-5.1 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰਾਂ'ਚ ਮੁੜ ਕੀਤਾ ਵਾਧਾ

ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰਾਂ ’ਚ ਮੁੜ ਕੀਤਾ ਵਾਧਾ

ਬੈਂਕ ਦਾ ਪਾਲਿਸੀ ਰੇਟ 2.5 ਫੀਸਦੀ ਤੋਂ ਵਧ ਕੇ 3.25 ਫੀਸਦੀ ਹੋਇਆ
ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ 75 ਬੇਸਿਸ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਬੈਂਕ ਦਾ ਪਾਲਿਸੀ ਰੇਟ 2.5 ਫੀਸਦੀ ਤੋਂ ਵਧ ਕੇ 3.25 ਫੀਸਦੀ ਹੋ ਗਿਆ ਹੈ। ਮਾਰਚ ਤੋਂ ਲੈ ਕੇ ਹੁਣ ਤੱਕ ਬੈਂਕ ਆਪਣੇ ਪਾਲਿਸੀ ਰੇਟ ਵਿੱਚ 300 ਬੇਸਿਸ ਅੰਕਾਂ ਦਾ ਵਾਧਾ ਕਰ ਚੁੱਕਿਆ ਹੈ। ਮਹਿੰਗਾਈ ਦਰ ਨੂੰ ਦੋ ਫੀਸਦੀ ਦੇ ਟੀਚੇ ਤੱਕ ਲਿਆਉਣ ਲਈ ਬੈਂਕ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗਲੋਬਲ ਪੱਧਰ ਉੱਤੇ ਮਹਿੰਗਾਈ ਵਿੱਚ ਹੋ ਰਹੇ ਵਾਧੇ ਲਈ ਬੈਂਕ ਰੂਸ ਵੱਲੋਂ ਯੂਕਰੇਨ ਉੱਤੇ ਮੜ੍ਹੀ ਗਈ ਜੰਗ, ਚੀਨ ਵਿੱਚ ਕੋਵਿਡ-19 ਲਾਕਡਾਊਨਜ਼ ਤੇ ਹੋਰ ਵਸਤਾਂ ਦੀਆਂ ਅਸਥਿਰ ਕੀਮਤਾਂ ਨੂੰ ਜ਼ਿੰਮੇਵਾਰ ਮੰਨਦਾ ਹੈ। ਜੁਲਾਈ ਵਿੱਚ ਸਟੈਟੇਸਟਿਕਸ ਕੈਨੇਡਾ ਵੱਲੋਂ ਰਿਪੋਰਟ ਕੀਤੀ ਗਈ ਮਹਿੰਗਾਈ 7.6 ਫੀਸਦੀ ਸੀ, ਜੋ ਕਿ ਜੂਨ ਵਿੱਚ 8.1 ਫੀਸਦੀ ਉੱਤੇ ਪਹੁੰਚ ਚੁੱਕੀ ਦਰ ਨਾਲੋਂ ਘੱਟ ਸੀ।
ਮਹਿੰਗਾਈ ਵਿੱਚ ਇਹ ਕਮੀ ਗੈਸ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਸਦਕਾ ਆਈ ਦੱਸੀ ਗਈ ਜਦਕਿ ਖਾਣੇ ਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ।
ਇਸ ਦੌਰਾਨ ਬੈਂਕ ਆਫ ਕੈਨੇਡਾ ਨੇ ਆਖਿਆ ਕਿ ਮਹਿੰਗਾਈ ਵਿੱਚ ਇਹ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਨਾਲ ਵੱਧ ਰਹੀਆਂ ਕੀਮਤਾਂ ਦੀ ਸਥਿਤੀ ਮਜਬੂਤ ਹੋਣ ਦਾ ਖਦਸਾ ਵੀ ਬਣਿਆ ਹੋਇਆ ਹੈ। ਬੈਂਕ ਨੇ ਮਹਿੰਗਾਈ ਨੂੰ ਹੋਰ ਹੇਠਾਂ ਆਪਣੇ ਦੋ ਫੀਸਦੀ ਦੇ ਟੀਚੇ ਤੱਕ ਲਿਆਉਣ ਲਈ ਆਉਣ ਵਾਲੇ ਦਿਨਾਂ ਵਿੱਚ ਪਾਲਿਸੀ ਰੇਟ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਯੂਨੀਵਰਸਿਟੀ ਆਫ ਓਟਵਾ ਵਿੱਚ ਇੰਸਟੀਚਿਊਟ ਆਫ ਫਿਸਕਲ ਸਟੱਡੀਜ ਤੇ ਡੈਮੋਕ੍ਰੈਸੀ ਦੇ ਪ੍ਰੈਜੀਡੈਂਟ ਤੇ ਸੀਈਓ ਕੈਵਿਨ ਪੇਜ ਨੇ ਆਖਿਆ ਕਿ ਬੈਂਕ ਨੇ ਅਗਾਂਹ ਵੀ ਵਿਆਜ ਦਰਾਂ ਵਿੱਚ ਵਾਧਾ ਕਰਨ ਲਈ ਪਹਿਲਾਂ ਹੀ ਰਾਹ ਪੱਧਰਾ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਸੰਭਾਵੀ ਤੌਰ ਉੱਤੇ ਬੈਂਕ ਆਪਣੀ ਪਾਲਿਸੀ ਦਰ 4 ਫੀਸਦੀ ਤੱਕ ਲਿਆਵੇਗਾ।
ਵੈਨਕੂਵਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਸਰਕਾਰ ਸੰਤੁਲਿਤ ਤੇ ਸਾਵਧਾਨੀ ਵਾਲੀ ਪਹੁੰਚ ਅਪਨਾਉਣਾ ਚਾਹੁੰਦੀ ਹੈ,ਜਿਵੇਂ ਕਿ ਅਸੀਂ ਹੁਣ ਤੱਕ ਕਰਦੇ ਆਏ ਹਾਂ। ਇੱਥੇ ਸਾਰੇ ਫੈਡਰਲ ਕੈਬਨਿਟ ਮੰਤਰੀ ਰਟਰੀਟ ਲਈ ਇੱਕਠੇ ਹੋਏ ਹਨ।

RELATED ARTICLES
POPULAR POSTS