Home / ਪੰਜਾਬ / ਇਕ ਮਹੀਨੇ ‘ਚ 17,676 ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ

ਇਕ ਮਹੀਨੇ ‘ਚ 17,676 ਸ਼ਰਧਾਲੂਆਂ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ

ਇਕ ਦਸੰਬਰ ਨੂੰ ਹੀ ਸਭ ਤੋਂ ਵੱਧ 1745 ਸ਼ਰਧਾਲੂ ਗੁਰਦੁਆਰਾ ਸਾਹਿਬ ਪਹੁੰਚੇ
ਬਟਾਲਾ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਇਕ ਮਹੀਨੇ ਦੋ ਹੋਏ ਵਕਤ ਦੌਰਾਨ 17,676 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ। ਦੋਵਾਂ ਦੇਸ਼ਾਂ ਵਲੋਂ ਕੀਤੇ ਸਮਝੌਤੇ ਤਹਿਤ ਇਕ ਦਿਨ ਵਿਚ 5 ਹਜ਼ਾਰ ਸ਼ਰਧਾਲੂ ਜਾ ਸਕਦੇ ਸਨ, ਪਰ ਮਹੀਨੇ ਵਿਚ ਇਕ ਦਿਨ ਵੀ ਇਕ ਅੰਕੜਾ ਪਾਰ ਨਹੀਂ ਹੋਇਆ। ਪੂਰੇ ਮਹੀਨੇ ਵਿਚ ਇਕ ਦਸੰਬਰ ਨੂੰ ਹੀ ਸਭ ਤੋਂ ਵੱਧ 1745 ਸ਼ਰਧਾਲੂ ਹੀ ਗੁਰਦੁਆਰਾ ਸਾਹਿਬ ਪਹੁੰਚੇ। ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਪਹਿਲੇ ਦਿਨ ਸ਼ਰਧਾਲੂਆਂ ਦੀ ਗਿਣਤੀ 562 ਦੱਸੀ ਗਈ ਸੀ ਅਤੇ ਬਾਕੀ ਦਿਨਾਂ ਵਿਚ 10 ਨਵੰਬਰ ਨੂੰ 239, 11 ਨੂੰ 117, 12 ਨੂੰ 540, 13 ਨੂੰ 272, 14 ਨੂੰ 191, 15 ਨੂੰ 160, 16 ਨੂੰ 401, 17 ਨੂੰ 543, 18 ਨੂੰ 194, 19 ਨੂੰ 293, 20 ਨੂੰ 240, 21 ਨੂੰ 169, 22 ਨੂੰ 243, 23 ਨੂੰ 652, 24 ਨੂੰ 1431, 25 ਨੂੰ 691, 26 ਨੂੰ 701, 27 ਨੂੰ 691, 28 ਨੂੰ 672, 29 ਨੂੰ 525, 30 ਨੂੰ 1512, 1 ਦਸੰਬਰ ਨੂੰ 1745, 2 ਨੂੰ 656, 3 ਨੂੰ 301, 4 ਨੂੰ 535, 5 ਨੂੰ 437, 6 ਨੂੰ 400, 7 ਨੂੰ 673, 8 ਨੂੰ 1381 ਅਤੇ 9 ਦਸੰਬਰ ਨੂੰ 510 ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। 30 ਦਿਨਾਂ ਦੀ ਕੁੱਲ ਗਿਣਤੀ 17676 ਬਣਦੀ ਹੈ।
ਪਾਕਿਸਤਾਨ ਨੇ ਕਮਾਏ 331520 ਡਾਲਰ
9 ਨਵੰਬਰ ਨੂੰ ਪਹਿਲੇ ਦਿਨ ਲਾਂਘੇ ਦੀ ਫੀਸ ਪਾਕਿਸਤਾਨ ਵਲੋਂ ਨਹੀਂ ਲਈ ਗਈ ਸੀ, ਇਸ ਤੋਂ ਬਾਅਦ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਦਿਹਾੜੇ ‘ਤੇ ਸ਼ਰਧਾਲੂਆਂ ਕੋਲੋਂ ਫੀਸ ਨਹੀਂ ਵਸੂਲੀ ਗਈ ਸੀ ਅਤੇ ਬਾਕੀ ਦਿਨ, ਜਿਸ ਵਿਚ 16574 ਸ਼ਰਧਾਲੂਆਂ ਪ੍ਰਤੀ 20 ਡਾਲਰ ਸ਼ਰਧਾਲੂ ਦੀ ਕੁੱਲ ਫੀਸ ਡਾਲਰਾਂ ਵਿਚ 3 ਲੱਖ 31 ਹਜ਼ਾਰ 480 ਡਾਲਰ ਲਗਪਗ ਬਣਦੀ ਹੈ।
ਪਾਕਿ ਵਸਨੀਕਾਂ ਦੀ ਵੀ ਆਮਦ ਵਧੀ
ਭਾਵੇਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਤਾਂ ਪਾਕਿ ਵਸਨੀਕਾਂ ਨੂੰ ਆਉਣ ਦੀ ਇਜਾਜ਼ਤ ਹੈ, ਪਰ ਸਿੱਖਾਂ ਦੀ ਮਾਣ-ਮਰਿਯਾਦਾ ਨੂੰ ਲੈ ਕੇ ਅਤੇ ਕਿਸੇ ਕਿਸਮ ਦੀ ਕੋਤਾਹੀ ਤੋਂ ਡਰਦਿਆਂ ਪਾਕਿਸਤਾਨ ਦੇ ਬਾਸ਼ਿੰਦੇ ਦਰਬਾਰ ਸਾਹਿਬ ਦੇ ਅੰਦਰ ਪਹਿਲੀ ਮੰਜ਼ਿਲ ‘ਤੇ ਨਹੀਂ ਜਾ ਸਕਦੇ। ਪਾਕਿਸਤਾਨ ਗੁਰਦੁਆਰਾ ਕਮੇਟੀ ਵਲੋਂ ਰੱਖੇ ਗਏ ਮੁਲਾਜ਼ਮ ਦਰਬਾਰਾ ਸਾਹਿਬ ਦੇ ਦਰਵਾਜ਼ੇ ‘ਤੇ ਖੜ੍ਹੇ ਹਨ, ਜੋ ਭਾਰਤ ਤੋਂ ਆਏ ਸ਼ਰਧਾਲੂਆਂ ਤੋਂ ਇਲਾਵਾ ਹੋਰ ਸਿੱਖ ਸੰਗਤਾਂ ਨੂੰ ਹੀ ਅੰਦਰ ਜਾਣ ਦਿੰਦੇ ਹਨ। ਪਾਕਿਸਤਾਨ ਤੋਂ ਹਰ ਰੋਜ਼ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ ਅਤੇ ਹੋਰ ਅਦਾਰਿਆਂ ਤੋਂ ਇਲਾਵਾ ਬਹੁਤ ਸਾਰੀ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ। ਐਤਵਾਰ ਵਾਲੇ ਦਿਨ ਤਾਂ ਪਾਕਿ ਸ਼ਰਧਾਲੂਆਂ ਦੀ ਗਿਣਤੀ ਕਈ ਵਾਰ 4 ਹਜ਼ਾਰ ਤੋਂ ਵੀ ਵੱਧ ਜਾਂਦੀ ਹੈ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਐਤਵਾਰ ਨੂੰ ਜਾਂਦੇ ਹਨ ਵੱਧ ਸ਼ਰਧਾਲੂ
ਸਰਹੱਦੀ ਪਿੰਡਾਂ ‘ਚ ਪਾਸਪੋਰਟ ਬਣਾਉਣ ਦਾ ਰੁਝਾਨ ਵਧਿਆ
ਡੇਰਾ ਬਾਬਾ ਨਾਨਕ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਐਤਵਾਰ ਨੂੰ ਵੱਧ ਸ਼ਰਧਾਲੂ ਜਾ ਰਹੇ ਹਨ। ਉਧਰ, ਪਾਕਿਸਤਾਨ ਸਰਕਾਰ ਵੱਲੋਂ ਪਾਸਪੋਰਟ ਦੀ ਸ਼ਰਤ ਨਾ ਹਟਾਏ ਜਾਣ ‘ਤੇ ਹੁਣ ਸਰਹੱਦੀ ਖੇਤਰ ਦੇ ਲੋਕ ਪਾਸਪੋਰਟ ਬਣਾਉਣ ਲੱਗੇ ਹਨ। ਸਰਹੱਦ ਨੇੜਲੇ ਪਿੰਡਾਂ ਤੇ ਕਸਬਿਆਂ ਦੇ ਵੱਡੀ ਗਿਣਤੀ ਲੋਕਾਂ ਕੋਲ ਪਾਸਪੋਰਟ ਨਹੀਂ ਹਨ। ਸ਼ਰਧਾਲੂਆਂ ‘ਚ ਇਸ ਗੱਲ ਦਾ ਤੌਖ਼ਲਾ ਰਿਹਾ ਸੀ ਕਿ ਕੌਮਾਂਤਰੀ ਸੀਮਾ ਕੋਲ ਪਾਕਿਸਤਾਨ ਦੇ ਆਈਸੀਪੀ ‘ਤੇ ਭਾਰਤ ਤੋਂ ਗਏ ਸ਼ਰਧਾਲੂਆਂ ਦੇ ਪਾਸਪੋਰਟ ‘ਤੇ ਪਾਕਿਸਤਾਨ ਵੱਲੋਂ ਮੋਹਰ ਲਾਈ ਜਾਵੇਗੀ। ਇਸੇ ਕਾਰਨ ਸ਼ੁਰੂਆਤੀ ਦੌਰ ‘ਚ ਸ਼ਰਧਾਲੂਆਂ ਨੇ ਘੱਟ ਰੁਚੀ ਦਿਖਾਈ ਸੀ, ਹੁਣ ਇਹ ਭਰਮ ਦੂਰ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਤੋਂ ਹਰਨੇਕ ਸਿੰਘ, ਕੋਟਲੀ ਸੂਰਤ ਮੱਲ੍ਹੀ ਤੋਂ ਗੁਰਦਰਸ਼ਨ ਸਿੰਘ, ਨੰਗਲ ਤੋਂ ਜਸਵੰਤ ਸਿੰਘ ਦਾਲਮ ਅਤੇ ਬਿਜਲੀਵਾਲ ਤੋਂ ਬਲਕਾਰ ਸਿੰਘ ਪਟਵਾਰੀ ਨੇ ਦੱਸਿਆ ਕਿ ਦੱਸਿਆ ਕਿ ਸਰਹੱਦੀ ਪੱਟੀ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰਨ ਲਈ ਪਾਸਪੋਰਟ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪਾਸਪੋਰਟ ਕਰੀਬ ਤਿੰਨ ਹਫ਼ਤੇ ਵਿੱਚ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਪਾਸਪੋਰਟ ਬਣਾਉਣ ਦਾ ਰੁਝਾਨ ਵਧਿਆ ਹੈ। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪਿੰਡਾਂ ਵਿਚ ਪਾਸਪੋਰਟ ਬਣਾਉਣ ਲਈ 1132 ਵੈਰੀਫਿਕੇਸ਼ਨ ਹੋ ਚੁੱਕੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਸਾਂਝ ਕੇਂਦਰ ਦੇ ਇੰਚਾਰਜ ਅਤੇ ਕਰਤਾਰਪੁਰ ਕੋਰੀਡੋਰ ਦੇ ਨੋਡਲ ਅਫ਼ਸਰ ਸਾਬਨ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਪਾਸਪੋਰਟ ਬਣਾਉਣ ਸਬੰਧੀ ਵੈਰੀਫਿਕੇਸ਼ਨਾਂ ਦੀ ਗਿਣਤੀ ਵਧੀ ਹੈ।

Check Also

ਪੰਜਾਬ ਵਿਧਾਨ ਸਭਾ ’ਚ ਗੂੰਜਿਆ ਅਗਨੀਪੱਥ ਯੋਜਨਾ ਦਾ ਮੁੱਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪੱਥ ਯੋਜਨਾ ਖਿਲਾਫ ਮਤਾ ਲਿਆਉਣ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ …