0.9 C
Toronto
Wednesday, January 7, 2026
spot_img
Homeਪੰਜਾਬਗੁਰਦਾਸ ਮਾਨ ਨੇ ਕੰਨ ਫੜ ਕੇ ਮੰਗੀ ਮੁਆਫੀ

ਗੁਰਦਾਸ ਮਾਨ ਨੇ ਕੰਨ ਫੜ ਕੇ ਮੰਗੀ ਮੁਆਫੀ

ਲਾਡੀ ਸ਼ਾਹ ਨੂੰ ਦੱਸਿਆ ਸੀ ਗੁਰੂ ਅਮਰਦਾਸ ਜੀ ਦੀ ਵੰਸ਼ ’ਚੋਂ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਵੀ ਹੁਣ ਅਕਸਰ ਹੀ ਵਿਵਾਦਾਂ ’ਚ ਰਹਿਣ ਲੱਗ ਪਏ ਹਨ। ਗੁਰਦਾਸ ਮਾਨ ਲੰਘੇ ਕੱਲ੍ਹ ਉਸ ਸਮੇਂ ਹੋਰ ਵਿਵਾਦਾਂ ’ਚ ਘਿਰ ਗਏ ਜਦੋਂ ਨਕੋਦਰ ਵਿਖੇ ਉਨ੍ਹਾਂ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਵੀ ਵੰਸ਼ ਵਿਚੋਂ ਦੱਸ ਦਿੱਤਾ। ਇਸ ਦਾ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਡਟਵਾਂ ਵਿਰੋਧ ਕੀਤਾ ਅਤੇ ਗੁਰਦਾਸ ਮਾਨ ਖਿਲਾਫ ਪਰਚਾ ਦਰਜ ਦੀ ਮੰਗ ਵੀ ਉਠੀ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਫਾਈ ਦਿੱਤੀ ਹੈ।
ਗੁਰਦਾਸ ਮਾਨ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਗੁਰੂ ਜੀ ਦਾ ਅਪਮਾਨ ਨਹੀਂ ਕਰ ਸਕਦਾ ਅਤੇ ਜੇ ਫਿਰ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਤੁਲਨਾ ਹੋਰ ਕਿਸੇ ਨਾਲ ਨਹੀਂ ਹੋ ਸਕਦੀ। ਗੁਰਦਾਸ ਮਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਗੁਰਦਾਸ ਨੇ ਕਿਹਾ ਕਿ ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਹਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਨੇ।
ਧਿਆਨ ਰਹੇ ਕਿ ਗੁਰਦਾਸ ਮਾਨ ਨੇ ਪਹਿਲਾਂ ਪੰਜਾਬੀ ਭਾਸ਼ਾ ਬਾਰੇ ਵਿਵਾਦਤ ਬਿਆਨ ਦਿੱਤੇ ਸਨ ਤੇ ਉਸਦਾ ਵੀ ਸਖਤ ਵਿਰੋਧ ਹੋਇਆ ਸੀ ਤੇ ਗੁਰਦਾਸ ਮਾਨ ਖਿਲਾਫ ਪੰਜਾਬ ਵਿਚ ਥਾਂ-ਥਾਂ ਰੋਸ ਪ੍ਰਦਰਸ਼ਨ ਵੀ ਹੋਏ ਸਨ। ਅਜਿਹੀਆਂ ਗੱਲਾਂ ਕਰਕੇ ਹੀ ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਨੇ ਗੁਰਦਾਸ ਮਾਨ ਨੂੰ ਸਟੇਜ ’ਤੇ ਨਹੀਂ ਸੀ ਚੜ੍ਹਨ ਦਿੱਤਾ।

 

RELATED ARTICLES
POPULAR POSTS