Breaking News
Home / ਪੰਜਾਬ / ਅਕਾਲੀ ਮੰਤਰੀਆਂ ਦੇ ਹਵਾਈ ਝੂਟਿਆਂ ਨੇ ਖਜ਼ਾਨੇ ਨੂੰ ਲਾਇਆ ਖੋਰਾ

ਅਕਾਲੀ ਮੰਤਰੀਆਂ ਦੇ ਹਵਾਈ ਝੂਟਿਆਂ ਨੇ ਖਜ਼ਾਨੇ ਨੂੰ ਲਾਇਆ ਖੋਰਾ

ਕੈਰੋਂ ਤੇ ਮਜੀਠੀਆ ਦੇ ਹਵਾਈ ਝੂਟੇ ਡੇਢ ਕਰੋੜ ‘ਚ ਪਏ
ਬਠਿੰਡਾ : ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਵਜ਼ੀਰਾਂ ਦੇ ਹੈਲੀਕਾਪਟਰ ਦੇ ਝੂਟਿਆਂ ਨੇ ਖ਼ਜ਼ਾਨੇ ਨੂੰ ਹੇਠਾਂ ਲਾਹ ਦਿੱਤਾ ਹੈ, ਜਿਸ ‘ਤੇ ਹੁਣ ਉਂਗਲ ਉੱਠੀ ਹੈ। ਗੱਠਜੋੜ ਸਰਕਾਰ ਨੇ ਵਜ਼ੀਰਾਂ ਵਾਸਤੇ ਵੱਖਰੇ ਤੌਰ ‘ਤੇ ਪੰਜ ਹਵਾਈ ਕੰਪਨੀਆਂ ਤੋਂ ਵਿਸ਼ੇਸ਼ ਤੌਰ ‘ਤੇ ਹੈਲੀਕਾਪਟਰ ਭਾੜੇ ‘ਤੇ ਲਏ ਸਨ। ਉਦੋਂ ਸਰਕਾਰ ਨੇ ਹੈਲੀਕਾਪਟਰ ਭਾੜੇ ‘ਤੇ ਲੈਣ ਲਈ ਨਾ ਤਾਂ ਟੈਂਡਰ ਜਾਰੀ ਕੀਤੇ ਅਤੇ ਨਾ ਹੀ ਕਿਸੇ ਹਵਾਈ ਕੰਪਨੀ ਨਾਲ ਸਮਝੌਤਾ ਕੀਤਾ। ਵਿੱਤੀ ਵਰ੍ਹੇ 2013-14 ਤੋਂ ਜੁਲਾਈ 2016 ਤਕ ਇਨ੍ਹਾਂ ਪੰਜ ਹੈਲੀਕਾਪਟਰਾਂ ਦਾ ਸਭ ਤੋਂ ਵੱਧ ਨਜ਼ਾਰਾ ਤਤਕਾਲੀ ਵਜ਼ੀਰ ਬਿਕਰਮ ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਨੇ ਲੁੱਟਿਆ, ਜਿਨ੍ਹਾਂ ਦੇ ਹਵਾਈ ਝੂਟੇ ਤਕਰੀਬਨ ਡੇਢ ਕਰੋੜ ਰੁਪਏ ਵਿੱਚ ਪਏ ਹਨ।
ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰਟੀਆਈ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਤਤਕਾਲੀ ਖੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਨੇ ਹੈਲੀਕਾਪਟਰ ‘ਤੇ ਦਿੱਲੀ-ਚੰਡੀਗੜ੍ਹ ਦੇ ਜ਼ਿਆਦਾ ਗੇੜੇ ਲਾਏ। ਉਨ੍ਹਾਂ ਨੇ 53 ਘੰਟੇ ਹੈਲੀਕਾਪਟਰ ਵਰਤਿਆ ਜਦੋਂ ਕਿ ਮਜੀਠੀਆ ਨੇ ਤਕਰੀਬਨ 22 ਘੰਟੇ ਹੈਲੀਕਾਪਟਰ ਦੀ ਵਰਤੋਂ ਕੀਤੀ। ਵਜ਼ੀਰਾਂ ਵਾਸਤੇ ਵਰਤੇ ਇਨ੍ਹਾਂ ਹੈਲੀਕਾਪਟਰਾਂ ਦਾ ਤਕਰੀਬਨ ਸਵਾ ਤਿੰਨ ਵਰ੍ਹਿਆਂ ਦੌਰਾਨ 24.94 ਕਰੋੜ ਭਾੜਾ ਤਾਰਿਆ ਗਿਆ ਹੈ। ਇਹ ਹੈਲੀਕਾਪਟਰ ਕੁੱਲ 1112 ਘੰਟੇ ਅਸਮਾਨ ਵਿੱਚ ਉੱਡੇ।
ਅਕਾਊਂਟੈਂਟ ਜਨਰਲ (ਆਡਿਟ) ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਕੀਤੇ ਤਾਜ਼ਾ ਆਡਿਟ ਵਿੱਚ ਇਨ੍ਹਾਂ ਉਡਾਣਾਂ ‘ਤੇ ਇਤਰਾਜ਼ ਵੀ ਉੱਠੇ ਹਨ। ਪੰਜਾਬ ਸਰਕਾਰ ਨੇ ਨਵੰਬਰ, 2012 ਵਿੱਚ 38.13 ਕਰੋੜ ਰੁਪਏ ਵਿੱਚ ਆਪਣਾ ਸਰਕਾਰੀ ਹੈਲੀਕਾਪਟਰ ‘ਬੈੱਲ-429’ ਖਰੀਦਿਆ ਸੀ, ਜਿਸ ਦੀ ਲੰਘੇ ਸਵਾ ਤਿੰਨ ਵਰ੍ਹਿਆਂ ਦੌਰਾਨ 1532 ਘੰਟੇ ਵਰਤੋਂ ਹੋਈ ਹੈ। ਸਰਕਾਰੀ ਤੇ ਪ੍ਰਾਈਵੇਟ ਹੈਲੀਕਾਪਟਰ ਦੀਆਂ ਉਡਾਣਾਂ ‘ਤੇ ਨਜ਼ਰ ਮਾਰੀਏ ਤਾਂ ਰੋਜ਼ਾਨਾ ਔਸਤਨ ਸਵਾ ਦੋ ਘੰਟੇ ਹੈਲੀਕਾਪਟਰ ਦੀ ਵਰਤੋਂ ਹੋਈ ਹੈ। ਜਾਣਕਾਰੀ ਅਨੁਸਾਰ ਗੱਠਜੋੜ ਸਰਕਾਰ ਦੌਰਾਨ 1 ਅਪਰੈਲ, 2007 ਤੋਂ 31 ਮਾਰਚ 2017 ਤਕ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ‘ਤੇ 117 ਕਰੋੜ ਰੁਪਏ ਖਰਚੇ ਗਏ ਹਨ। ਆਡਿਟ ਮਹਿਕਮੇ ਨੇ ਇਤਰਾਜ਼ ਕੀਤਾ ਹੈ ਕਿ ਜੇਕਰ ਵਜ਼ੀਰਾਂ ਵਾਸਤੇ ਹੈਲੀਕਾਪਟਰ ਫੌਰੀ ਹਾਇਰ ਕਰਨ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਵਾਧੂ ਦਾ ਮਾਲੀ ਬੋਝ ਪਾਉਣ ਦੀ ਥਾਂ ਇੱਕ ਹੋਰ ਹੈਲੀਕਾਪਟਰ ਕਿਉਂ ਨਹੀਂ ਖਰੀਦਦੀ। ਇਸ ਤੋਂ ਇਲਾਵਾ ਹੈਲੀਕਾਪਟਰ ਹਾਇਰ ਕਰਨ ਸਮੇਂ ਵੀ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਹੁਣ ਕੈਪਟਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇਗੀ ਪਰ ਦਮਦਮਾ ਸਾਹਿਬ ਵਿਖੇ ਵਿਸਾਖੀ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਰਕਾਰੀ ਹੈਲੀਕਾਪਟਰ ‘ਤੇ ਆਏ ਸਨ।
ਕੈਪਟਨ ਸਰਕਾਰ ਦੇ ਹਵਾਈ ਝੂਟਿਆਂ ਬਾਰੇ ਦੱਸਣ ਤੋਂ ਇਨਕਾਰ : ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਕੈਪਟਨ ਹਕੂਮਤ ਸਮੇਂ ਹੈਲੀਕਾਪਟਰ ਦੇ ਗੇੜਿਆਂ ਦਾ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਹ ਜ਼ਰੂਰ ਦੱਸਿਆ ਕਿ ਨਵੀਂ ਸਰਕਾਰ ਨੇ ਪ੍ਰਾਈਵੇਟ ਹੈਲੀਕਾਪਟਰ ਹਾਇਰ ਕਰਨ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ।
ਆਰਟੀਆਈ ਵਿੱਚ ਪਿਛਲੀ ਸਰਕਾਰ ਦਾ ਰਿਕਾਰਡ ਤਾਂ ਦੇ ਦਿੱਤਾ ਹੈ ਪਰ ਮੌਜੂਦਾ ਸਰਕਾਰ ਦੇ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ ਹੈ।

Check Also

ਮਨਪ੍ਰੀਤ ਬਾਦਲ ਦੇ ਪੁੱਤਰ ਅਰਜੁਨ ਬਾਦਲ ਨੇ ਰਾਜਾ ਵੜਿੰਗ ’ਤੇ ਕੀਤਾ ਸਿਆਸੀ ਹਮਲਾ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੱਸਿਆ ਹੰਕਾਰੀ ਗਿੱਦੜਬਾਹਾ/ਬਿਊਰੋ ਨਿਊਜ਼ : ਗਿੱਦੜਬਾਹਾ ਵਿਧਾਨ ਸਭਾ …