Breaking News
Home / ਜੀ.ਟੀ.ਏ. ਨਿਊਜ਼ / ਪੈਟਰਿਕ ਬ੍ਰਾਊਨ ਨੂੰ ਪਾਰਟੀ ਨੇ ਚੋਣ ਲੜਨ ਦੀ ਦਿੱਤੀ ਮਨਜੂਰੀ

ਪੈਟਰਿਕ ਬ੍ਰਾਊਨ ਨੂੰ ਪਾਰਟੀ ਨੇ ਚੋਣ ਲੜਨ ਦੀ ਦਿੱਤੀ ਮਨਜੂਰੀ

ਟੋਰਾਂਟੋ/ਬਿਊਰੋ ਨਿਊਜ਼
ਪੈਟਰਿਕ ਬ੍ਰਾਊਨ ਨੂੰ ਉਨ੍ਹਾਂ ਦੀ ਪਾਰਟੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਵੱਲੋਂ ਉਨ੍ਹਾਂ ਨੂੰ ਚੋਣ ਲੜਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚੱਲਦਿਆਂ ਬ੍ਰਾਊਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਪਾਰਟੀ ਦੀ ਨੌਮੀਨੇਸ਼ਨ ਕਮੇਟੀ ਨੂੰ ਸਾਰੇ ਟੋਰੀ ਲੀਡਰਸ਼ਿਪ ਉਮੀਦਵਾਰਾਂ ਦੀ ਪੜਤਾਲ ਦਾ ਜ਼ਿੰਮਾ ਦਿੱਤਾ ਗਿਆ ਸੀ ਤੇ ਕਮੇਟੀ ਨੇ ਇਹ ਐਲਾਨ ਕੀਤਾ ਕਿ ਬ੍ਰਾਊਨ ਤੇ ਉਨ੍ਹਾਂ ਦਾ ਪੁਰਾਣਾ ਅਹੁਦਾ ਹਾਸਲ ਕਰਨ ਲਈ ਮੈਦਾਨ ਵਿੱਚ ਨਿੱਤਰੇ ਤਿੰਨ ਹੋਰ ਉਮੀਦਵਾਰਾਂ-ਕ੍ਰਿਸਟੀਨ ਐਲੀਅਟ, ਡੱਗ ਫੋਰਡ ਤੇ ਤਾਨਿਆ ਗ੍ਰੈਨਿਕ ਐਲਨ, ਨੂੰ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲੀਡਰਸ਼ਿਪ ਦੌੜ ਦੀ ਇੱਕ ਹੋਰ ਦਾਅਵੇਦਾਰ ਕੈਰੋਲੀਨ ਮਲਰੋਨੀ ਨੂੰ ਕਮੇਟੀ ਵੱਲੋਂ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।ਪ੍ਰੋਗਰੈਸਿਵ ਕੰਸਰਵੇਟਿਵ ਮੈਂਬਰਾਂ ਵੱਲੋਂ 2 ਮਾਰਚ ਨੂੰ ਨਵਾਂ ਆਗੂ ਚੁਣਨ ਲਈ ਵੋਟਿੰਗ ਸ਼ੁਰੂ ਕੀਤੀ ਜਾਵੇਗੀ ਤੇ ਜੇਤੂ ਉਮੀਦਵਾਰ ਦੇ ਨਾਂ ਦਾ ਐਲਾਨ 10 ਮਾਰਚ ਨੂੰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬ੍ਰਾਊਨ ਉੱਤੇ ਮੈਨੇਜਮੈਂਟ ਦੀ ਦੁਰਵਰਤੋਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗਦੇ ਰਹੇ ਹਨ। ਇੱਥੇ ਹੀ ਬੱਸ ਨਹੀਂ ਇੱਕ ਟੋਰੀ ਵਿਧਾਇਕ ਵੱਲੋਂ ਤਾਂ ਓਨਟਾਰੀਓ ਦੇ ਇੰਟੇਗ੍ਰਿਟੀ ਕਮਿਸ਼ਨਰ ਕੋਲ ਇਸ ਸਬੰਧ ਵਿੱਚ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਤੋਂ ਇਲਾਵਾ ਬ੍ਰਾਊਨ ਉੱਤੇ ਇਹ ਵੀ ਦੋਸ਼ ਹਨ ਕਿ ਮੈਂਬਰਸ਼ਿਪ ਸਬੰਧੀ ਅੰਕੜਿਆਂ ਨੂੰ ਉਨ੍ਹਾਂ ਵੱਲੋਂ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਇਸ ਦਾ ਖੁਲਾਸਾ ਅੰਦਰੂਨੀ ਆਡਿਟ ਤੋਂ ਹੋਇਆ ਤੇ ਪਾਇਆ ਗਿਆ ਕਿ ਜਿਨ੍ਹਾਂ 200,000 ਮੈਂਬਰਾਂ ਦਾ ਬ੍ਰਾਊਨ ਵੱਲੋਂ ਕ੍ਰੈਡਿਟ ਲਿਆ ਗਿਆ ਸੀ ਉਨ੍ਹਾਂ ਵਿੱਚੋਂ ਅਸਲ ਵਿੱਚ 67,000 ਘੱਟ ਸਨ।ਬ੍ਰਾਊਨ ਨੇ ਪਿਛਲੇ ਹਫਤੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਪਣੀ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਸੀ।

Check Also

ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਓਟਵਾ ਦੀ ਬੀਚ ਵਿਚ ਡੁੱਬਣ ਕਾਰਨ ਮੌਤ

ਓਟਵਾ : ਓਟਵਾ ਵਿਚ ਫਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦੇ ਰਹਿਣ ਵਾਲੇ 19 ਸਾਲਾ ਨੌਜਵਾਨ …