ਬਾਹਰੋਂ ਆਉਣ ਵਾਲੇ ਹਰ ਯਾਤਰੀ ਨੂੰ ਕਰਵਾਉਣ ਪਵੇਗਾ ਕਰੋਨਾ ਟੈਸਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ’ਚ ਕਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਚੀਨ, ਜਪਾਨ, ਸਾਊਥ ਕੋਰੀਆ, ਹਾਂਗਕਾਂਗ ਅਤੇ ਥਾਈਲੈਂਡ ਤੋਂ ਆਉਣ ਵਾਲੇ ਹਰ ਯਾਤਰੀ ਨੂੰ ਕਰੋਨਾ ਟੈਸਟ ਲਾਜ਼ਮੀ ਕਰਵਾਉਣਾ ਹੋਵੇਗਾ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕਿਸੇ ਯਾਤਰੀ ਵਿਚ ਜੇਕਰ ਕਰੋਨਾ ਵਾਇਰਸ ਨਾਲ ਸਬੰਧਤ ਲੱਛਣ ਪਾਏ ਜਾਂਦੇ ਹਨ ਜਾਂ ਉਨ੍ਹਾਂ ਦੀ ਰਿਪੋਰਟ ਪਾਜੇਟਿਵ ਆਉਂਦੀ ਹੈ ਤਾਂ ਉਸ ਨੂੰ ਇਕਾਂਤਵਾਸ ਵਿਚ ਰਹਿੰਦੇ ਹੋਏ ਕਰੋਨਾ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 201 ਕਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤ ’ਚ ਐਕਟਿਵ ਮਾਮਲੇ 3397 ਹਨ ਜੋ ਕੁੱਲ ਮਾਮਲਿਆਂ ਦਾ 0.01 ਫੀਸਦੀ ਹੈ। ਰਿਕਵਰੀ ਰੇਟ ਫਿਲਹਾਲ 98.8 ਫੀਸਦੀ ਹੈ। ਪਿਛਲੇ 24 ਘੰਟਿਆਂ ਦੌਰਾਨ 183 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ। ਧਿਆਨ ਰਹੇ ਕਿ ਲੰਘੇ ਕੇਂਦਰੀ ਸਿਹਤ ਮੰਤਰੀ ਨੇ ਸੂਬਿਆਂ ਦੇ ਸਿਹਤ ਨਾਲ ਕਰੋਨਾ ਸਥਿਤੀ ਨੂੰ ਲੈ ਕੇੇ ਇਕ ਮੀਟਿੰਗ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕਰੋਨਾ ਖਿਲਾਫ਼ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਲੜਨਗੀਆਂ।