Breaking News
Home / ਭਾਰਤ / ਗਹਿਲੋਤ, ਕਮਲ ਨਾਥ ਤੇ ਪੀ ਚਿਦੰਬਰਮ ਨੂੰ ਪਾਰਟੀ ਤੋਂ ਜ਼ਿਆਦਾ ਪੁੱਤਰ ਮੋਹ : ਰਾਹੁਲ

ਗਹਿਲੋਤ, ਕਮਲ ਨਾਥ ਤੇ ਪੀ ਚਿਦੰਬਰਮ ਨੂੰ ਪਾਰਟੀ ਤੋਂ ਜ਼ਿਆਦਾ ਪੁੱਤਰ ਮੋਹ : ਰਾਹੁਲ

ਮੇਰਾ ਭਰਾ ਇਕੱਲਾ ਲੜ ਰਿਹਾ ਸੀ, ਉਦੋਂ ਕਿੱਥੇ ਸੀ ਤੁਸੀਂ ਸਾਰੇ : ਪ੍ਰਿਯੰਕਾ
ਕਾਂਗਰਸ ਕਾਰਜਕਾਰਨੀ ਕਮੇਟੀ ਦੀ ਮੀਟਿੰਗ ‘ਚ ਭਰਾ-ਭੈਣ ਨੇ ਸੀਨੀਅਰ ਆਗੂਆਂ ਨੂੰ ਲਿਆ ਆੜੇ ਹੱਥੀਂ, ਰਾਹੁਲ ਤੋਂ ਜ਼ਿਆਦਾ ਹਮਲਾਵਰ ਰਹੀ ਪ੍ਰਿਯੰਕਾ, ਕਈ ਵਾਰ ਆਗੂਆਂ ‘ਤੇ ਫੁੱਟਿਆ ਗੁੱਸਾ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਈ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਪਹਿਲੀ ਮੀਟਿੰਗ ‘ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਗੁੱਸਾ ਫੁੱਟ ਪਿਆ। ਚੋਣਾਂ ਦੇ ਦੌਰਾਨ ਸੀਨੀਅਰ ਆਗੂਆਂ ਦੇ ਰਵੱਈਏ ਨੂੰ ਨਾਗਾਵਾਰ ਮੰਨਦੇ ਹੋਏ ਰਾਹੁਲ ਨੇ ਦੋ ਟੁੱਕ ਕਿਹਾ, ਕਮਲ ਨਾਥ, ਅਸ਼ੋਕ ਗਹਿਲੋਤ ਅਤੇ ਪੀ. ਚਿਦੰਬਰਮ ਜਿਹੇ ਆਗੂਆਂ ਦਾ ਧਿਆਨ ਪਾਰਟੀ ਤੋਂ ਜ਼ਿਆਦਾ ਪੁੱਤਰਾਂ ‘ਤੇ ਰਿਹਾ। ਉਨ੍ਹਾਂ ਨੇ ਪਾਰਟੀ ਤੋਂ ਉਪਰ ਆਪਣੇ ਪੁੱਤਰਾਂ ਨੂੰ ਰੱਖਿਆ। ਰਾਹੁਲ ਗਾਂਧੀ ਇਥੇ ਹੀ ਨਹੀਂ ਰੁਕੇ। ਉਨ੍ਹਾਂ ਕਿਹਾ ਕਿ ਆਗੂਆਂ ਦੇ ਬੱਚਿਆਂ ਨੂੰ ਟਿਕਟ ਦੇ ਲਈ ਪਾਰਟੀ ‘ਤੇ ਦਬਾਅ ਬਣਾਇਆ ਗਿਆ, ਅਸਤੀਫਿਆਂ ਦੀਆਂ ਧਮਕੀਆਂ ਦਿੱਤੀਆਂ ਗਈਆਂ। ਰਾਹੁਲ ਦੇ ਗੁੱਸੇ ਨੂੰ ਦੇਖ ਕੇ ਮੀਟਿੰਗ ‘ਚ ਬੈਠੇ ਸਾਰੇ ਕਾਂਗਰਸੀ ਆਗੂ ਸੁੰਨ ਹੋ ਗਏ। ਸੋਨੀਆ ਗਾਂਧੀ ਵੀ ਚੁੱਪ ਰਹੀ। ਕਈ ਸੀਨੀਅਰ ਆਗੂ ਤਾਂ ਆਸੇ-ਪਾਸੇ ਝਾਕਦੇ ਰਹੇ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਹੁਣ ਇਸ ਅਹੁਦੇ ਨੂੰ ਗਾਂਧੀ ਪਰਿਵਾਰ ਤੋਂ ਬਿਨਾ ਕਿਸੇ ਹੋਰ ਆਗੂ ਨੂੰ ਇਸ ਅਹੁਦੇ ‘ਤੇ ਆਉਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਸਪੱਸ਼ਟ ਰੂਪ ‘ਚ ਕਿਹਾ ਕਿ ਇਸ ਅਹੁਦੇ ਲਈ ਮੇਰੀ ਭੈਣ ਦਾ ਨਾਂ ਵੀ ਨਾ ਲਿਆ ਜਾਵੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸੀਨੀਅਰ ਆਗੂਆਂ ਦੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਤੁਸੀਂ ਲੋਕ ਕਿੱਥੇ ਸੀ ਜਦੋਂ ਮੇਰਾ ਭਰਾ ਇਕੱਲਾ ਲੜ ਰਿਹਾ ਸੀ?
ਸੂਤਰਾਂ ਦੇ ਅਨੁਸਾਰ ਲਗਭਗ ਚਾਰ ਘੰਟੇ ਚੱਲੀ ਮੀਟਿੰਗ ਦੌਰਾਨ ਰਾਹੁਲ ਨੇ ਪੁੱਛਿਆ ਕਿ ਜਿਨ੍ਹਾਂ ਰਾਜਾਂ ‘ਚ ਥੋੜ੍ਹੀ ਦੇਰ ਪਹਿਲਾਂ ਹੀ ਕਾਂਗਰਸ ਨੇ ਸੱਤਾ ‘ਚ ਵਾਪਸੀ ਕੀਤੀ ਹੈ, ਉਥੇ ਇੰਨੀ ਵੱਡੀ ਹਾਰ ਕਿਵੇਂ ਹੋਈ? ਇਸ ਦੌਰਾਨ ਜਯੋਤਿਰਦਿੱਤਿਆ ਸਿੰਧੀਆ ਨੇ ਜਿਸ ਤਰ੍ਹਾਂ ਹੀ ਕਿਹਾ ਕਿ ਸਾਨੂੰ ਰਾਜਾਂ ‘ਚ ਸਥਾਨਕ ਆਗੂਆਂ ਨੂੰ ਮਜ਼ਬੂਤ ਕਰਨਾ ਹੋਵੇਗਾ। ਰਾਹੁਲ ਦਾ ਗੁੱਸਾ ਫੁੱਟ ਪਿਆ। ਚਿਦੰਬਰਮ ਵੱਲ ਦੇਖਦੇ ਹੋਏ ਰਾਹੁਲ ਨੇ ਕਿਹਾ, ਇਨ੍ਹਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੁੱਤਰ ਨੂੰ ਟਿਕਟ ਨਾ ਮਿਲੀ ਤਾਂ ਉਹ ਅਸਤੀਫ਼ਾ ਦੇ ਦੇਣਗੇ। ਮੀਟਿੰਗ ‘ਚ ਨਾ ਮੌਜੂਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਬੋਲੇ ਕਮਲ ਨਾਥ ਜੀ ਨੇ ਕਿਹਾ ਕਿ ਜੇਕਰ ਮੇਰੇ ਪੁੱਤਰ ਨੂੰ ਚੋਣ ਨਾ ਲੜਾਈ ਤਾਂ ਉਹ ਮੁੱਖ ਮੰਤਰੀ ਬਣੇ ਨਹੀਂ ਰਹਿ ਸਕਦੇ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ‘ਤੇ ਟਿੱਪਣੀ ਕਰਦੇ ਹੋਏ ਕਿਹਾ ਰਾਜਸਥਾਨ ਦੇ ਮੁੱਖ ਮੰਤਰੀ ਤਾਂ ਆਪਣੇ ਪੁੱਤਰ ਦੇ ਪ੍ਰਚਾਰ ਦੇ ਲਈ ਸੱਤ ਦਿਨ ਜੋਧਪੁਰ ‘ਚ ਹੀ ਪਏ ਰਹੇ। ਉਨ੍ਹਾਂ ਨੇ ਰਾਜ ਦੀਆਂ ਬਾਕੀ ਸੀਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਰਾਹੁਲ ਅਸਤੀਫ਼ੇ ‘ਤੇ ਅੜੇ ਰਹੇ ਅਤੇ ਅਚਾਨਕ ਚਲੇ ਗਏ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਨੂੰ ਸ਼ਾਂਤ ਕਰਦੀ ਹੋਈ ਨਜ਼ਰ ਆਈ ਤੇ ਉਨ੍ਹਾਂ ਕਿਹਾ ਕਿ ਮੇਰੇ ਭਰਾ ਤੁਸੀਂ ਅਸਤੀਫ਼ਾ ਨਾ ਦਿਓ, ਇਸ ਨਾਲ ਤਾਂ ਭਾਜਪਾ ਦੀ ਚਾਲ ਸਫ਼ਲ ਹੋ ਜਾਵੇਗੀ। ਇਸ ਚੋਣ ‘ਚ ਪਾਰਟੀ ਦੀ ਹਾਰ ਦੇ ਲਈ ਜੋ ਲੋਕ ਜ਼ਿੰਮੇਵਾਰ ਹਨ, ਉਹ ਸਾਰੇ ਇਸ ਕਮਰੇ ‘ਚ ਬੈਠੇ ਹਨ। ਸੀਨੀਅਰ ਆਗੂਆਂ ਨੇ ਰਾਹੁਲ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਤਾਂ ਪ੍ਰਿਯੰਕਾ ਨੇ ਉਨ੍ਹਾਂ ਨੂੰ ਟੋਕਦੇ ਹੋਏ ਤੁਸੀਂ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ਼ ਲੜਨ ਦੇ ਲਈ ਮੇਰੇ ਭਰਾ ਨੂੰ ਇਕੱਲਾ ਛੱਡ ਦਿੱਤਾ। ਰਾਫੇਲ ਅਤੇ ਚੌਕੀਦਾਰ ਚੋਰ ਹੈ ਮੁੱਦੇ ‘ਤੇ ਰਾਹੁਲ ਗਾਂਧੀ ਦੀ ਗੱਲ ਨੂੰ ਕਿਸੇ ਆਗੂ ਨੇ ਅੱਗੇ ਵਧਾਇਆ, ਕਿਸੇ ਨੇ ਨਹੀਂ, ਰਾਹੁਲ ਗਾਂਧੀ ਨੇ ਇਸ ਗੱਲ ‘ਤੇ ਆਪਣਾ ਸਿਰ ਹਿਲਾ ਆਪਣੀ ਸਹਿਮਤੀ ਪ੍ਰਿਯੰਕਾ ਗਾਂਧੀ ਨਾਲ ਪ੍ਰਗਟਾਈ। ਪ੍ਰਿਯੰਕਾ ਨੇ ਕਿਹਾ ਕਿ ਕਿੰਨੇ ਆਗੂਆਂ ਨੇ ਨਰਿੰਦਰ ਮੋਦੀ ਖਿਲਾਫ਼ ਭ੍ਰਿਸ਼ਟਾਚਰ ਨੂੰ ਲੈ ਕੇ ਪ੍ਰਚਾਰ ਕੀਤਾ? ਕੁਝ ਆਗੂਆਂ ਨੇ ਆਪਣੇ ਹੱਥ ਖੜ੍ਹੇ ਕੀਤੇ ਪ੍ਰੰਤੂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵੀ ਖਾਰਜ ਕਰ ਦਿੱਤਾ।
ਰੋ ਪਏ ਚਿਦੰਬਰਮ :ਸੂਤਰਾਂ ਅਨੁਸਾਰ ਰਾਹੁਲ ਦੇ ਅਸਤੀਫ਼ੇ ‘ਤੇ ਅੜਨ ਤੋਂ ਬਾਅਦ ਚਿਦੰਬਰਮ ਨੇ ਰੋਂਦੇ ਹੋਏ ਰਾਹੁਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …