ ਮਕਾਨ ਢਾਹੁਣ ਵਾਲਿਆਂ ਨੇ ਘਰ ਦੀਆਂ ਪਾਣੀ ਵਾਲੀਆਂ ਟੂਟੀਆਂ ਵੀ ਪੁੱਟ ਦਿੱਤੀਆਂ ਹਨ। ਇੱਥੇ ਔਰਤਾਂ ਨੂੰ ਸਭ ਤੋਂ ਵੱਡੀ ਸਮਸਿਆ ਬਾਥਰੂਮਾਂ ਦੀ ਆ ਰਹੀ ਹੈ। ਨਗਰ ਸੁਧਾਰ ਟਰੱਸਟ ਜਾਂ ਨਗਰ ਨਿਗਮ ਨੇ ਬਾਥਰੂਮਾਂ ਦਾ ਕੋਈ ਆਰਜੀ ਪ੍ਰਬੰਧ ਵੀ ਨਹੀਂ ਕੀਤਾ ਹੋਇਆ। ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਤੀਹ ਸਾਲ ਦੀ ਧੀ ਵਿਆਹੁਣ ਵਾਲੀ ਹੈ। ਹੁਣ ਜਦੋਂ ਘਰ ਹੀ ਨਹੀਂ ਰਿਹਾ ਤਾਂ ਧੀ ਦੇ ਸ਼ਗਨ ਕਿੱਥੇ ਮਨਾਵਾਂਗੇ। ਉਸ ਦਾ ਪੁੱਤਰ ਬਿਮਾਰ ਰਹਿੰਦਾ ਹੈ। ਹੁਣ ਤਾਂ ਸਿਰਫ ਇਸ ਸੰਘਰਸ਼ ‘ਤੇ ਹੀ ਉਨ੍ਹਾਂ ਦੀ ਟੇਕ ਹੈ।

RELATED ARTICLES
POPULAR POSTS