Breaking News
Home / ਪੰਜਾਬ / ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਲਈ ਯਕਮੁਸ਼ਤ ਸਕੀਮ ਜਾਰੀ

ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਲਈ ਯਕਮੁਸ਼ਤ ਸਕੀਮ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਨੂੰ ਰਾਹਤ ਦਿੰਦਿਆਂ ਯਕਮੁਸ਼ਤ ਸਕੀਮ ਲਾਂਚ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਭਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੇ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਨੂੰ ਰਾਹਤ ਦਿੱਤੀ ਗਈ ਹੈ। ਜਾਰੀ ਨੋਟੀਫ਼ਿਕੇਸ਼ਨ ਅਨੁਸਾਰ 31 ਮਾਰਚ 2023 ਤੱਕ ਜਿਨ੍ਹਾਂ ਵਿਅਕਤੀਆਂ ਵੱਲ ਪੁਰਾਣਾ ਪ੍ਰਾਪਰਟੀ ਟੈਕਸ ਜਾਂ ਹਾਊਸ ਟੈਕਸ ਬਕਾਇਆ ਹੈ, ਉਹ ਹੁਣ ਯਕਮੁਸ਼ਤ ਸਕੀਮ ਦਾ ਫ਼ਾਇਦਾ ਲੈ ਸਕਣਗੇ ਅਤੇ ਇਸ ਤਹਿਤ ਲੋਕਾਂ ਨੂੰ ਸਿਰਫ਼ ਮੂਲ ਰਾਸ਼ੀ ਹੀ ਉਤਾਰਨੀ ਪਵੇਗੀ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਅਜਿਹੇ ਡਿਫਾਲਟਰਾਂ ਦਾ ਜੁਰਮਾਨਾ ਅਤੇ ਵਿਆਜ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਡਿਫਾਲਟਰ 31 ਦਸੰਬਰ 2023 ਤੱਕ ਆਪਣੇ ਪੁਰਾਣੇ ਬਕਾਏ ਉਤਾਰ ਸਕਣਗੇ। ਜੇਕਰ ਇਸ ਮਗਰੋਂ ਕੋਈ ਵੀ ਬਕਾਏ ਉਤਾਰੇਗਾ ਤਾਂ ਉਸ ਤੋਂ ਵਿਆਜ ਅਤੇ ਜੁਰਮਾਨਾ ਵੀ ਵਸੂਲ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ 31 ਦਸੰਬਰ ਤੋਂ ਬਾਅਦ ਡਿਫਾਲਟਰਾਂ ਖ਼ਿਲਾਫ਼ ਪੰਜਾਬ ਮਿਊਂਸਿਪਲ ਐਕਟ 1911 ਦੀ ਧਾਰਾ 71 ਅਤੇ ਪੰਜਾਬ ਕਾਰਪੋਰੇਸ਼ਨ ਐਕਟ 1976 ਦੀ ਧਾਰਾ-157 ਤਹਿਤ ਕਾਰਵਾਈ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੇ ਆਮਦਨੀ ਦੇ ਟੀਚੇ ਪੂਰੇ ਨਹੀਂ ਹੋ ਰਹੇ ਹਨ ਅਤੇ ਕਾਫ਼ੀ ਬਕਾਇਆ ਰਾਸ਼ੀ ਵੀ ਫਸੀ ਹੋਈ ਹੈ। ਇਸ ਬਕਾਇਆ ਰਾਸ਼ੀ ਦੀ ਵਸੂਲੀ ਲਈ ਯਕਮੁਸ਼ਤ ਸਕੀਮ ਜਾਰੀ ਕੀਤੀ ਗਈ ਹੈ।

 

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …