Breaking News
Home / ਪੰਜਾਬ / ਵਿੱਕੀ ਗੌਂਡਰ ਤੇ ਦੋ ਸਾਥੀ ਮੁਕਾਬਲੇ ‘ਚ ਢੇਰ

ਵਿੱਕੀ ਗੌਂਡਰ ਤੇ ਦੋ ਸਾਥੀ ਮੁਕਾਬਲੇ ‘ਚ ਢੇਰ

ਨਾਭਾ ਜੇਲ੍ਹ ਬਰੇਕ ਕਾਂਡ ਤੋਂ 14 ਮਹੀਨੇ ਬਾਅਦ 35 ਜਵਾਨਾਂ ਨੇ ਮੁਕਾਬਲੇ ‘ਚ ਗੌਂਡਰ, ਪ੍ਰੇਮਾ ਲਾਹੌਰੀਆ ਤੇ ਸ਼ਵਿੰਦਰ ਨੂੰ ਮਾਰ ਮੁਕਾਇਆ
ਵੱਡੀ ਸਫਲਤਾ
ਗੌਂਡਰ ‘ਤੇ ਸੱਤ ਲੱਖ ਤੇ ਲਾਹੌਰੀਆ ‘ਤੇ ਸੀ ਦੋ ਲੱਖ ਰੁਪਏ ਦਾ ਇਨਾਮ
ਰਾਜਸਥਾਨ ਦੇ ਪਿੰਡ ਪੱਕੀ ਵਿਚ ਹੋਇਆ ਸੀ ਮੁਕਾਬਲਾ
ਚੰਡੀਗੜ੍ਹ : ਨਾਭਾ ਜੇਲ੍ਹ ਬਰੇਕ ਦਾ ਮਾਸਟਰ ਮਾਈਂਡ ਤੇ ਪੰਜਾਬ ਪੁਲਿਸ ਨੂੰ ਅਤਿ ਲੋੜੀਂਦਾ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਸ਼ੁੱਕਰਵਾਰ ਸ਼ਾਮ ਆਪਣੇ ਸਾਥੀ ਪ੍ਰੇਮਾ ਲਾਹੌਰੀਆ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਉਸਦੇ ਇਕ ਹੋਰ ਸਾਥੀ ਸਵਿੰਦਰ ਸਿੰਘ ਨੂੰ ਵੀ ਮਾਰ ਮੁਕਾਇਆ। ਪੰਜਾਬ ਪੁਲਿਸ ਦੇ ਆਰਗੇਨਾਈਜ਼ਡ ਕ੍ਰਾਈਮ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਵਿਕਰਮ ਸਿੰਘ ਬਰਾੜ ਦੀ ਅਗਵਾਈ ਵਿਚ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਪੰਜਾਬ ਦੀ ਹੱਦ ਨਾਲ ਲੱਗਦੇ ਰਾਜਸਥਾਨ ਦੇ ਪਿੰਡ ਪੱਕੀ (ਸੀਟੂ) ਵਿਚ ਇਥ ਢਾਣੀ (ਫਾਰਮ ਹਾਊਸ) ‘ਤੇ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ। ਨਾਭਾ ਜੇਲ੍ਹ ਬਰੇਕ ਦੇ 14 ਮਹੀਨੇ ਬਾਅਦ 35 ਮੈਂਬਰੀ ਵਿਸ਼ੇਸ਼ ਟੀਮ ਨੇ 40 ਮਿੰਟ ਦੇ ਮੁਕਾਬਲੇ ਵਿਚ ਤਿੰਨਾਂ ਨੂੰ ਮਾਰ ਮੁਕਾਇਆ। ਇਸ ਦੌਰਾਨ ਪੁਲਿਸ ਨੇ 40 ਰਾਊਂਡ ਫਾਇਰ ਕੀਤੇ ਜਦਕਿ ਗੈਂਗਸਟਰਾਂ ਨੇ 70 ਗੋਲੀਆਂ ਚਲਾਈਆਂ। ਗੌਂਡਰ ‘ਤੇ ਸੱਤ ਲੱਖ ਜਦਕਿ ਪ੍ਰੇਮਾ ਲਾਹੌਰੀਆ ‘ਤੇ 2 ਲੱਖ ਰੁਪਏ ਦਾ ਇਨਾਮ ਸੀ। ਮਾਰੇ ਗਏ ਤਿੰਨਾਂ ਗੈਂਗਸਟਰਾਂ ਵਿਰੁੱਧ ਸ੍ਰੀਗੰਗਾਨਗਰ ਦੇ ਥਾਣਾ ਹਿੰਦੂਮਲਕੋਟ ਵਿਚ ਹੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ 32 ਬੋਰ ਤੇ 30 ਬੋਰ ਦੇ ਪਿਸਤੌਲ ਤੇ ਵੱਡੀ ਗਿਣਤੀ ਵਿਚ ਗੋਲੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਮੋਬਾਇਲ ਫੋਨ, ਡੌਂਗਲ ਤੇ ਲੁੱਟੀ ਗਈ ਫਰਜ਼ੀ ਨੰਬਰਾਂ ਵਾਲੀ ਡਿਜ਼ਾਇਰ ਕਾਰ ਤੇ ਕਈ ਫਰਜ਼ੀ ਨੰਬਰ ਪਲੇਟਾਂ ਵੀ ਮਿਲੀਆਂ ਹਨ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਿੱਕੀ ਗੌਂਡਰ ਦਾ ਸਸਕਾਰ
ਭੈਣਾਂ ਨੇ ਭਰਾ ਦੇ ਸਿਰ ‘ਤੇ ਸਿਹਰਾ ਬੰਨ ਕੇ ਕੀਤਾ ਵਿਦਾ
ਲੰਬੀ : ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਉਸਦੇ ਪਿੰਡ ਸਰਾਵਾਂ ਬੋਦਲਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਪੁਲਿਸ ਦੇ ਸਖ਼ਤ ਪਹਿਰੇ ਹੇਠ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਸਸਕਾਰ ਮੌਕੇ ਉਸਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪੁੱਜੇ ਹੋਏ ਸਨ। ਵਿੱਕੀ ਦੀਆਂ ਭੈਣਾਂ ਨੇ ਆਪਣੇ ਭਰਾ ਦੇ ਸਿਰ ‘ਤੇ ਸਿਹਰਾ ਬੰਨ੍ਹਿਆ। ਉਸਦੇ ਪਿਤਾ ਮਹਿਲ ਸਿੰਘ ਭੁੱਲਰ ਨੇ ਚਿਖਾ ਨੂੰ ਅਗਨੀ ਦਿੱਤੀ। ਸ਼ਮਸ਼ਾਨਘਾਟ ਵਿੱਚ ਵਿਰਲਾਪ ਕਰਦੀ ਉਸਦੀ ਮਾਂ ਬਲਵੰਤ ਕੌਰ ਕੀਰਨੇ ਪਾ ਰਹੀ ਸੀ। ਜ਼ਿਲ੍ਹਾ ਪੁਲਿਸ ਵੱਲੋਂ ਸ਼ਮਸ਼ਾਨਘਾਟ ਦੇ ਅੰਦਰ ਅਤੇ ਬਾਹਰ ਚੱਪੇ-ਚੱਪੇ ‘ਤੇ ਪੁਲਿਸ ਦਾ ਪਹਿਰਾ ਸੀ ਅਤੇ ਰਾਹਾਂ ‘ਤੇ ਪੁਲਿਸ ਦੀ ਸਖ਼ਤ ਨਾਕਾਬੰਦੀ ਸੀ। ਜ਼ਿਕਰਯੋਗ ਹੈ ਕਿ ਪ੍ਰੇਮਾ ਲਾਹੌਰੀਆ ਦਾ ਜਲੰਧਰ ਅਤੇ ਸਵਿੰਦਰ ਸਿੰਘ ਦਾ ਅੰਮ੍ਰਿਤਸਰ ‘ਚ ਪੈਂਦੇ ਪਿੰਡ ਧਨੋਏ ਖੁਰਦ ਵਿਚ ਸਸਕਾਰ ਕਰ ਦਿੱਤਾ ਗਿਆ ਹੈ।
‘ਪੁੱਤ ਮਰੇ ਦਾ ਦੁੱਖ ਐ ਪਰ ਆਹ ਕੰਮ ਤਾਂ ਹੋਣਾ ਈ ਸੀ’
ਲੰਬੀ : ਵਿੱਕੀ ਗੌਂਡਰ ਦੇ ਘਰ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਪੁਲਿਸ ਫੋਰਸ ਤਾਇਨਾਤ ਹੈ ਜੋਕਿ ਤਲਾਸ਼ੀ ਲਏ ਬਿਨਾ ਕਿਸੇ ਨੂੰ ਜਾਣ ਨਹੀਂ ਦਿੰਦੇ। ਹਾਲਾਂਕਿ ਔਰਤਾਂ ਸਮੇਤ 80 ਜਣੇ ਗੌਂਡਰ ਦੇ ਘਰ ਵਿਚ ਬੈਠੇ ਹੋਏ ਹਨ। ਗੌਂਡਰ ਦੀ ਮਾਂ ਜਸਵਿੰਦਰ ਕੌਰ ਜੋ ਘਰ ਵਿਚ ਰਜਾਈ ਵਿਚ ਬੈਠੀ ਹੋਈ ਸੀ, ਉਸ ਨੇ ਕਿਹਾ, ”ਪੁੱਤ ਮਰੇ ਦਾ ਦੁੱਖ ਤਾਂ ਹੁੰਦੈ ਪਰ ਸਾਨੂੰ ਪਤਾ ਸੀ ਆਹ ਕੰਮ ਤਾਂ ਹੋਣਾ ਹੀ ਸੀ, ਜਦੋਂ ਉਹਦੇ ਕੰਮ ਈ ਏਦਾਂ ਦੇ ਸੀ”।
ਗੌਂਡਰ ਦੇ ਮਾਮੇ ਦਾ ਆਰੋਪ, ਸਮਰਪਣ ਕਰਨਾ ਚਾਹੁੰਦਾ ਸੀ ਵਿੱਕੀ, ਪੁਲਿਸ ਨੇ ਧੋਖੇ ਨਾਲ ਮਾਰਿਆ
ਮਲੋਟ : ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਵਿੱਕੀ ਨੂੰ ਧੋਖੇ ਨਾਲ ਮਾਰਿਆ ਹੈ। ਉਹ ਤਾਂ ਆਤਮ ਸਮਰਪਣ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਮੁਕਾਬਲਾ ਕਰਨ ਵਾਲੀ ਟੀਮ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਜਲੰਧਰ ਸਪੋਰਟਸ ਕਾਲਜ ‘ਚ ਵਿੱਕੀ ਦੇ ਨਾਲ ਪੜ੍ਹਦਾ ਸੀ। ਵਿੱਕੀ ਨੇ ਕਿਹਾ ਸੀ ਕਿ ਉਹ ਬਿਕਰਮ ਨੂੰ ਮਿਲਣ ਜਾ ਰਿਹਾ ਹੈ।
ਪ੍ਰੇਮਾ ਦੀ ਵੀ ਪੁਲਿਸ ਨੂੰ 10 ਮਾਮਲਿਆਂ ‘ਚ ਸੀ ਭਾਲ
ਪ੍ਰੇਮਾ ਲਾਹੌਰੀਆ ‘ਤੇ ਪੁਲਿਸ ਨੇ ਦੋ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਪ੍ਰੇਮਾ ਨੇ ਜੇਲ੍ਹ ਬਰੇਕ ਕਰਕੇ ਗੌਂਡਰ ਨੂੰ ਭਜਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਜਲੰਧਰ ਵਾਸੀ ਪ੍ਰੇਮਾ ਨੂੰ ਕਦੇ ਜੇਲ੍ਹ ਵਿਚੋਂ ਫਰਾਰ ਕਰਾਉਣ ਵਿਚ ਗੌਂਡਰ ਨੇ ਮੱਦਦ ਕੀਤੀ ਸੀ। ਉਸ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣ ਗਏ ਸਨ।
ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਚਰਚਾ ‘ਚ ਆਇਆ ਸੀ ਗੌਂਡਰ
ਗੌਂਡਰ 21 ਜਨਵਰੀ 2015 ਨੂੰ ਸੁੱਖਾ ਕਾਹਲਵਾਂ ਦੀ ਹੱਤਿਆ ਕਰਨ ਤੋਂ ਬਾਅਦ ਚਰਚਾ ਵਿਚ ਆਇਆ ਸੀ। ਉਸ ਨੇ ਕਾਹਲਵਾਂ ਦੀ ਹੱਤਿਆ ਕਰਨ ਤੋਂ ਬਾਅਦ ਫੇਸਬੁੱਕ ‘ਤੇ ਉਸਦੀ ਲਾਸ਼ ਕੋਲ ਭੰਗੜਾ ਪਾਉਂਦੇ ਹੋਏ ਦੀ ਵੀਡੀਓ ਪਾ ਕੇ ਕਬੂਲ ਕੀਤਾ ਸੀ ਕਿ ਹੱਤਿਆ ਉਸ ਨੇ ਬਦਲਾ ਲੈਣ ਲਈ ਕੀਤੀ ਹੈ।
ਇਸ ਮਗਰੋਂ ਉਸ ਨੂੰ ਤਰਨਤਾਰਨ ਪੁਲਿਸ ਨੇ ਦਸੰਬਰ 2015 ਵਿਚ ਗ੍ਰਿਫਤਾਰ ਕੀਤਾ ਸੀ, ਜਿਥੋਂ ਉਸ ਨੂੰ ਨਾਭਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। 27 ਨਵੰਬਰ ਨੂੰ ਗੌਂਡਰ ਆਪਣੇ ਸਾਥੀਆਂ ਦੀ ਮੱਦਦ ਨਾਲ ਨਾਭਾ ਜੇਲ੍ਹ ਬਰੇਕ ਕਰਕੇ ਫਰਾਰ ਹੋ ਗਿਆ ਸੀ।
ਮੁੱਖ ਧਾਰਾ ਵਿਚ ਸ਼ਾਮਲ ਹੋਣ ਦੇ ਕਈ ਮੌਕੇ ਦਿੱਤੇ : ਡੀਜੀਪੀ
ਅਪਰੇਸ਼ਨ ਤੋਂ 12 ਘੰਟੇ ਬਾਅਦ ਡੀਜੀਪੀ ਸੁਰੇਸ਼ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਸਫਲ ਮੁਕਾਬਲੇ ਲਈ ਇੰਟੈਲੀਜੈਂਸ ਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੇ ਆਈਜੀ ਨਿਲੱਭ ਕਿਸ਼ੋਰ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਗੌਂਡਰ ਦੇ ਮੁਕਾਬਲੇ ਤੋਂ ਪਹਿਲਾਂ ਉਸ ਕਈ ਵਾਰ ਮੁੱਖ ਧਾਰਾ ਵਿਚ ਸ਼ਾਮਲ ਹੋਣ ਦੇ ਕਈ ਮੌਕੇ ਦਿੱਤੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹੀ ਟਵੀਟ ਕਰ ਕੇ ਪੁਲਿਸ ਟੀਮ ਨੂੰ ਵਧਾਈ ਦੇ ਦਿੱਤੀ ਸੀ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਪੁਲਿਸ ਨੂੰ ਇਸ ਕਾਰਵਾਈ ਦੀ ਵਧਾਈ ਦਿੱਤੀ।
ਵਿੱਕੀ ਗੌਂਡਰ ਮੁਕਾਬਲੇ ਦੀ ਮੈਜਿਸਟਰੇਟੀ ਜਾਂਚ ਸ਼ੁਰੂ
ਜੈਪੁਰ : ਗੈਂਗਸਟਰ ਵਿੱਕੀ ਗੌਂਡਰ ਅਤੇ 2016 ਦੇ ਨਾਭਾ ਜੇਲ੍ਹ ਕਾਂਡ ਦੇ ਸਰਗਨਾ ਪ੍ਰੇਮਾ ਲਾਹੌਰੀਆ ਦੇ ਰਾਜਸਥਾਨ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਜਾਣ ਦੀ ਮੈਜਿਸਟਰੇਟੀ ਜਾਂਚ ਸ਼ੁਰੂ ਹੋ ਗਈ। ਗੌਂਡਰ ਅਤੇ ਲਾਹੌਰੀਆ ਰਾਜਸਥਾਨ ਦੇ ਪੱਕੀ ਪਿੰਡ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸੀ, ਜਦੋਂ ਕਿ ਇਕ ਹੋਰ ਅਪਰਾਧੀ ਸਵਿੰਦਰ ਸਿੰਘ ਜ਼ਖਮੀ ਹੋ ਗਿਆ ਸੀ ਜਿਸ ਦੀ ਇਲਾਜ ਦੌਰਾਨ ਕੁਝ ਦਿਨ ਬਾਅਦ ਮੌਤ ਹੋ ਗਈ। ਵਧੀਕ ਐਸਪੀ ਸੁਰਿੰਦਰ ਸਿੰਘ ਰਾਠੌੜ ਨੇ ਦੱਸਿਆ, ”ਮੈਜਿਸਟਰੇਟੀ ਜਾਂਚ ਪੁਲਿਸ ਮੁਕਾਬਲੇ ਦੌਰਾਨ ਸੁਪਰੀਮ ਕੋਰਟ ਦੇ ਨੇਮਾਂ ਦੀ ਪਾਲਣ ਕੀਤੇ ਜਾਣ ਨੂੰ ਚੈੱਕ ਕਰਨ ਲਈ ਕੀਤੀ ਜਾਵੇਗੀ।” ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਕਾਬਲੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਵਸਨੀਕਾਂ ਦੇ ਬਿਆਨ ਕਲਮਬੰਦ ਕੀਤੇ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਬਿਆਨ ਲੈਣ ਲਈ ਸੰਮਨ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਲਖਵਿੰਦਰ ਸਿੰਘ ਲੱਖਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮੁਕਾਬਲੇ ਦੌਰਾਨ ਵਰਤੇ ਗਏ ਹਥਿਆਰਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਗੈਂਗਸਟਰਾਂ ਦੀ ਸਿਆਸੀ ਜੰਗ ‘ਚ ਅਵਤਾਰ ਹੈਨਰੀ ਦਾ ਆਇਆ ਨਾਂ
ਅਕਾਲੀ ਦਲ ਦਾ ਦੋਸ਼, ਕਾਂਗਰਸੀਆਂ ਨੇ ਨੌਜਵਾਨਾਂ ਨੂੰ ਕੀਤਾ ਗੁੰਮਰਾਹ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੀ ਗੈਂਗਸਟਰਾਂ ਦੀ ਸਿਆਸੀ ਜੰਗ ਵਿੱਚ ਕੁੱਦ ਪਿਆ ਹੈ।ਅਕਾਲੀ ਦਲ ਨੇ ਕਾਂਗਰਸ ਦੇ ਆਗੂ ਅਵਤਾਰ ਹੈਨਰੀ ਤੇ ਅਵਤਾਰ ਸਿੰਘ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਇਨ੍ਹਾਂ ਕਾਂਗਰਸੀ ਆਗੂਆਂ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਬੰਦੂਕ ਸੱਭਿਆਚਾਰ ਵੱਲ ਲਿਜਾਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਦੋ ਗੈਂਗਸਟਰਾਂ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੈਰਾਨੀਜਨਕ ਖ਼ੁਲਾਸੇ ਕੀਤੇ ਗਏ ਹਨ। ਸੁੱਖਾ ਕਾਹਲਵਾਂ ਦੇ ਨਾਨਾ ਗੁਰਮੇਲ ਸਿੰਘ ਤੇ ਵਿੱਕੀ ਗੋਂਡਰ ਦੇ ਮਾਮਾ ਗੁਰਭੇਜ ਸਿੰਘ ਸੰਧੂ ਵੱਲੋਂ ਕੀਤੇ ਦਾਅਵਿਆਂ ਮੁਤਾਬਕ ਇਹ ਕਾਂਗਰਸੀ ਆਗੂ ਅਵਤਾਰ ਹੈਨਰੀ ਤੇ ਅਵਤਾਰ ਸਿੰਘ ਹੀ ਸਨ। ਇਨ੍ਹਾਂ ਨੇ ਹੀ ਉਨ੍ਹਾਂ ਨੂੰ ਬੰਦੂਕ ਸੱਭਿਆਚਾਰ ਪ੍ਰਤੀ ਆਕਰਸ਼ਤ ਕੀਤਾ ਤੇ ਉਹ ਗੈਂਗਸਟਰ ਬਣ ਗਏ ਤੇ ਕਾਂਗਰਸੀ ਆਗੂਆਂ ਦੇ ਕਹਿਣ ਅਨੁਸਾਰ ਕੰਮ ਕਰਨ ਲੱਗ ਪਏ ਸਨ।
ਵਿੱਕੀ ਗੌਂਡਰ ਦੇ ਮਾਰੇ ਜਾਣ ਤੋਂ ਬਾਅਦ ਪੁਲਿਸ ਨੂੰ ਧਮਕੀਆਂ ਦੇਣ ਵਾਲੇ ਤਿੰਨ ਗੈਂਗਸਟਰ ਗ੍ਰਿਫ਼ਤਾਰ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਨੇ ਕੀਤਾ ਬਰੀ
ਜਲੰਧਰ : ਗੈਂਗਸਟਰ ਵਿੱਕੀ ਗੌਂਡਰ ਦੇ ਮਾਰੇ ਜਾਣ ਤੋਂ ਬਾਅਦ ਫੇਸਬੁੱਕ ‘ਤੇ ਪੁਲਿਸ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਸ਼ੇਰਾ ਖੁੱਬਣ ਗਰੁੱਪ ਦੇ ਤਿੰਨ ਗੈਂਗਸਟਰਾਂ ਨੂੰ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਗੈਂਗਸਟਰਾਂ ਕੋਲੋਂ ਪੁਲਿਸ ਨੇ 6 ਪਿਸਤੌਲ ਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਆਰੋਪੀਆਂ ਦੀ ਪਛਾਣ ਤਲਵੰਡੀ ਖੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਗੋਪੀ, ਜ਼ੀਰਾ ਦੇ ਰਹਿਣ ਵਾਲੇ ਕਾਰਜਪਾਲ ਸਿੰਘ ਤੇ ਇੱਕ ਹੋਰ ਦੀ ਪਛਾਣ ਗੁਰਜੀਤ ਸਿੰਘ ਵਜੋਂ ਹੋਈ ਹੈ। ਆਈ ਜੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਗੌਂਡਰ ਦੀ ਮੌਤ ਤੋਂ ਬਾਅਦ ਗੋਪੀ ਲਗਾਤਾਰ ਪੁਲਿਸ ਨੂੰ ਧਮਕੀਆਂ ਦੇ ਰਿਹਾ ਸੀ। ਗੋਪੀ ਨੇ ਸ਼ੇਰਾ ਖੁੱਬਣ ਨਾਮ ਤੋਂ ਫੇਸਬੁੱਕ ਪੇਜ਼ ਬਣਾਇਆ ਹੋਇਆ ਸੀ ਤੇ ਇਥੋਂ ਹੀ ਉਸਨੇ ਪੁਲਿਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।ਦੂਜੇ ਪਾਸੇ ਨਾਮੀ ਗੈਂਗਸਟਰ ਜਗਰੂਪ ਸਿੰਘ ਉਰਫ਼ ਜੱਗੂ ਭਗਵਾਨਪੂਰੀਆ ਬਰੀ ਹੋ ਗਿਆ ਹੈ। ਗੁਰਦਾਸਪੁਰ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਉਸ ਨੂੰ ਲੁੱਟ ਦੇ ਮਾਮਲਿਆਂ ਵਿੱਚ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।
ਪੁਲਿਸ ਮੁਕਾਬਲੇ ਤੋਂ ਡਰੇ ਗੈਂਗਸਟਰ ਰਵੀ ਦਿਓਲ ਨੇ ਕੀਤਾ ਆਤਮ ਸਮਰਪਣ
ਸੰਗਰੂਰ : ਪੰਜਾਬ ਪੁਲਿਸ ਨੂੰ ਜਗਦੀਸ਼ ਭੋਲਾ ਡਰੱਗ ਤਸਕਰੀ ਸਮੇਤ ਤਕਰੀਬਨ 12 ਕੇਸਾਂ ਵਿਚ ਲੋੜੀਂਦੇ ਤੇ 11 ਸਾਲਾਂ ਤੋਂ ਭਗੌੜੇ ਗੈਂਗਸਟਰ ਰਵੀਚਰਨ ਸਿੰਘ ਉਰਫ਼ ਰਵੀ ਦਿਓਲ ਨੇ ਸੰਗਰੂਰ ‘ਚ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਜੇ.ਐਸ. ਮਹਿੰਦੀਰੱਤਾ ਦੀ ਅਦਾਲਤ ਵਿਚ ਸਮਰਪਣ ਕਰ ਦਿੱਤਾ। ਅਦਾਲਤ ਨੇ ਸੰਗਰੂਰ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ, ਜਿਸ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕੀਤਾ ਅਤੇ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਪਰ ਅਦਾਲਤ ਨੇ ਚਾਰ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਰਵੀ ਦਿਓਲ ਅਨੁਸਾਰ ਉਸ ਨੇ ਪੰਜਾਬ ਪੁਲਿਸ ਦੇ ਝੂਠੇ ਮੁਕਾਬਲੇ ਡਰੋਂ ਸਮਰਮਣ ਕੀਤਾ ਹੈ। ਜ਼ਿਕਰਯੋਗ ਹੈ ਕਿ ਰਵੀ ਕੌਮੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ ਅਤੇ ਗਾਇਕ ਵਜੋਂ ਵੀ ਨਾਮਣਾ ਖੱਟ ਚੁੱਕਾ ਹੈ। ਉਸ ਦਾ ਗੀਤ ‘ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ’ ਕਾਫ਼ੀ ਮਕਬੂਲ ਹੋਇਆ ਸੀ। ਜਾਣਕਾਰੀ ਅਨੁਸਾਰ ਭੋਲਾ ਡਰੱਗ ਕੇਸ ਵਿਚ ਫਤਹਿਗੜ੍ਹ ਸਾਹਿਬ ਪੁਲਿਸ ਨੇ ਅਪਰੈਲ 2013 ਵਿੱਚ ਕੇਸ ਦਰਜ ਕੀਤਾ ਸੀ, ਜਿਸ ਵਿਚ ਰਵੀ ਦਿਓਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਰਾਸ਼ਟਰੀ ਪੱਧਰ ਦਾ ਖਿਡਾਰੀ ਹਰਜਿੰਦਰ ਸਿੰਘ ਕਿਵੇਂ ਬਣਿਆ ਗੈਂਗਸਟਰ
ਸ੍ਰੀ ਮੁਕਤਸਰ ਸਾਹਿਬ : ਮਾਪਿਆਂ ਦਾ ਇਕਲੌਤਾ ਪੁੱਤਰ ਹਰਜਿੰਦਰ ਸਿੰਘ ਪੜ੍ਹਾਈ ਵਿਚ ਹੁਸ਼ਿਆਰ ਹੋਣ ਤੋਂ ਇਲਾਵਾ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ ਤੇ ਉਸ ਦੇ ਗੈਂਗਸਟਰ ਵਿੱਕੀ ਗੌਂਡਰ ਤੱਕ ਦੇ ਸਫ਼ਰ ਨੇ ਉਸ ਦੇ ਜੀਵਨ ਨੂੰ ਤਬਾਹ ਕਰ ਦਿੱਤਾ। ਅਪਰਾਧਿਕ ਦੁਨੀਆ ਵਿਚ ਸ਼ਾਮਲ ਹੋਣ ਮਗਰੋਂ ਉਸ ਦਾ ਪਰਿਵਾਰ ਵੀ ਮੁਸ਼ਕਿਲਾਂ ਵਿਚ ਫ਼ਸ ਗਿਆ। ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਜਨਮ ਤੋਂ ਖੂੰਖਾਰ ਗੈਂਗਸਟਰ ਨਹੀਂ ਸੀ, ਸਗੋਂ ਇਕ ਵਧੀਆ ਮਿਲਣਸਾਰ ਤੇ ਨਰੋਈ ਸਿਹਤ ਵਾਲਾ ਸੁਨੱਖਾ ਨੌਜਵਾਨ ਅਤੇ ਡਿਸਕਸ ਥਰ੍ਹੋ ਦਾ ਚੰਗਾ ਖਿਡਾਰੀ ਸੀ, ਉਹ ਕਸਰਤ ਕਰਦਾ ਸੀ ਤੇ ਹਰ ਤਰ੍ਹਾਂ ਦੇ ਨਸ਼ੇ-ਪੱਤੇ ਤੋਂ ਰਹਿਤ ਸੀ। ਨਰੋਈ ਸਿਹਤ ਅਤੇ ਚੰਗਾ ਖਿਡਾਰੀ ਹੋਣ ਦੇ ਕਾਰਨ ਉਸ ਨੂੰ ਜਲੰਧਰ ਦੇ ਨਾਮੀ ਸਪੋਰਟਸ ਕਾਲਜ ਵਿਚ ਦਾਖ਼ਲਾ ਮਿਲ ਗਿਆ, ਕਾਫ਼ੀ ਸਮਾਂ ਖੇਡਿਆ ਤੇ ਨਾਂ ਵੀ ਕਮਾਇਆ, ਪਰ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਵਿਚ ਇਕ ਅਜਿਹਾ ਮੋੜ ਆਉਣ ਵਾਲਾ ਹੈ, ਜੋ ਉਸ ਦੀ ਮੌਤ ਦਾ ਕਾਰਨ ਬਣ ਜਾਵੇਗਾ। ਜਲੰਧਰ ਵਿਖੇ ਰਹਿੰਦਿਆਂ ਉਸ ਦਾ ਮੇਲ ਮਿਲਾਪ ਕੁਝ ਅਜਿਹੇ ਵਿਅਕਤੀਆਂ ਨਾਲ ਹੋ ਗਿਆ, ਜੋ ਖ਼ਤਰਨਾਕ ਗੈਂਗਾਂ ਨਾਲ ਜੁੜੇ ਹੋਏ ਸਨ, ਕਿਉਂਕਿ ਇਹ ਉਮਰ ਦਾ ਅਜਿਹਾ ਜੋਸ਼ੀਲਾ ਤੇ ਖ਼ਤਰਨਾਕ ਸਮਾਂ ਹੁੰਦਾ ਹੈ ਜਦੋਂ ਮੱਲੋ-ਮੱਲੀ ਨਾ ਚਾਹੁੰਦੇ ਹੋਏ ਵੀ ਵਿਅਕਤੀ ਗ਼ਲਤ ਹੋ ਜਾਂਦਾ ਹੈ। ਵਿੱਕੀ ਦੇ ਤਾਏ ਗੁਰਦੇਵ ਸਿੰਘ ਦੇ ਦੱਸਣ ਅਨੁਸਾਰ ਇਕ ਕਤਲ ਦੇ ਮਾਮਲੇ ਵਿਚ ਵਿੱਕੀ ਦਾ ਨਾਂ ਬੋਲਣ ਲੱਗਿਆ, ਜਿਸ ਦੌਰਾਨ ਉਹ ਕਾਫ਼ੀ ਸਮਾਂ ਰੂਪੋਸ਼ ਰਿਹਾ, ਪਰ ਕੁਝ ਸਮੇਂ ਦੌਰਾਨ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਤੇ ਤਸ਼ੱਦਦ ਕੀਤਾ ਗਿਆ, ਇਸ ਤੋਂ ਪਹਿਲਾਂ ਕਿ ਉਹ ਇਸ ਮਾਮਲੇ ਵਿਚ ਸੁਰਖਰੂ ਹੁੰਦਾ, ਉਸ ਨੂੰ ਇਕ ਹੋਰ ਮਾਮਲੇ ਵਿਚ ਉਲਝਾ ਦਿੱਤਾ ਗਿਆ, ਇਸ ਤੋਂ ਬਾਅਦ ਉਸ ‘ਤੇ ਕਈ ਮਾਮਲੇ ਦਰਜ ਹੋਏ। ਅਜਿਹਾ ਹੋਣ ‘ਤੇ ਉਹ ਪੱਕੇ ਤੌਰ ‘ਤੇ ਹੀ ਲੁਕ-ਛਿਪ ਕੇ ਰਹਿਣ ਲੱਗਾ ਅਤੇ ਸੁੱਖਾ ਕਾਹਲਵਾਂ ਨਾਂ ਦੇ ਇਕ ਨਾਮੀ ਗਰੋਹ ਨਾਲ ਪੱਕੇ ਤੌਰ ‘ਤੇ ਜੁੜ ਗਿਆ। ਅਜੇ ਤੱਕ ਵੀ ਉਹ ਬਹੁਤੀ ਚਰਚਾ ਵਿਚ ਨਹੀਂ ਸੀ ਆਇਆ, ਪਰ ਜਦੋਂ ਉਸ ਨੇ ਪੁਲਿਸ ਹਿਰਾਸਤ ਵਿਚ ਪੇਸ਼ੀ ਤੋਂ ਆ ਰਹੇ ਆਪਣੇ ਪੁਰਾਣੇ ਸਾਥੀ ਸੁੱਖਾ ਕਾਹਲਵਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਤਾਂ ਉਹ ਰਾਤੋ-ਰਾਤ ਸੁਰਖੀਆਂ ਵਿਚ ਗਿਆ ਤੇ ਮੀਡੀਆ ਵਿਚ ਉਸ ਦੀ ਭਰਪੂਰ ਚਰਚਾ ਹੋਣ ਲੱਗੀ। ਸੂਤਰਾਂ ਮੁਤਾਬਿਕ ਨਾਭਾ ਜੇਲ੍ਹ ਵਿਚ ਰਹਿੰਦਿਆਂ ਉਸ ਨੇ ਸਭ ਨੂੰ ਇਹ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਜ਼ਰੂਰ ਹੁਣ ਕੋਈ ਵੀ ਅਜਿਹਾ ਕੰਮ ਨਹੀਂ ਕਰੇਗਾ, ਜਿਸ ਨਾਲ ਉਸ ਦੀ ਜਾਂ ਪਰਿਵਾਰ ਦਾ ਨੁਕਸਾਨ ਹੋਵੇ, ਪਰ ਉਹ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਫਰਾਰ ਹੋ ਗਿਆ, ਜਿਸ ਉਪਰੰਤ ਉਹ ਚਰਚਾ ਵਿਚ ਆਇਆ ਅਤੇ ਪੰਜਾਬ ਦਾ ਇਨਾਮੀ ਗੈਂਗਸਟਰ ਬਣ ਗਿਆ।
ਸੈਟੇਲਾਈਟ ਮੈਪ ਸਹਾਰੇ ਪਿੰਡ ਤੱਕ ਪੁੱਜੀ ਪੁਲਿਸ
ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਓਸੀਸੀਯੂ ਲਗਾਤਾਰ ਦੋਵਾਂ ਗੈਂਗਸਟਰਾਂ ਦੀ ਨਕਲੋ-ਹਰਕਤ ‘ਤੇ ਨਜ਼ਰ ਰੱਖ ਰਹੀ ਸੀ। ਪਿਛਲੇ ਕਈ ਦਿਨਾਂ ਤੋਂ ਗੌਂਡਰ ਤੇ ਪ੍ਰੇਮਾ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਫਾਜ਼ਿਲਕਾ, ਤਰਨਤਾਰਨ ਤੇ ਫਰੀਦਕੋਟ ਵਿਚ ਵਿਚਰ ਰਹੇ ਸਨ। 24 ਜਨਵਰੀ ਨੂੰ ਪੱਕੀ ਸੂਚਨਾ ਮਿਲੀ ਕਿ ਇਹ ਦੋਵੇਂ ਪੰਜਾਬ ਦੀ ਸਰਹੱਦ ‘ਤੇ ਵਸੇ ਫਾਜ਼ਿਲਕਾ ਦੇ ਸਰਵਰ ਖੂਈਆ ਸਟੇਸ਼ਨ ਅਧੀਨ ਘੁੰਮ ਰਹੇ ਹਨ। ਵਾਧੂ ਪੁਲਿਸ ਬਲ ਭੇਜ ਕੇ ਪੂਰੇ ਅਪਰੇਸ਼ਨ ਨੂੰ ਆਈਜੀ ਨਿਲੱਭ ਕਿਸ਼ੋਰ ਨੇ ਏਆਈਜੀ ਗੁਰਮੀਤ ਸਿੰਘ ਅਧੀਨ ਨੇਪਰੇ ਚਾੜ੍ਹਿਆ ਗਿਆ। 26 ਜਨਵਰੀ ਨੂੰ ਸੂਚਨਾ ਮਿਲੀ ਕਿ ਦੋਵੇਂ ਗੈਂਗਸਟਰ ਪੰਜਾਵਾ ਪਿੰਡ ਵਿਚ ਲੁਕੇ ਹੋਏ ਹਨ। ਇਨ੍ਹਾਂ ਨਾਲ ਲਖਵਿੰਦਰ ਸਿੰਘ ਲੱਖਾ ਪੁੱਤਰ ਇਕਬਾਲ ਸਿੰਘ ਵੀ ਸੀ। ਪੂਰੇ ਇਲਾਕੇ ਦਾ ਮੈਪ ਕਢਵਾਉਣ ਪਿੱਛੋਂ ਪੁਲਿਸ ਦੀਆਂ ਪੰਜ ਟੀਮਾਂ ਮੌਕੇ ਲਈ ਰਵਾਨਾ ਕੀਤੀਆਂ ਗਈਆਂ। ਸ਼ਾਮ 5.30 ਵਜੇ ਅਪਰੇਸ਼ਨ ਸ਼ੁਰੂ ਕੀਤਾ ਗਿਆ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …