ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ, ਬਰੈਂਪਟਨ ਵੱਲੋਂ ਲੰਘੇ ਸ਼ੁਕਰਵਾਰ 30 ਦਸੰਬਰ ਨੂੰ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਿਖੇ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਆਯੋਜਿਤ ਕੀਤੇ ਗਏ ਡਿਨਰ ਸਮਾਗ਼ਮ ਵਿੱਚ ਆਪਣੇ ਸਾਥੀਆਂ ਗੁਰਬਚਨ ਸਿੰਘ (ਗੈਰੀ) ਗਰੇਵਾਲ ਅਤੇ ਕੁਲਵੰਤ ਸਿੰਘ ਦਾ ਜਨਮ-ਦਿਨ ਮਨਾਇਆ ਗਿਆ। ਕਲੱਬ ਦੇ ਕਰੀਬ 50 ਮੈਂਬਰਾਂ ਵੱਲੋਂ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਜੀ. ਟੀ.ਐੱਮ. ਦੇ ਸੰਚਾਲਕ ਬਲਜਿੰਦਰ ਸਿੰਘ ਲੇਲਣਾ ਤੇ ਸੁਭਾਸ਼ ਸ਼ਰਮਾ, ਇੰਜੀ. ਈਸ਼ਰ ਸਿੰਘ, ਡਾ. ਸੁਖਦੇਵ ਸਿੰਘ ਝੰਡ, ਉੱਘੇ ਸਮਾਜ-ਸੇਵੀ ਭਜਨ ਸਿੰਘ ਥਿੰਦ ਤੇ ਹੋਰ ਪਤਵੰਤੇ ਹਾਜ਼ਰ ਸਨ।
ਇਹ ਡਿਨਰ ਸਮਾਗ਼ਮ ਸ਼ਾਮ ਦੇ ਸੱਤ ਕੁ ਵਜੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਦੇ ਕੈਪਸ ਵਿਚ ਆਰੰਭ ਹੋਇਆ ਜਦੋਂ ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਦੀ ਆਮਦ ਨਾਲ ਉੱਥੇ ਵਾਹਵਾ ਰੌਣਕ ਹੋ ਗਈ। ਕਲੱਬ ਦੇ ਮੈਂਬਰਾਂ ਵੱਲੋਂ ਖਾਣ-ਪੀਣ ਦੇ ਸਮਾਨ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਇਸ ਦੀ ਖ਼ੂਬਸੂਰਤੀ ਇਹ ਸੀ ਕਿ ਇਹ ਸਾਰਾ ਹੀ ਖਾਣਾ ਪੌਸ਼ਟਿਕ ਸੀ ਅਤੇ ਇਹ ਕਲੱਬ ਦੇ ਮੈਂਬਰਾਂ ਵੱਲੋਂ ਘਰਾਂ ਵਿੱਚ ਜਾਂ ਫਿਰ ਮੌਕੇ ਤੇ ਤਿਆਰ ਕੀਤਾ ਗਿਆ। ਮਹਿਮਾਨਾਂ ਤੇ ਮੈਂਬਰਾਂ ਦੇ ਆਉਣ ਤੇ ਸਨੈਕਸ ਤੇ ਹੋਰ ਖਾਣ-ਪੀਣ ਅਤੇ ਗੱਪ-ਸ਼ੱਪ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ਼ ਨਾਲ਼ ਸਾਲ 2022 ਦੌਰਾਨ ਹੋਈਆਂ ਚੰਗੀਆਂ-ਮਾੜੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਵੀ ਬਾਖ਼ੂਬੀ ਚੱਲਦਾ ਰਿਹਾ ਜਿਸ ਵਿੱਚ ਹਰੇਕ ਨੇ ਖੁੱਲ੍ਹ ਕੇ ਹਿੱਸਾ ਲਿਆ। ਵਿਚ-ਵਿਚਾਲੇ ਚੁਟਕਲੇ ਅਤੇ ਹਲਕੀਆਂ-ਫ਼ੁਲਕੀਆਂ ਗੱਲਾਂ ਵੀ ਚੱਲਦੀਆਂ ਰਹੀਆਂ।
ਇਸ ਪ੍ਰੋਗਰਾਮ ਦੌਰਾਨ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਇੰਜੀ. ਈਸ਼ਰ ਸਿੰਘ ਨੇ ਨਵੇਂ ਸਾਲ ਨੂੰ ਜੀ-ਆਇਆਂ ਕਹਿੰਦਾ ਹੋਇਆ ਕਲੱਬ ਦੇ ਸਮੂਹ-ਮੈਂਬਰਾਂ ਨੂੰ ਸੰਬੋਧਿਤ ਖ਼ੂਬਸੂਰਤ ਸੰਦੇਸ਼ ਪੜ੍ਹ ਕੇ ਸੁਣਾਇਆ ਜਿਸ ਵਿਚ ਸਦੀਆਂ ਤੋਂ ਚੱਲੀ ਆ ਰਹੀ ਸੁਚੱਜੀ ਪੰਜਾਬੀ-ਪਰੰਪਰਾ ਅਤੇ ਅਮੀਰ ਸੱਭਿਆਚਾਰ ਦੀ ਵਿਸਮਾਦੀ ਝਲਕ ਵਿਖਾਈ ਦੇ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਮਨੁੱਖ ਨੂੰ ਅਗਲੇ ਜਨਮ ਦੀ ਚਿੰਤਾ ਨਾ ਕਰਦਿਆਂ ਹੋਇਆਂ ਏਸੇ ਜਨਮ ਦੇ ਵਰਤਮਾਨ ਸਮੇਂ ਨੂੰ ਬਿਹਤਰ ਬਨਾਉਣ ਲਈ ਪ੍ਰੇਰਨਾ ਕਰਦੀ ਹੋਈ ਸ਼੍ਰੋਮਣੀ-ਢਾਡੀ ਸੋਹਣ ਸਿੰਘ ਸੀਤਲ ਹੁਰਾਂ ਦੀ ਇੱਕ ਖ਼ੂਬਸੂਰਤ ਕਵਿਤਾ ਵਾਰ ਦੇ ਰੂਪ ਵਿੱਚ ਤਰੰਨਮ ‘ ਚ ਪੇਸ਼ ਕੀਤੀ। ਇਸ ਲੜੀ ਨੂੰ ਅੱਗੇ ਤੋਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਨਵੇਂ ਸਾਲ ਦੇ ਸੁਆਗ਼ਤ ਵਿਚ ਆਪਣੀ ਵਿਅੰਗਮਈ ਕਵਿਤਾ ਸਾਡਾ ਕਾਹਦਾ ਨਵਾਂ-ਸਾਲ, ਸਾਡੇ ਲਈ ਤਾਂ ਓਹੀ ਜੰਜਾਲ ਸੁਣਾਈ ਅਤੇ ਨਾਲ ਹੀ ਸ਼੍ਰੋਮਣੀ-ਕਵੀ ਸੁਰਜੀਤ ਪਾਤਰ ਦੀ ਗ਼ਜ਼ਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ, ਦਿਨ-ਰਾਤ ਵਿਚਲਾ ਫ਼ਾਸਲਾ ਤਰੰਨਮ ਵਿਚ ਪੇਸ਼ ਕੀਤੀ ਜਿਸ ਦੀ ਸਾਰਿਆਂ ਵੱਲੋਂ ਖ਼ੂਬ ਸਰਾਹਨਾ ਹੋਈ।
ਖਾਣੇ ਦੇ ਉਪਰੰਤ ਗੈਰੀ ਗਰੇਵਾਲ ਅਤੇ ਕੁਲਵੰਤ ਧਾਲੀਵਾਲ ਦਾ ਜਨਮ-ਦਿਨ ਕਲੱਬ ਵੱਲੋਂ ਸਾਂਝੇ ਤੌਰ ‘ ਤੇ ਮਨਾਉਂਦਿਆਂ ਹੋਇਆਂ ਉਨ੍ਹਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਕਲੱਬ ਦੇ ਕਈ ਸੀਨੀਅਰ ਮੈਂਬਰਾਂ ਵੱਲੋਂ ਉਨ੍ਹਾਂ ਦੋਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੇ ਕਲੱਬ ਦੇ ਸਮੂਹ-ਮੈਂਬਰਾਂ ਵੱਲੋਂ ਦੋਹਾਂ ਨੂੰ ਹਾਰਦਿਕ-ਮੁਬਾਰਕਬਾਦ ਪੇਸ਼ ਕੀਤੀ ਅਤੇ ਹਮੇਸ਼ਾ ਚੜ੍ਹਦੀ-ਕਲਾ ਵਿ ਚ ਰਹਿਣ ਦੀਆਂ ਸ਼ੁਭ-ਇੱਛਾਵਾਂ ਦਿੱਤੀਆਂ। ਕਲੱਬ ਦੇ ਹੋਰ ਮੈਂਬਰਾਂ ਵੱਲੋਂ ਵੀ ਇਸ ਮੌਕੇ ਆਪਣੇ ਤੌਰ ‘ ਤੇ ਸ਼ੁਭ-ਇੱਛਾਵਾਂ ਪੇਸ਼ ਕੀਤੀਆਂ ਗਈਆਂ।
Home / ਕੈਨੇਡਾ / ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਟੀ.ਪੀ.ਏ.ਆਰ. ਕਲੱਬ ਨੇ ਆਪਣੇ ਸਾਥੀਆਂ ਗੈਰੀ ਗਰੇਵਾਲ ਤੇ ਕੁਲਵੰਤ ਧਾਲੀਵਾਲ ਦਾ ਜਨਮ-ਦਿਨ ਮਨਾਇਆ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …