Breaking News
Home / ਜੀ.ਟੀ.ਏ. ਨਿਊਜ਼ / ਪੁਲਿਸ ਵੱਲੋਂ ਅਫ਼ਸਰਾਂ ਨੂੰ ਦਾੜ੍ਹੀ ‘ਤੇ ਮਾਸਕ ਪਹਿਨਣ ਦੀ ਹਦਾਇਤ ਤੋਂ ਟਰੂਡੋ ਨਿਰਾਸ਼

ਪੁਲਿਸ ਵੱਲੋਂ ਅਫ਼ਸਰਾਂ ਨੂੰ ਦਾੜ੍ਹੀ ‘ਤੇ ਮਾਸਕ ਪਹਿਨਣ ਦੀ ਹਦਾਇਤ ਤੋਂ ਟਰੂਡੋ ਨਿਰਾਸ਼

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਰਾਇਲ ਕੈਨੇਡੀਅਨ ਪੁਲਿਸ (ਆਰ.ਸੀ.ਐਮ.ਪੀ.) ਵਲੋਂ ਛੇ ਕੁ ਮਹੀਨੇ ਪਹਿਲਾਂ ਪੁਲਿਸ ਅਫਸਰਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ ਵਾਸਤੇ ਦਾੜ੍ਹੀ ਕੱਟਣ ਦੀ ਹਦਾਇਤ ਕੀਤੀ ਗਈ ਸੀ, ਜਿਸ ਦੀ ਦੇਸ਼ ਭਰ ਵਿਚ ਸਿੱਖ ਅਤੇ ਮੁਸਲਿਮ ਜਥੇਬੰਦੀਆਂ ਵਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਮਹਾਂਮਾਰੀ ਦੌਰਾਨ ਦਾੜ੍ਹੀ ਸ਼ੇਵ ਨਾ ਕਰਨ ਵਾਲੇ ਸਿੱਖ ਅਤੇ ਮੁਸਲਿਮ ਪੁਲਿਸ ਅਫਸਰਾਂ ਸਮੇਤ ਦਰਜਨਾਂ ਦੀ ਤਦਾਦ ਵਿਚ ਅਫਸਰਾਂ ਨੂੰ ਫੀਲਡ ਡਿਊਟੀ ਤੋਂ ਹਟਾ ਕੇ ਡੈਸਕ ਡਿਊਟੀ ਦਿੱਤੀ ਗਈ ਹੈ। ਰਾਜਧਾਨੀ ਓਟਾਵਾ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਰ.ਸੀ.ਐਮ.ਪੀ. ਦੀ ਅਜੇ ਵੀ ਚੱਲ ਰਹੀ ਇਸ ਵਿਵਾਦਤ ਨੀਤੀ ਪ੍ਰਤੀ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਫਿਰ ਵੀ ਆਸ ਹੈ ਕਿ ਆਰ.ਸੀ.ਐਮ.ਪੀ. ਵਲੋਂ ਇਸ ਨੀਤੀ ਨੂੰ ਹੁਣ ਤੁਰੰਤ ਬਦਲਿਆ ਜਾਵੇਗਾ। ਟਰੂਡੋ ਨੇ ਆਖਿਆ ਕਿ ਨਿਰਸੰਦੇਹ ਸਿਹਤ ਤੇ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਮਹੱਤਵਪੂਰਨ ਹੈ ਅਤੇ ਨਿਯਮਾਂ ਨੂੰ ਸਾਰੇ ਦੇਸ਼ ਵਿਚ ਇਕਸਾਰ ਲਾਗੂ ਕੀਤਾ ਜਾਣਾ ਜਰੂਰੀ ਹੈ ਪਰ ਕੈਨੇਡਾ ਵਿਚ ਕਈ ਹੋਰ ਪੁਲਿਸਾਂ (ਪ੍ਰਾਂਤਕ ਤੇ ਖੇਤਰੀ) ਦੇ ਵਿਭਾਗਾਂ ਵਲੋਂ ਧਾਰਮਿਕ ਪੱਖ ਦਾ ਸਤਿਕਾਰ ਕਰਦੇ ਹੋਏ ਬਦਲਵੇਂ ਹੱਲ ਲੱਭੇ ਗਏ ਹਨ ਤਾਂ ਆਰ.ਸੀ.ਐਮ.ਪੀ. ਵਲੋਂ ਵੀ ਅਜਿਹਾ ਕੀਤਾ ਜਾ ਸਕਦਾ ਸੀ। ਉਨ੍ਹਾਂ ਕੁਝ ਅਫਸਰਾਂ ਨਾਲ ਵਿਤਕਰਾ ਕਰਨ ਦੀ ਨਿੰਦਾ ਵੀ ਕੀਤੀ। ਵੈਨਕੂਵਰ, ਟੋਰਾਂਟੋ, ਕੈਲਗਰੀ ਤੇ ਮਾਂਟਰੀਅਲ ਸਮੇਤ ਹੋਰ ਸ਼ਹਿਰਾਂ ਵਿਚ ਪੁਲਿਸ ਵਿਭਾਗਾਂ ਵਲੋਂ ਸੁਰੱਖਿਆ ਦੇ ਨਾਮ ‘ਤੇ ਆਰ.ਸੀ.ਐਮ.ਪੀ. ਵਾਂਗ ਵਿਵਾਦਤ ਨੀਤੀ ਨੂੰ ਲਾਗੂ ਨਹੀਂ ਕੀਤਾ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਵੀ ਕਿਹਾ ਹੈ ਕਿ ਹਰੇਕ ਪੁਲਿਸ ਅਫਸਰ ਨੂੰ ਆਪਣੇ ਧਰਮ ਦਾ ਸਤਿਕਾਰ ਕਰਦੇ ਹੋਏ ਡਿਊਟੀ ਕਰਨ ਦੇ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਹਨ, ਇਸ ਕਰਕੇ ਆਰ.ਸੀ.ਐਮ.ਪੀ. ਨਾਲ ਸੰਪਰਕ ਕੀਤਾ ਗਿਆ ਹੈ ਤਾਂ ਕਿ ਇਸ ਨੀਤੀ ਦੀ ਦਰੁੱਸਤੀ ਕੀਤੀ ਜਾ ਸਕੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …