![](https://parvasinewspaper.com/wp-content/uploads/2024/01/Cold-4-300x180.jpg)
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉਤਰੀ ਭਾਰਤ ਵਿਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਸ਼ੁੱਕਰਵਾਰ ਸਵੇਰੇ ਵੀ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਛਾਈ ਰਹੀ ਅਤੇ ਇਸਦੇ ਚੱਲਦਿਆਂ ਕਈ ਥਾਵਾਂ ’ਤੇ ਵਿਜੀਬਿਲਟੀ ਵੀ ਜ਼ੀਰੋ ਤੱਕ ਹੋ ਗਈ ਸੀ। ਮੌਸਮ ਵਿਭਾਗ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਅੱਜ ਸ਼ੁੱਕਰਵਾਰ ਦੇ ਦਿਨ ਲਈ ਕੋਲਡ ਡੇਅ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਇਸ ਦੌਰਾਨ ਸੀਤ ਲਹਿਰ ਚੱਲਣ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਅਜੇ ਚਾਰ-ਪੰਜ ਦਿਨ ਹੋਰ ਠੰਡ ਦਾ ਪ੍ਰਕੋਪ ਜਾਰੀ ਰਹਿਣ ਦਾ ਅਨੁਮਾਨ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ ਲੰਘੇ 10 ਸਾਲਾਂ ਦੌਰਾਨ ਇਸ ਵਾਰ ਜਨਵਰੀ ਮਹੀਨੇ ਦੇ ਦਿਨ ਸਭ ਤੋਂ ਜ਼ਿਆਦਾ ਠੰਡੇ ਰਹੇ ਹਨ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਈ ਖੇਤਰਾਂ ਵਿਚ ਦਿਨ ਦਾ ਤਾਪਮਾਨ 9 ਤੋਂ 12 ਡਿਗਰੀ ਤੱਕ ਦਰਜ ਕੀਤਾ ਗਿਆ। ਧਿਆਨ ਰਹੇ ਕਿ ਲੰਘੇ ਦਿਨੀਂ ਨਵਾਂਸ਼ਹਿਰ ਦੇ ਇਕ ਖੇਤਰ ਵਿਚ ਰਾਤ ਦਾ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਸੀ। ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਚ ਵੀ ਸੀਤ ਲਹਿਰ ਜਾਰੀ ਹੈ। ਹਿਮਾਚਲ ਦੇ ਅਟਲ ਟਨਲ, ਰੋਹਤਾਂਗ ਅਤੇ ਲਾਹੌਲ ਸਪੀਤੀ ਵਿਚ ਅੱਜ ਇਕ ਤੋਂ ਦੋ ਇੰਚ ਤੱਕ ਬਰਫਵਾਰੀ ਹੋਈ ਹੈ।