ਓਨਟਾਰੀਓ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੋ ਪ੍ਰੋਵਿੰਸ਼ੀਅਲ ਵਾਚਡੌਗਜ਼ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਸ ਤੋਂ ਬਾਅਦ ਗ੍ਰੀਨਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਸਾਈਟਸ ਦਾ ਮੁਲਾਂਕਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ਦੇ ਗਰਮਾ ਜਾਣ ਮਗਰੋਂ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਅਸਤੀਫਾ ਦੇ ਦਿੱਤਾ ਤੇ ਫੋਰਡ ਨੂੰ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਾ ਪਿਆ।
ਫੋਰਡ ਨੇ ਆਖਿਆ ਕਿ ਹਾਊਸਿੰਗ ਡਿਵੈਲਪਮੈਂਟ ਲਈ ਗ੍ਰੀਨਬੈਲਟ ਤੋਂ ਜ਼ਮੀਨ ਲੈਣ ਲਈ ਚੁਣੀਆਂ ਗਈਆਂ 15 ਸਾਈਟਸ ਦਾ ਮੁਲਾਂਕਣ ਨਿਰਪੱਖ ਫੈਸੀਲੀਟੇਟਰ ਕੋਲੋਂ ਕਰਵਾਇਆ ਜਾਵੇਗਾ। ਉਨ੍ਹਾਂ ਦੇ ਨਵੇਂ ਹਾਊਸਿੰਗ ਮੰਤਰੀ ਪਾਲ ਕਲੈਂਡਰਾ ਸਾਰੀਆਂ ਗ੍ਰੀਨਬੈਲਟ ਅਰਜ਼ੀਆਂ ਦਾ ਮੁਲਾਂਕਣ ਕਰਨਗੇ। ਅਜਿਹੇ ਕਥਿਤ ਸਕੈਂਡਲ ਦੇ ਸਾਹਮਣੇ ਆਊਣ ਤੋਂ ਬਾਅਦ ਕਲਾਰਕ ਦੇ ਅਸਤੀਫਾ ਦੇਣ ਮਗਰੋਂ ਫੋਰਡ ਨੇ ਮੰਗਲਵਾਰ ਸਵੇਰੇ ਇਹ ਐਲਾਨ ਕੀਤਾ। ਫੋਰਡ ਨੇ ਇਹ ਵੀ ਆਖਿਆ ਕਿ ਇਸ ਮੁਲਾਂਕਣ ਦੌਰਾਨ ਮਿਊਂਸਪੈਲਿਟੀਜ਼ ਤੇ ਇੰਡੀਜੀਨਸ ਆਗੂਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਜਾਵੇਗਾ।
ਫੋਰਡ ਨੇ ਇਹ ਵੀ ਆਖਿਆ ਕਿ ਮੁਲਾਂਕਣ ਦੇ ਜੋ ਵੀ ਨਤੀਜੇ ਹੋਣਗੇ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਗ੍ਰੀਨਬੈਲਟ ਦੇ ਹੋਰਨਾਂ ਹਿੱਸਿਆਂ ਨੂੰ ਵੀ ਡਿਵੈਲਪਮੈਂਟ ਲਈ ਵਰਤਿਆ ਜਾ ਸਕੇਗਾ। ਫੋਰਡ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਹਾਊਸਿੰਗ ਡਿਵੈਲਪਮੈਂਟ ਸਬੰਧੀ ਕੋਸ਼ਿਸ਼ਾਂ ਜਾਇਜ਼ ਹਨ ਤੇ ਇਸ ਸਮੇਂ ਸਭ ਤੋਂ ਵੱਡਾ ਮਸਲਾ ਲੋਕਾਂ ਲਈ ਘਰ ਨਾ ਹੋਣਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਜੰਗੀ ਪੱਧਰ ਉੱਤੇ ਘਰਾਂ ਦਾ ਨਿਰਮਾਣ ਕਰਨਾ ਹੋਵੇਗਾ।