Breaking News
Home / ਪੰਜਾਬ / ਸੰਗਰੂਰ ਜ਼ਿਲ੍ਹੇ ਦੇ ਪਿੰਡ ਝਾੜੋਂ ਨਹੀਂ ਵਿਕੇਗਾ ਤੰਬਾਕੂ

ਸੰਗਰੂਰ ਜ਼ਿਲ੍ਹੇ ਦੇ ਪਿੰਡ ਝਾੜੋਂ ਨਹੀਂ ਵਿਕੇਗਾ ਤੰਬਾਕੂ

ਫੜੇ ਜਾਣ ’ਤੇ ਪੰਜ ਹਜ਼ਾਰ ਰੁਪਏ ਜੁਰਮਾਨਾ, ਸ਼ੋ੍ਰਮਣੀ ਕਮੇਟੀ ਨੇ ਕੀਤੀ ਸ਼ਲਾਘਾ
ਸੁਨਾਮ/ਬਿਊਰੋ ਨਿਊਜ਼ : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਝਾੜੋਂ ਦੀ ਪੰਚਾਇਤ ਨੇ ਨਵੇਂ ਸਾਲ ਤੋਂ ਦੁਕਾਨਾਂ ’ਤੇ ਤੰਬਾਕੂ ਯੁਕਤ ਪਦਾਰਥਾਂ ਦੀ ਪਿੰਡ ’ਚ ਵਿਕਰੀ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਹੋਰਨਾਂ ਪਿੰਡਾਂ ਨੂੰ ਵੀ ਤੰਬਾਕੂ ਪਦਾਰਥਾਂ ’ਤੇ ਰੋਕ ਲਗਾਉਣ ਲਈ ਯਤਨ ਕਰਨ ਦੀ ਅਪੀਲ ਕੀਤੀ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ਅਧੀਨ ਆਉਂਦੇ ਪਿੰਡ ਝਾੜੋਂ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਪੰਚਾਇਤ ਨੇ ਮਿਲ ਕੇ ਇਸ ਫੈਸਲੇ ਨੂੰ ਲਾਗੂ ਕੀਤਾ ਹੈ। ਇਸ ਫੈਸਲੇ ਦੇ ਅਨੁਸਾਰ 1 ਜਨਵਰੀ ਤੋਂ ਪਿੰਡ ਦੀਆਂ ਦੁਕਾਨਾਂ ’ਤੇ ਤੰਬਾਕੂ, ਬੀੜੀ, ਸਿਗਰੇਟ ਅਤੇ ਜਰਦਾ ਆਦਿ ਨਹੀਂ ਵਿਕੇਗਾ। ਜੇਕਰ ਕੋਈ ਦੁਕਾਨਦਾਰ 1 ਜਨਵਰੀ ਤੋਂ ਬਾਅਦ ਤੰਬਾਕੂ ਯੁਕਤ ਸਮਾਨ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਦੁਕਾਨ ਵੀ 7 ਦਿਨਾਂ ਤੱਕ ਬੰਦ ਰਹੇਗੀ। ਇਸ ਮਾਮਲੇ ਵਿਚ ਸਿਰਫ਼ ਵੇਚਣ ਵਾਲੇ ’ਤੇ ਹੀ ਕਾਰਵਾਈ ਨਹੀਂ ਕੀਤੀ ਜਾਵੇਗੀ ਬਲਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਦੀ ਸੱਥ, ਬੱਸ ਸਟੈਂਡ, ਸਕੂਲ ਜਾਂ ਪਿੰਡ ਦੀ ਕਿਸੇ ਹੋਰ ਸਾਂਝੀ ਥਾਂ ’ਤੇ ਬੀੜੀ, ਸਿਗਰੇਟ ਦਾ ਸੇਵਨ ਕਰਨ ਵਾਲੇ ਵਿਅਕਤੀ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਐਸਜੀਪੀਸੀ ਦੇ ਬੁਲਾਰੇ ਹਰਭਜਨ ਸਿੰਘ ਨੇ ਕਿਹਾ ਕਿ ਅਜਿਹੇ ਫੈਸਲੇ ਹੋਰਨਾਂ ਪਿੰਡਾਂ ਨੂੰ ਵੀ ਲੈਣੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਤੰਬਾਕੂ ਮੁਕਤ ਕੀਤਾ ਜਾ ਸਕੇ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਟ੍ਰੇਨਿੰਗ ਲਈ ਫਿਨਲੈਂਡ ਕੀਤੇ ਰਵਾਨਾ

ਕਿਹਾ : ਸਾਡਾ ਮਕਸਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ …