Breaking News
Home / ਭਾਰਤ / ਸੰਘ ਮੁਖੀ ਭਾਗਵਤ ਨੇ ਭਾਰਤ ਨੂੰ ਦੱਸਿਆ ‘ਹਿੰਦੂ ਰਾਸ਼ਟਰ’

ਸੰਘ ਮੁਖੀ ਭਾਗਵਤ ਨੇ ਭਾਰਤ ਨੂੰ ਦੱਸਿਆ ‘ਹਿੰਦੂ ਰਾਸ਼ਟਰ’

ਕਿਹਾ – ਹਿੰਦੂਤਵ ਹੀ ਹੈ ਮੁਲਕ ਦੀ ਸ਼ਖ਼ਸੀਅਤ ਦਾ ਸਾਰ-ਤੱਤ
ਨਾਗਪੁਰ/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਇਕ ‘ਹਿੰਦੂ ਰਾਸ਼ਟਰ’ ਹੈ ਤੇ ਹਿੰਦੂਤਵ ਮੁਲਕ ਦੀ ਸ਼ਖ਼ਸੀਅਤ ਦਾ ਸਾਰ-ਤੱਤ ਹੈ। ਆਰਐੱਸਐੱਸ ਦੀ ਸਾਲਾਨਾ ‘ਵਿਜੈਦਸ਼ਮੀ ਰੈਲੀ’ ਮੌਕੇ ਉਨ੍ਹਾਂ ਕਿਹਾ ਕਿ ਜਦ ਸੰਘ ਕਹਿੰਦਾ ਹੈ ਕਿ ਹਿੰਦੁਸਤਾਨ ਇਕ ‘ਹਿੰਦੂ ਰਾਸ਼ਟਰ’ ਹੈ, ਇਸ ਦੇ ਮਨ ਵਿਚ ਕੋਈ ਸਿਆਸੀ ઠਜਾਂ ਤਾਕਤ ‘ਤੇ ਕੇਂਦਰਤ ਸੰਕਲਪ ਨਹੀਂ ਹੁੰਦਾ। ਭਾਗਵਤ ਨੇ ਕਿਹਾ ਕਿ ਅਸੀਂ ਸਿੱਧੇ ਤੌਰ ‘ਤੇ ਮੁਲਕ ਦੀ ਸ਼ਖ਼ਸੀਅਤ ਨੂੰ ਹਿੰਦੂ ਇਸ ਲਈ ਗਰਦਾਨ ਰਹੇ ਹਾਂ ਕਿਉਂਕਿ ਸਾਡੀਆਂ ਸਾਰੀਆਂ ਸਭਿਆਚਾਰਕ ਤੇ ਸਮਾਜੀ ਰਵਾਇਤਾਂ ਇਸ ਦੇ ਸਿਧਾਂਤਾਂ ਤੋਂ ਹੀ ਸੇਧ ਲੈਂਦੀਆਂ ਹਨ। ਆਰਐੱਸਐੱਸ ਮੁਖੀ ਨੇ ਕਿਹਾ ਕਿ ਹਿੰਦੂਤਵ ਸ਼ਬਦ ਨੂੰ ‘ਤੋੜ-ਮਰੋੜ’ ਲਿਆ ਗਿਆ ਹੈ। ਇਸ ਨਾਲ ਕਰਮਕਾਂਡ (ਵਿਧੀ-ਵਿਧਾਨ) ਸੰਕੇਤਕ ਤੌਰ ‘ਤੇ ਜੋੜ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘ ਇਸ ਸ਼ਬਦ ਦੀ ਵਰਤੋਂ ਮੌਕੇ ਇਸ ਗਲਤਫ਼ਹਿਮੀ ਵੱਲ ਸੰਕੇਤ ਨਹੀਂ ਕਰਦਾ। ਭਾਗਵਤ ਨੇ ਕਿਹਾ ਕਿ ਸਾਡੇ ਲਈ, ਇਹ ਉਹ ਸ਼ਬਦ ਹੈ ਜਿਸ ਰਾਹੀਂ ਪਛਾਣ ਨੂੰ ਦਰਸਾਇਆ ਗਿਆ ਹੈ, ਇਸ ਦੇ ਨਾਲ ਹੀ ਰੂਹਾਨੀਅਤ ਨਾਲ ਜੁੜੀਆਂ ਰਵਾਇਤਾਂ ਹਨ ਜਿਨ੍ਹਾਂ ਦੀ ਨਿਰੰਤਰਤਾ ਨੂੰ ਪ੍ਰਗਟ ਕੀਤਾ ਜਾਂਦਾ ਹੈ ਅਤੇ ਭਾਰਤ ਦੀ ਧਰਤੀ ਵਿਚ ਪੈਦਾ ਹੋਈਆਂ ਸਮੁੱਚੀਆਂ ਕਦਰਾਂ-ਕੀਮਤਾਂ ਦਾ ਸਰਮਾਇਆ ਵੀ ਹੈ ਜਿਸ ਨੂੰ ਪ੍ਰਤੱਖ ਕੀਤਾ ਗਿਆ ਹੈ। ਇਸ ਲਈ ਸੰਘ ਮੰਨਦਾ ਹੈ ਕਿ ਇਹ ਸ਼ਬਦ ਭਾਰਤ ਦੀ ਸਾਰੀ 130 ਕਰੋੜ ਦੀ ਆਬਾਦੀ ‘ਤੇ ਲਾਗੂ ਹੁੰਦਾ ਹੈ। ਉਨ੍ਹਾਂ ਸਾਰਿਆਂ ‘ਤੇ ਜੋ ਖ਼ੁਦ ਨੂੰ ਭਾਰਤਵਰਸ਼ ਦੇ ਧੀਆਂ ਤੇ ਪੁੱਤਰ ਮੰਨਦੇ ਹਨ। ਭਾਗਵਤ ਨੇ ਕਿਹਾ ਕਿ ਉਹ ਸਾਰੇ ਜੋ ਆਪਣੇ ਵੱਡੇ-ਵਡੇਰਿਆਂ ਦੀ ਵਿਰਾਸਤ ਉਤੇ ਮਾਣ ਕਰਦੇ ਹਨ।
ਰਾਹੁਲ ਨੇ ਭਾਗਵਤ ‘ਤੇ ਸਾਧਿਆ ਨਿਸ਼ਾਨਾ
ਨਵੀਂ ਦਿੱਲੀ : ਮੋਹਨ ਭਾਗਵਤ ਵੱਲੋਂ ਕੀਤੀ ਟਿੱਪਣੀ ਕਿ ਭਾਰਤ ਨੂੰ ਚੀਨ ਖ਼ਿਲਾਫ਼ ਫ਼ੌਜੀ ਪੱਧਰ ‘ਤੇ ਪੂਰੀ ਤਿਆਰੀ ਰੱਖਣੀ ਚਾਹੀਦੀ ਹੈ ਉਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਸੰਘ ਸੁਪਰੀਮੋ ਨੂੰ ਪਤਾ ਹੈ ਕਿ ਕਮਿਊਨਿਸਟ ਮੁਲਕ ਨੇ ਭਾਰਤੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਪਰ ਇਸ ਨੂੰ ਸਵੀਕਾਰਨ ਤੋਂ ਡਰਦੇ ਹਨ। ਰਾਹੁਲ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਭਾਰਤ ਸਰਕਾਰ ਤੇ ਆਰਐੱਸਐੱਸ ਨੇ ਚੀਨ ਨੂੰ ਜ਼ਮੀਨ ਦੱਬਣ ਦੀ ਖੁੱਲ੍ਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਚੀਨ ਦੇ ਮੁੱਦੇ ‘ਤੇ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਐਲਏਸੀ ‘ਤੇ ਮਾਰਚ 2020 ਤੋਂ ਪਹਿਲਾਂ ਵਾਲੀ ਸਥਿਤੀ ਮੁੜ ਕਾਇਮ ਕਰਨ ਦੀ ਮੰਗ ਕਰ ਰਹੇ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …