Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਵੱਖ-ਵੱਖ ਖੇਤਰਾਂ ‘ਚ ਤਿੰਨ ਪੰਜਾਬੀਆਂ ਦੀ ਗਈ ਜਾਨ

ਕੈਨੇਡਾ ਦੇ ਵੱਖ-ਵੱਖ ਖੇਤਰਾਂ ‘ਚ ਤਿੰਨ ਪੰਜਾਬੀਆਂ ਦੀ ਗਈ ਜਾਨ

ਝੀਲ ‘ਚ ਨਹਾਉਂਦੇ ਸਮੇਂ ਡੁੱਬਣ ਕਾਰਨ ਵਿਦਿਆਰਥੀ ਅਕਾਸ਼ਦੀਪ ਸਿੰਘ ਦੀ ਮੌਤ
ਵੈਨਕੂਵਰ : ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ‘ਤੇ ਆਏ ਅਕਾਸ਼ਦੀਪ ਸਿੰਘ (27) ਦੀ ਲੰਘੇ ਦਿਨ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਥੋੜ੍ਹੇ ਦਿਨ ਪਹਿਲਾਂ ਹੀ ਉਸ ਨੂੰ ਪੱਕੇ ਹੋਣ ਦੇ ਪੇਪਰ ਮਿਲੇ ਸਨ ਤੇ ਇਸ ਦੇ ਜਸ਼ਨ ਵਜੋਂ ਉਹ ਦੋਸਤਾਂ ਨਾਲ ਝੀਲ ‘ਤੇ ਗਿਆ ਸੀ। ਇਹ ਘਟਨਾ ਪਿਛਲੇ ਦਿਨੀਂ ਵਾਪਰੀ, ਪਰ ਬਚਾਅ ਦਲ ਅਤੇ ਪੁਲਿਸ ਵੱਲੋਂ ਉਸਦੀ ਲਾਸ਼ ਬਰਾਮਦ ਕਰਨ ਤੋਂ ਬਾਅਦ ਪਛਾਣ ਜਨਤਕ ਕੀਤੀ ਗਈ ਹੈ। ਮ੍ਰਿਤਕ ਨੂੰ ਜਾਨਣ ਵਾਲਿਆਂ ਅਨੁਸਾਰ ਉਸ ਦਾ ਜ਼ਿਆਦਾ ਸਾਹਸੀ ਹੋਣਾ ਉਸਦੀ ਮੌਤ ਦਾ ਕਾਰਨ ਬਣਿਆ। ਡੂੰਘੇ ਪਾਣੀ ਵਿੱਚ ਨਹਾਉਂਦਿਆਂ ਉਸ ਦੇ ਦੋਸਤਾਂ ਨੇ ਉਸ ਨੂੰ ਅੱਗੇ ਜਾਣ ਤੋਂ ਰੋਕਿਆ, ਪਰ ਆਪਣੀ ਆਦਤ ਅਨੁਸਾਰ ਅਕਾਸ਼ਦੀਪ ਇਸ ਨੂੰ ਚੁਣੌਤੀ ਵਜੋਂ ਲੈ ਕੇ ਜਿਵੇਂ ਹੀ ਅੱਗੇ ਵਧਿਆ, ਉਸ ਦੇ ਪੈਰ ਉਖੜ ਗਏ ਤੇ ਉਹ ਪਾਣੀ ਦੇ ਵਹਾਅ ਦੇ ਨਾਲ ਵਹਿ ਗਿਆ। ਅਕਾਸ਼ਦੀਪ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸੀ।
ਹੁਸ਼ਿਆਰਪੁਰ ਦੇ ਨੌਜਵਾਨ ਸਚਿਨ ਭਾਟੀਆ ਦੀ ਬੁਖਾਰ ਕਾਰਨ ਗਈ ਜਾਨ
ਚੰਡੀਗੜ੍ਹ: ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਕਸਬਾ ਕਮਾਹੀ ਦੇਵੀ ਨੇੜਲੇ ਪਿੰਡ ਕੋਠੀ ਦੇ ਕਰੀਬ 4 ਸਾਲ ਪਹਿਲਾਂ ਕੈਨੇਡਾ ਪਹੁੰਚੇ ਨੌਜਵਾਨ ਸਚਿਨ ਭਾਟੀਆ ਦੀ ਤੇਜ਼ ਬੁਖਾਰ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸੂਬੇਦਾਰ ਬਿਸ਼ਨ ਦਾਸ ਨੇ ਦੱਸਿਆ ਕਿ ਉਸ ਦਾ ਪੁੱਤਰ ਸਚਿਨ ਭਾਟੀਆ (26) 12ਵੀਂ ਤੋਂ ਬਾਅਦ ਕਰੀਬ 4 ਸਾਲ ਪਹਿਲਾਂ ਕੈਨੇਡਾ ਪੜ੍ਹਨ ਗਿਆ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀ ਇੱਕ ਭੈਣ ਕੈਨੇਡਾ ਵਿੱਚ ਉਸ ਨਾਲ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸਦੀ ਧੀ ਨੇ ਦੱਸਿਆ ਕਿ ਸਚਿਨ ਭਾਟੀਆ ਨੂੰ ਬੁਖ਼ਾਰ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਧਰ, ਕੇਂਦਰੀ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਸੰਸਦ ਮੈਂਬਰ ਵਿਜੈ ਸਾਂਪਲਾ ਨੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ।
ਮਹਿਲ ਕਲਾਂ ਦੇ ਨੇੜਲੇ ਪਿੰਡ ਸਹੌਰ ਦੀ ਲੜਕੀ ਦੀ ਟੋਰਾਂਟੋ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮਹਿਲ ਕਲਾਂ : ਮਹਿਲ ਕਲਾਂ ਦੇ ਨੇੜਲੇ ਪਿੰਡ ਸਹੌਰ ਦੀ ਲੜਕੀ ਦੀ ਟੋਰਾਂਟੋ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਲੜਕੀ ਦੇ ਪਿਤਾ ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੇਵਲ ਸਿੰਘ ਸਹੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਬੇਟੀ ਮਨਪ੍ਰੀਤ ਕੌਰ (22) ਨੂੰ ਪਿਛਲੇ ਸਾਲ ਉੱਚ ਸਿੱਖਿਆ ਲਈ ਕੈਨੇਡਾ ਭੇਜਿਆ ਗਿਆ ਸੀ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਸੂਬਾ ਕਮੇਟੀ ਵੱਲੋਂ ਕਿਸਾਨ ਆਗੂ ਕੇਵਲ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਵਿਦਿਆਰਥਣ ਦੀ ਮ੍ਰਿਤਕ ਦੇਹ ਘਰ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …