Breaking News
Home / ਭਾਰਤ / ਡਾ. ਐਸ.ਪੀ. ਸਿੰਘ ਓਬਰਾਏ ’ਤੇ ਬਣੇਗੀ ਫ਼ਿਲਮ

ਡਾ. ਐਸ.ਪੀ. ਸਿੰਘ ਓਬਰਾਏ ’ਤੇ ਬਣੇਗੀ ਫ਼ਿਲਮ

ਨਿਰਦੇਸ਼ਕ ਮਹੇਸ਼ ਭੱਟ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਤੇ ਬਿਜਨਸਮੈਨ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਚਰਚਾ ਦੁਨੀਆ ਭਰ ’ਚ ਹੁੰਦੀ ਹੈ। ਉਥੇ ਹੀ ਡਾ. ਓਬਰਾਏ ਹੁਣ ਮਾਇਆਨਗਰੀ ਮੁੰਬਈ ਲਈ ਵੀ ਖਿੱਚ ਦਾ ਕੇਂਦਰ ਬਣ ਗਏ ਹਨ। ਪ੍ਰਸਿੱਧ ਫ਼ਿਲਮ ਨਿਰਦੇਸ਼ਕ ਮਹੇਸ਼ ਭੱਟ ਡਾ. ਓਬਰਾਏ ’ਤੇ ਫ਼ਿਲਮ ਬਣਾਉਣ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਡਾ. ਓਬਰਾਏ ਨਾਲ ਮੁਲਾਕਾਤ ਵੀ ਕਰ ਲਈ ਹੈ ਅਤੇ ਡਾ. ਓਬਰਾਏ ਨੇ ਇਸ ਸਬੰਧੀ ਆਪਣੀ ਸਹਿਮਤੀ ਵੀ ਦੇ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਡਾ. ਓਬਰਾਏ ਦੀ ਸਹਿਮਤੀ ਮਿਲਣ ਤੋਂ ਬਾਅਦ ਦੋ ਦਰਜਨ ਦੇ ਕਰੀਬ ਕੈਮਰਾਮੈਨ ਉਨ੍ਹਾਂ ਦੀ ਹਰ ਗਤੀਵਿਧੀ ਨੂੰ ਕੈਮਰੇ ’ਚ ਕੈਦ ਕਰ ਰਹੇ ਹਨ। ਇਸ ਦੀ ਸਾਰੀ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਓਟੀਟੀ (ਓਵਰ ਦਿ ਟਾਪ) ਪਲੇਟਫਾਰਮ ਰਾਹੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਥੇ ਹੀ ਬਸ ਨਹੀਂ ਦੁਨੀਆ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਤੇ ‘ਸੇਵੀਅਰ ਸਿੰਘ’ ਵਜੋਂ ਜਾਣੇ ਜਾਂਦੇ ਡਾ. ਓਬਰਾਏ ਦੀ ਪੂਰੀ ਜੀਵਨ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਦੀ ਯੋਜਨਾ ਕੀਤੀ ਜਾ ਚੁੱਕੀ ਹੈ। ਚਰਚਾ ਇਹ ਵੀ ਹੈ ਕਿ ਅਮਿਤਾਬ ਬਚਨ ਦੀ ਫ਼ਿਲਮ ‘ਪਿੰਕ’ ਤੇ ‘ਏਅਰ ਲਿਫ਼ਟ’ ਵਰਗੀਆਂ ਮਸ਼ਹੂਰ ਫ਼ਿਲਮਾਂ ਦੀ ਸਕ੍ਰਿਪਟ ਲਿਖਣ ਵਾਲੇ ਰਿਤੇਸ਼ ਸਾਹ ਵੱਲੋਂ ਇਸ ਫ਼ਿਲਮ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਡਾ. ਓਬਰਾਏ ਦਾ ਜਨਮ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਕਸਬਾ ਨੰਗਲ ਵਿਖੇ ਪ੍ਰੀਤਮ ਸਿੰਘ ਦੇ ਘਰ ਮਾਤਾ ਅੰਮਿ੍ਰਤ ਕੌਰ ਦੀ ਕੁੱਖੋਂ 13 ਅਪ੍ਰੈਲ 1956 ’ਚ ਹੋਇਆ। ਡਾ. ਓਬਰਾਏ ਨੇ 1993 ’ਚ ਅਪੈਕਸ ਸਮੂਹ ਸਥਾਪਿਤ ਕੀਤਾ ਤੇ ਸਫ਼ਲ ਵਪਾਰੀ ਬਣਨ ਦੇ ਨਾਲ-ਨਾਲ ਉਨ੍ਹਾਂ ਨੇ ਸਮਾਜ ਸੇਵਾ ਦਾ ਕੰਮ ਸ਼ੁਰੂ ਕੀਤਾ ਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਡਾ. ਓਬਰਾਏ ਹੁਣ ਤੱਕ 119 ਭਾਰਤੀਆਂ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਅ ਕੇ ਉਨ੍ਹਾਂ ਦੀ ਘਰ ਵਾਪਸੀ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਓਬਰਾਏ ਵੱਲੋਂ ਹੋਰ ਵੀ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਨੇ, ਜਿਸ ਦੇ ਚਲਦਿਆਂ ਹੀ ਨਾਮੀ ਨਿਰਦੇਸ਼ਕ ਵੱਲੋਂ ਉਨ੍ਹਾਂ ’ਤੇ ਫ਼ਿਲਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।

Check Also

ਦਿੱਲੀ ਪਾਣੀ ਸੰਕਟ ਮਾਮਲੇ ’ਚ ਆਤਿਸ਼ੀ ਦੀ ਭੁੱਖ ਹੜਤਾਲ ਦੂਜੇ ਦਿਨ ਹੀ ਰਹੀ ਜਾਰੀ

ਕਿਹਾ : ਉਦੋਂ ਤੱਕ ਕੁੱਝ ਨਹੀਂ ਖਾਵਾਂਗੀ ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ …