GTA ‘ਚ ਹਰ ਦਿਨ ਚੋਰੀ ਦੀਆ ਵਾਰਦਾਤਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ‘ਚ Brampton ਅਤੇ Mississauga ਦਾ ਨਾਂਅ ਵੀ ਸ਼ਾਮਿਲ ਹੈ | ਪ੍ਰਵਾਸੀ ਮੀਡਿਆ ਗਰੁੱਪ ਦੀ ਰਿਪੋਰਟ ਦੇ ਮੁਤਾਬਿਕ, 2022 ‘ਚ ਹੁਣ ਤੱਕ ਤਕਰੀਬਨ 2000 ਗੱਡੀਆਂ ਚੋਰੀ ਹੋ ਚੁੱਕਿਆ ਹਨ, ਜਿਸ ‘ਚ ਬਰੈਂਪਟਨ ਅਤੇ ਮਿਸੀਸਾਗਾ ਖੇਤਰ ‘ਚ ਵੀ ਪਿਛਲੇ 7 ਦਿਨਾਂ ‘ਚ ਚੋਰੀ ਹੋਈਆਂ 86 ਗੱਡੀਆਂ ਸ਼ਾਮਲ ਕੀਤੀਆਂ ਗਈਆਂ ਹਨ। 3 ਜੂਨ ਤੋਂ 9 ਜੂਨ ਦਰਮਿਆਨ ਬਰੈਂਪਟਨ ਵਿੱਚ 41 ਗੱਡੀਆਂ ਅਤੇ ਮਿਸੀਸਾਗਾ ਵਿੱਚ 45 ਗੱਡੀਆਂ ਚੋਰੀ ਹੋਈਆਂ ਹਨ।
ਚੋਰਾਂ ਵਲੋਂ ਦਿਨ ਦਿਹਾੜੇ ਗੱਡੀਆਂ ਨੂੰ ਚੋਰੀ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕ ਵੀ ਆਪਣੀਆਂ ਮਹਿੰਗੀਆਂ ਗੱਡੀਆਂ ਨੂੰ ਚੋਰਾਂ ਦੀਆ ਨਜ਼ਰਾਂ ਤੋਂ ਬਚਾਉਣ ਲਈ ਤਮਾਮ ਕੋਸ਼ਿਸ਼ਾਂ ਕਰ ਰਹੇ ਹਨ | ਰਿਪੋਰਟ ਦੇ ਮੁਤਾਬਿਕ, ਰੋਜ਼ਾਨਾ ਔਸਤਨ 12 ਕਾਰਾਂ ਚੋਰੀ ਹੋ ਰਹੀਆਂ ਹਨ। ਪੀਲ ਪੁਲਿਸ ਮੈਪਿੰਗ ਦੇ ਅੰਕੜਿਆਂ ਅਨੁਸਾਰ, 30 ਮਾਰਚ ਤੋਂ 28 ਅਪ੍ਰੈਲ ਤੱਕ 413 ਵਾਹਨ ਚੋਰੀ ਹੋਏ ਹਨ, ਜਿਨ੍ਹਾਂ ਵਿੱਚ ਮੋਟਰਸਾਈਕਲ ਅਤੇ ਟਰੱਕ ਵੀ ਸ਼ਾਮਲ ਹਨ।
ਮਿਸੀਸਾਗਾ ਅਤੇ ਬਰੈਂਪਟਨ ਵਿੱਚ ਵਾਹਨ ਚੋਰੀ ਦੇ ਇਸ ਚਿੰਤਾਜਨਕ ਰੁਝਾਨ ਕਾਰਨ, ਪੁਲਿਸ ਵਲੋਂ ਨਿਵਾਸੀਆਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ | ਉਥੇ ਹੀ, 4 ਮਈ ਤੋਂ 2 ਜੂਨ ਦੇ ਵਿਚਕਾਰ 30 ਦਿਨਾਂ ਦੀ ਮਿਆਦ ਵਿੱਚ 404 ਵਾਹਨ ਚੋਰੀ ਹੋਏ ਹਨ | ਇਸੇ ਤਰ੍ਹਾਂ ਕਾਰਜੈਕਿੰਗ ਵਿਚ ਵੀ ਚਿੰਤਾਜਨਕ ਵਾਧਾ ਹੋਇਆ ਹੈ।
ਪਿਛਲੇ ਮਹੀਨੇ ਬਰੈਂਪਟਨ ਵਿੱਚ ਇੱਕ ਵਿਅਕਤੀ ਨੂੰ ਬ੍ਰਾਮਲੀਆ ਰੋਡ ਅਤੇ ਬੋਵੈਰਡ ਡਰਾਈਵ ਦੇ ਖੇਤਰ ਵਿੱਚ ਇੱਕ ਗੈਸ ਸਟੇਸ਼ਨ ਤੋਂ ਇੱਕ ਵਾਹਨ ਚੋਰੀ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਪੀਲ ਪੁਲਿਸ ਨੇ 30 ਸਾਲਾ ਗੁਰਮੀਤ ਸਿੰਘ ਨੂੰ ਕਾਬੂ ਕੀਤਾ ਸੀ | ਕਾਰਜੈਕਿੰਗ ਦੀ ਹਾਲੀਆ ਲੜੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪੀਲ ਪੁਲਿਸ ਲੋਕਾਂ ਨੂੰ ਆਪਣੇ ਆਲੇ-ਦੁਆਲੇ ਅਤੇ ਕਿਸੇ ਵੀ ਸ਼ੱਕੀ ਵਿਅਕਤੀਆਂ ਜਾਂ ਵਾਹਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰ ਰਹੀ ਹੈ ।
ਚੋਰੀ ਦੀਆ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾ ਜੋ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ |