ਰਾਮ ਮੰਦਰ ਨੂੰ ਵਿਰਾਸਤ ਵਜੋਂ ਯਾਦ ਕੀਤਾ ਜਾਵੇਗਾ : ਰਾਸ਼ਟਰਪਤੀ ਦਰੋਪਦੀ ਮੁਰਮੂ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਰਤ ਦੇ 75ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਮੌਕੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਮ ਮੰਦਰ ਨੂੰ ਇਤਿਹਾਸ ਵਿੱਚ ‘ਭਾਰਤ ਵੱਲੋਂ ਆਪਣੀ ਤਹਿਜ਼ੀਬੀ ਵਿਰਾਸਤ ਦੀ ਮੁੜ ਖੋਜ’ ਅਤੇ ਵਿਸ਼ਾਲ ਭਵਨ ਵਜੋਂ ਯਾਦ ਕੀਤਾ ਜਾਵੇਗਾ, ਜੋ ਨਾ ਸਿਰਫ਼ ਲੋਕਾਂ ਦੀ ਸ਼ਰਧਾ ਨੂੰ ਦਰਸਾਉਂਦਾ ਹੈ ਬਲਕਿ ਨਿਆਂਇਕ ਅਮਲ ਵਿੱਚ ਉਨ੍ਹਾਂ ਦੇ ਅਸਧਾਰਨ ਭਰੋਸੇ ਦੀ ਵੀ ਸ਼ਾਹਦੀ ਭਰਦਾ ਹੈ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਸਣੇ ਵੱਖ ਵੱਖ ਮੁੱਦਿਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਲਈ ਗੌਰਵ ਦਾ ਦਿਨ ਹੋਵੇਗਾ ਜਦੋਂ ਉਹ ਉਨ੍ਹਾਂ ਮੁਲਕਾਂ ਵਿੱਚ ਸ਼ੁਮਾਰ ਹੋਵੇਗਾ, ਜਿੱਥੇ ਸਾਰਿਆਂ ਦੇ ਸਿਰ ’ਤੇ ਛੱਤ ਹੋਵੇਗੀ ਤੇ ਕੋਈ ਟਾਵਾਂ ਹੀ ਬੇਘਰ ਹੋਵੇਗਾ। ਰਾਸ਼ਟਰਪਤੀ ਨੇ ਵਰਧਮਾਨ ਮਹਾਵੀਰ, ਸਮਰਾਟ ਅਸ਼ੋਕ ਤੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੇ ਹਵਾਲੇ ਨਾਲ ਆਸ ਜਤਾਈ ਕਿ ਜਿਹੜੇ ਖਿੱਤੇ ਝਗੜੇ ਝੇੜਿਆਂ ਵਿਚ ਪਏ ਹਨ, ਉਹ ਇਨ੍ਹਾਂ ਦੇ ਹੱਲ ਲਈ ਕੋਈ ਸ਼ਾਂਤੀਪੂਰਨ ਹੱਲ ਲੱਭ ਲੈਣਗੇ ਤੇ ਸ਼ਾਂਤੀ ਬਹਾਲੀ ਯਕੀਨੀ ਬਣਾਉਣਗੇ। ਦੇਸ਼ ਦੇ ਅਰਥਚਾਰੇ ਦੀ ਗੱਲ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਪੂਰੇ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ।