Breaking News
Home / ਰੈਗੂਲਰ ਕਾਲਮ / ਮਾਂ ਬੋਲੀ ਦਾ ਸੱਚਾ ਸਪੂਤ-ਗੁਰਦਾਸਪੁਰੀ

ਮਾਂ ਬੋਲੀ ਦਾ ਸੱਚਾ ਸਪੂਤ-ਗੁਰਦਾਸਪੁਰੀ

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ94174-21700
13 ਮਈ ਨੂੰ ਪੰਜਾਬ ਆਰਟ ਕੌਂਸਲ ਵੱਲੋਂ ਪੰਜਾਬ ਦੇ ਪੁਰਾਣੇ ਅਤੇ ਮਾਣਮੱਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ‘ਸ਼ਿਵ ਕੁਮਾਰ ਬਟਾਲਵੀ ਪੁਰਸਕਾਰ’ ਬਟਾਲਾ ਵਿਖੇ ਭੇਟ ਕੀਤਾ ਜਾ ਰਿਹਾ ਹੈ, ਇਸ ਮੌਕੇ ‘ਤੇ ਪੰਜਾਬ ਦੇ ਉਸ ਮਾਣਮੱਤੇ ਫਲਨਕਾਰ ਬਾਰੇ ਕੁਝ ਗੱਲਾਂ ਕਰਨ ਨੂੰ ਦਿਲ ਕਰਦਾ ਹੈ।
ਅਮਰਜੀਤ ਗੁਰਦਾਸਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ ਸੰਨ 1992 ਦੇ ਜੁਲਾਈ ਮਹੀਨੇ ਵਿੱਚ ਅਜਨਾਲਾ ਨੇੜੇ ਪਿੰਡ ਵਿਛੋਏ ਵਾਲਾ ਵਿੱਚ ਹੋਈ ਸੀ।ਜਾਣਦਾ ਤਾਂ ਉਹਨੂੰ ਉਦੋਂ ਤੋਂ ਈ ਸਾਂ,ਜਦੋਂ ਜਲੰਧਰ ਰੇਡੀਓ ਉਤੋਂ ਦੁਪਹਿਰੇ ਢਾਈ ਵਜੇ ਵਾਲੇ ਜਾਂ ਪੌਣੇ ਪੰਜ ਵਾਲੇ ਲੋਕ-ਗੀਤ ਸੁਣਦਾ ਆ ਰਿਹਾ ਸਾਂ,ਕਿਹੋ-ਜਿਹਾ ਹੋਵੇਗਾ ਏਹ ਬੰਦਾ? ਭਰਵੀਂ ਤੇ ਉੱਚੀ ਆਵਾਜ਼ ਵਾਲਾ,ਲੰਬੇ ਅਲਾਪ ਲੈਣ ਵਾਲਾ,ਨਿੰਮ੍ਹੀ-ਨਿੰਮ੍ਹੀ ਤੂੰਬੀ ਟੁਣਕਾਉਣ ਵਾਲਾ! ਉਦੋਂ ਸੋਚਦਾ ਹੁੰਦਾ। ਇੱਕ ਵਾਰੀ ਰੇਡੀਓ ਉਤੋਂ ਰਾਤੀਂ ਸਵਾ ਦਸ ਵਾਲੇ ਪ੍ਰੋਗਰਾਮ ਵਿੱਚ ਹੀ ਉਹਦਾ ਗਾਇਆ ‘ਸੁਲਤਾਨ ਬਾਹੂ’ ਸੁਣਿਆ ਸੀ,ਜਦ ਉਸਨੇ ਬੋਲ ਛੋਹਿਆ ਸੀ:
ਤਾੜੀ ਮਾਰ ਉਡਾ ਨਾ ਬਾਹੂ,
ਅਸੀਂ ਆਪੇ ਉਡਣਹਾਰੇ ਹੂ…
‘ਹੂ’ ‘ਤੇ ਆਣ ਕੇ ਉਹ ਜਿਹੜਾ ਦਰਦੀਲਾ, ਤਿੱਖਾ ਤੇ  ਲੰਬਾ ਅਲਾਪ ਉਤਪਨ ਕਰਦਾ ਹੈ, ਉਹ ਉਹਦੇ ਗਾਇਨ  ਦਾ ਸਿਖ਼ਰ ਹੋ ਨਿਬੜਦਾ ਹੈ… ਸਰੋਤੇ ਦਾ ਜਿਵੇਂ ਸੀਨਾ ਫੜ ਲੈਂਦਾ ਹੈ ਉਹ! ਮੈਂ ਉਸਦਾ ਗਾਇਆ ‘ਸੁਲਤਾਨ ਬਾਹੂ’ ਬਾਰ-ਬਾਰ ਸੁਣਨਾ  ਲੋਚਦਾ ਤੇ ਕਦੇ ਢਾਈ ਵਾਲੇ ਤੇ ਕਦੇ ਪੌਣੇ ਪੰਜ ਵਾਲੇ ਪ੍ਰੋਗਰਾਮ ਵਿੱਚ ਉਹਦੀ ਉਡੀਕ ਕਰਦਾ ਰਹਿੰਦਾ! ਇੱਕ ਦਿਨ ਜਦ ਅਨਾਊਂਸਰ ਨੇ ਉਹਦਾ ਨਾਂਅ ਅਨਾਊਂਸ ਕਰਦਿਆਂ ਆਖਿਆ, ”ਹੁਣ ਤੁਸੀਂ ਅਮਰਜੀਤ ਸਿੰਘ ਗੁਰਦਾਸਪੁਰੀ ਪਾਸੋਂ ਲੋਕ-ਗੀਤ ਸੁਣੋਗੇ।” ਤਾਂ ਮੇਰੇ ਕੰਨ ਖੜ੍ਹੇ ਹੋ ਗਏ …ਮੈਂ ਉਸਦੇ ‘ਬਾਹੂ’ ਨੂੰ ਉਡੀਕ ਰਿਹਾ ਸਾਂ…ਉਸ ਦਿਨ ਉਹਨੇ  ਤਿੰਨ ਵੰਨਗੀਆਂ ਨੂੰ ਗਾਇਆ…ਪਰ ‘ਬਾਹੂ’ ਨਹੀਂ ਆਇਆ।
ਉਸ ਦਿਨ ਉਸਨੇ ਅਪਣੇ ਯਾਰ ਸ਼ਿਵ ਦਾ ਲਿਖਿਆ ਗਾਇਆ:
ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ,
ਕੁਝ ਰੁੱਖ ਵਾਂਗ ਭਰਾਵਾਂ…
ਜਦ ਮੈਂ ਪਹਿਲੀ ਵਾਰ ਪਿੰਡ ਵਿਛੋਏ ਵਿਚ ਉਸਤਾਦ ਯਮਲਾ ਜੱਟ ਯਾਦਗਾਰੀ ਮੇਲੇ ‘ਤੇ ਉਹਨੂੰ ਗਾਉਂਦੇ ਸੁਣਿਆ ਸੀ, ਗੀਤ ਦੇ ਬੋਲ ਸਨ :
ਚੌੜੀ ਟੋਕਰੀ ਲੱਸੀ ਦਾ ਉਤੇ ਗੜਵਾ,
ਪੰਜਾਬੋ ਜੱਟੀ ਰੋਟੀਆਂ ਖੜੇ…
ਤੇ  ਦੂਜਾ ਉਥੇ ਉਸਨੇ ਗਾਇਆ ਸੀ, ਉਸਦਾ ਬਹੁ-ਚਰਚਿਤ ਗੀਤ :
ਚਿੱਟੀ-ਚਿੱਟੀ ਪਗੜੀ ਤੂੰ ਘੁੱਟ ਘੁੱਟ ਬੰਂਨ੍ਹਦਾ ਏਂ  ਵਿੱਚ ਵੇ ਗੁਲਾਬੀ ਫੁੱਲ ਟੰਗਿਆ ਈ ਕਰ
ਹਲਾ ਵੇ ਚੰਨ ਤੇਰੀ ਸਹੁੰ
ਤੇਰੀਆਂ-ਤੇਰੀਆਂ ਨਿੱਕੀਆਂ-ਨਿੱਕੀਆਂ ਉਂਗਲੀਆਂ
ਦੇ ਵਿੱਚ ਛੱਲੇ-ਛਾਪਾਂ ਮੁੰਦਰੀਆਂ
ਹਲਾ ਵੇ ਚੰਨ ਤੇਰੀ ਸਹੁੰ
ਜ਼ਰਾ ਚੀਚੀ ਦੇ ਹੁਲਾਰੇ ਤੰਦ ਸੁੱਟ੍ਹਿਆ ਈ ਕਰ
ਤ੍ਰੇਹ ਲੱਗ ਜਾਂਦੀ ਤੇਰੇ ਰੂਪ ਦੀ ਦੁਪਹਿਰ ਵਿੱਚੋਂ
ਹਲਾ ਈ ਚੰਨ ਤੇਰੀ ਸਹੁੰ ਵੇ
ਕਦੀ ਪਾਣੀ ਦਾ ਤੂੰ ਘੁੱਟ ਸਾਨੂੰ ਪੁੱਛਿਆ ਈ ਕਰ…
(ਇਸ ਗੀਤ ਦੇ ਟੁੱਟੇ-ਫੁੱਟ ਬੋਲ ਕਿਸੇ ਵੇਲੇ ਗੁਰਦਾਸਪੁਰੀ ਨੇ ਬਾਬਾ ਬਕਾਲਾ ਦੇ ਪ੍ਰਾਇਮਰੀ ਸਕੂਲ ਦੇ ਇੱਕ ਚਪੜਾਸੀ ਕੋਲੋਂ ਸੁਣੇ ਸਨ ਤੇ ਇੱਕ ਦਿਨ ਜਦ ਸਬੱਬੀਂ ਹੀ ਕਰਤਾਰ ਸਿੰਘ ਬਲੱਗਣ ਨਾਲ ਮੇਲ ਹੋਇਆ ਤਾਂ ਉਸਨੇ ਉਹਨਾਂ ਨੂੰ ਉਹੋ ਟੁੱਟੇ-ਫੁੱਟ ਬੋਲ ਗੁਣ-ਗੁਣਾ ਕੇ ਸੁਣਾਏ ਤਾਂ ਬਲੱਗਣ ਸਾਹਿਬ ਨੇ ਗੀਤ ਪੂਰਾ ਕਰ ਦਿੱਤਾ ਸੀ),ਉਸ ਦਿਨ ਮੈਂ ਵਿਛੋਏ ਪਿੰਡ ਬੜਾ ਨਿਹਾਲ ਹੋਇਆ ਸਾਂ, ਉਸ ਨੂੰ ਪਹਿਲੀ ਵਾਰੀ ਪ੍ਰਤੱਖ ਗਾਉਂਦਾ ਸੁਣ ਕੇ! ਹੁਣ ਇਹ ਵੀ ਚੇਤਾ ਨਹੀਂ ਰਿਹਾ ਕਿ ਉਸ ਨਾਲ ਮੈਨੂੰ ਓਦਣ ਕਿਹਨੇ ਮਿਲਵਾਇਆ ਸੀ…ਧੁੰਦਲਾ ਜਿਹਾ ਚੇਤਾ ਹੈ… ਕਿਸੇ ਨੇ ਲਾਗੇ ਹੋ ਕੇ ਕਿਹਾ ਸੀ, ” ਭਾਅ  ਜੀ, ਏਹ ਅਪਣੇ ਉਸਤਾਦ ਜੀ ਦਾ ਸਭ ਤੋਂ ਛੋਟੀ ਉਮਰ ਦਾ ਚੇਲਾ ਏ।”ਇਹ ਸੁਣ ਉਹਨੇ ਆਖਿਆ, ”ਉਹ ਹੋ… ਤੇਰੀ ਚਿੱਠੀ ਤਾਂ ਮੈਂ ਜਿਸ ਦਿਨ ਦੀ ਆਈ ਏ…ਅਪਣੇ ਬੋਝੇ ‘ਚ ਈ ਪਾਈ ਫਿਰਨਾ ਵਾਂ…ਅਹਿ ਵੇਖ।” ਉਹਨੇ ਬਟੂਏ ਵਿੱਚੋਂ ਮੇਰਾ ਲਿਖਿਆ ਪੋਸਟ-ਕਾਰਡ ਕੱਢ ਕੇ ਦਿਖਾਇਆ, ਇਹ ਕਾਰਡ ਮੈਂ ਉਹਨੂੰ ਕੁਝ ਦਿਨ ਪਹਿਲਾਂ ਹੀ ਉਹਦੇ ਪਿੰਡ ਦੇ ਪਤੇ ‘ਤੇ ਲਿਖਿਆ ਸੀ ਤੇ ਇਬਾਰਤ ਬੜੀ ਸੰਖੇਪ ਜਿਹੀ ਕੁਝ ਇੰਝ ਸੀ-‘ਤੁਸੀਂ ਉਸਤਾਦ ਯਮਲਾ ਜੀ ਦੇ ਮੁਢਲੇ ਚੇਲਿਆਂ ਵਿੱਚੋਂ ਹੋ…ਅਪਣੀ ਇੱਕ ਫੋਟੋ ਤੇ ਮੋਟਾ-ਮੋਟਾ ਜੀਵਨ ਵੇਰਵਾ ਲਿਖ ਕੇ ਭੇਜੋ…ਉਸਦੇ ਚੇਲਿਆਂ ਬਾਰੇ ਕਿਤਾਬ ਛਪਣੀ ਹੈ।”
ਉਸ ਮੁਸਕਰਾਂਦਿਆਂ ਆਖਿਆ, ”ਯਾਰ ਘੌਲ ਬੜੀ ਹੁੰਦੀ ਏ ਮੈਥੋਂ…ਕਈ ਵਾਰੀ ਰੇਡੀਓ ਵਾਲਿਆਂ ਦੀ ਚਿੱਠੀ ਆਉਂਦੀ ਏ ਤਾਂ ਉਹਦੇ ਨਾਲ ਲੱਗਾ ਫਾਰਮ ਵੀ ਦਸਤਖ਼ਤ ਕਰਕੇ ਭੇਜਣਾ ਪੈਂਦਾ ਏ..ਫੇਰ ਚੈੱਕ ਬਣਨਾ ਹੁੰਦਾ ਏ…ਪਰ ਮੈਥੋਂ ਉਹ ਵੀ ਨਹੀਂ ਭੇਜ ਹੁੰਦਾ…ਚਿੱਠੀ ਦਾ ਜੁਆਬ ਦੇਣ ‘ਚ ਮੈਂ ਸ਼ੁਰੂ ਤੋਂ ਈ ਬੜਾ ਘੌਲ਼ੀ ਰਿਹਾ ਵਾਂ…ਤੂੰ ਘਰ ਈ ਆ ਜਾਈਂ…ਜੋ ਕੁਝ ਪੁਛਣੈ-ਲਿਖਣੈ ਬਹਿ ਕੇ ਪੁੱਛ ਲਵੀਂ ਮੈਥੋਂ…।”
ਥੋੜ੍ਹੇ ਦਿਨਾਂ ਬਾਅਦ ਮੈਂ ਉਹਦੇ ਪਿੰਡ ਉਦੋਵਾਲੀ ਨੂੰ ਜਾ ਰਿਹਾ ਸੀ, ਗੁਰਭਾਈ ਜਗੀਰ ਸਿੰਘ ਤਾਲਿਬ ਨਾਲ…ਉਹਦੇ ਖੜ-ਖੜ ਖੜਕਦੇ ਪੁਰਾਣੇ ਯਾਹਮੇ ਮੋਟਰ-ਸਾਈਕਲ ‘ਤੇ ਬੈਠ ਕੇ! ਉਹਨੀ ਦਿਨੀਂ ਭਾਰੀ ਹੜ ਆਏ ਹੋਏ ਸਨ। ਕੱਚੇ ਜਿਹੇ ਤਿਲਕਵ੍ਹੇਂ ਰਾਹ…ਚੀਕਣੀ ਮਿੱਟੀ ਦਾ ਗਾਰਾ…ਨਹਿਰ ਦੀ ਪਟੜੀ-ਪਟੜੀ ਜਾ ਰਹੇ ਸਾਂ…ਹੜਾਂ ਕਾਰਨ ਨਹਿਰ ਵੀ ਉਛਲੂੰ-ਉਛਲੂੰ ਕਰਦੀ…ਤਾਲਿਬ ਜੀ ਦਾ ਯਾਹਮਾ ਡਿਕਡੋਲੇ ਖਾਂਦਾ…ਮੈਂ ਪਿੱਛੇ ਬੈਠਾ ਡਰਾਂ ਕਿ ਕਿਤੇ ਸਣੇ ਯਾਹਮੇ ਦੋਵੇਂ ਨਹਿਰ ‘ਚ ਨਾ ਜਾ ਡਿੱਗੀਏ! ਤਾਲਿਬ ਜੀ ਅਪਣੇ ਗਾਏ ਇੱਕ ਪੁਰਾਣੇ ਗੀਤ ਨੂੰ ਗੁਣ-ਗੁਣਾ ਰਹੇ ਸਨ-”ਆ ਜੋਗੀਆ ਆ…ਸਾਡੇ ਵਿਹੜੇ ਵੰਝਲੀ ਵਜਾ”… ਨਹਿਰ ਦੀ ਪਟੜੀ ਉੱਤਰ ਕੇ ਜਦ ਗਿੱਲੀ ਕੱਚੀ ਪਹੀ ਨੂੰ ਪੈ ਗਏ ਤਾਂ ਮੈਨੂੰ ਸੁਖ ਦਾ ਸਾਹ ਆਇਆ। ਖੇਤਾਂ ਵਿੱਚ ਡੇਰਾ ਗੁਰਦਾਸਪੁਰੀ ਦਾ। ਯਾਹਮਾ ਇੱਕ ਪਾਸੇ ਖਲਾਰ੍ਹਦਿਆਂ ਤਾਲਿਬ ਜੀ ਨੇ ਹੌਲੀ ਕੁ ਦੇਣੇ ਆਖਿਆ, ”ਬਚ ਕੇ ਰਹਵੀਂ… ਭਾਅ ਜੀ ਦੇ ਕੁੱਤੇ ਬੜੇ ਭੈੜੇ ਆ…।” ਕੁੱਤੇ ਲਾਗੇ ਹੀ ਫਿਰ ਰਹੇ ਸਨ ਪਰ ਭੌਂਕੇ ਨਹੀਂ ਸਨ। ਗੁਰਦਾਸਪੁਰੀ ਜੀ ਸੁਖਚੈਨ ਦੇ ਬੂਟੇ ਥੱਲੇ ਤਖ਼ਤਪੋਸ਼ ‘ਤੇ ਪਏ ਨੀਂਦ ਦਾ ਝੂਟਾ ਲੈ ਰਹੇ ਸਨ। ਸਾਨੂੰ ਨੇੜੇ ਆਏ ਦੇਖ ਕੇ ਉੱਠ ਬੈਠੇ ਤੇ ਸਿਰਹਾਣੇ ਹੇਠੋਂ ਪਰਨਾ ਕੱਢਕੇ ਵਲ੍ਹੇਟਣ ਲੱਗੇ। ਬਰਾਬਰ ਹੀ ਇੱਕ ਹੋਰ ਬੈਂਚ ਪਿਆ ਸੀ, ਅਸੀਂ ਲੱਤਾਂ ਲਮਕਾ ਕੇ ਉਹਦੇ ‘ਤੇ ਬੈਠ ਗਏ…ਜਦ ਮੈਨੂੰ ਕੁੱਤਿਆਂ ਦਾ ਚੇਤਾ ਆਇਆ ਤਾਂ ਮੈਂ ਲੱਤਾਂ ਉਤਾਂਹ ਨੂੰ ਖਿੱਚ੍ਹ ਲਈਆਂ…ਕੀ ਪਤੈ ਕਦੋਂ ਆਣ ਕੇ ਲੱਤਾਂ ਪਾੜ ਸੁੱਟ੍ਹਣ ਭਾਊ ਦੇ ਕੁੱਤੇ…? ਉਹਨਾਂ ਕਿਹੜਾ ਕਿਸੇ ਤੋਂ ਪੁੱਛ ਕੇ ਵੱਢਣਾ ਸੀ! ਅਸੀਂ ਕਈ ਘੰਟੇ ਗੱਲਾਂ ਕੀਤੀਆਂ। ਪਹਿਲਾਂ ਚਾਹ ਆਈ ਤੇ ਫਿਰ ਸ਼ਿਕੰਜਵੀ। ਗੁਰਦਾਸਪੁਰੀ ਜੀ ਵਾਣ ਦੇ ਮੰਜੇ ‘ਤੇ ਅਧਲੇਟੇ ਗੱਲਾਂ ਕਰਨ ਲੱਗੇ,
”ਮੈਂ ਸੰਨ ਉੱਨੀ ਸੌ ਅਠੱਤੀ ‘ਚ ਅੱਖ ਪੁੱਟੀ ਅਪਣੇ ਨਾਨਕੇ ਪਿੰਡ ਲਸ਼ਕਰੀ ਨੰਗਲ…ਦਾਦਾ ਸ੍ਰ. ਹਰਨਾਮ ਸਿੰਘ ਰੰਧਾਵਾ ਜ਼ੈਲਦਾਰ ਸਨ…ਪਿਤਾ ਸ੍ਰ.ਰਛਪਾਲ ਸਿੰਘ ਥਾਣੇਦਾਰ ਸਨ…ਦਾਦਾ ਜੀ ਨੇ ਉਹਨਾਂ ਦੀ ਨੌਕਰੀ ਛੁਡਵਾ ਦਿੱਤੀ ਸੀ…ਜਦ ਦਾਦਾ ਜੀ ਨਾ ਰਹੇ ਤਾਂ ਪਿਤਾ ਜੀ ਜ਼ੈਲਦਾਰ ਬਣ ਗਏ…ਮੈਂ ਹਾਲੇ ਕਾਫ਼ੀ ਛੋਟਾ ਸਾਂ ਕਿ ਪਿਤਾ ਜੀ ਚੱਲ ਵੱਸੇ…ਘਰ ਦਾ ਤੇ ਖੇਤੀ ਬਾੜੀ ਦਾ ਸਾਰਾ ਕੰਮ ਮੈਨੂੰ ਕਰਨਾ ਪੈ ਗਿਆ…ਸਾਡੇ ਪਿੰਡ ਇੱਕ ਬਾਬਾ ਦਰਸ਼ੋ ਹੁੰਦਾ ਸੀ…ਉਹ ਲੋਕ-ਗਾਥਾਵਾਂ ਗਾਉਂਦਾ ਹੁੰਦਾ…ਬਾਬਾ ਦਰਸ਼ੋ ਬੜਾ ਸੁਰੀਲਾ ਸੀ ਤੇ ਮੈਂ ਕੋਸ਼ਿਸ ਕਰਦਾ ਸੀ ਕਿ ਬਾਬੇ ਦਰਸ਼ੋ ਦੀ ਆਵਾਜ਼ ਜਿਹੀ ਆਵਾਜ਼ ਮੇਰੀ ਵੀ ਬਣੇ…ਮੈਂ ਨਹੀਂ ਸੀ ਜਾਣਦਾ ਕਿ ਇਹ ਯਤਨ ਜਾਂ ਇਹ ਸ਼ੌਕ ਇੱਕ ਦਿਨ ਨੂੰ ਬਹੁਤ ਅੱਗੇ  ਵਧ ਜਾਵੇਗਾ…ਬਾਬਾ ਦਰਸ਼ੋ ਮਿਰਜ਼ੇ ਦੀ ਧੁਨ ‘ਤੇ ਗਾਇਆ ਕਰਦਾ ਸੀ:
ਨੀਂ ਦਿੱਲੀਏ ਕਾਗਾ ਹਾਰੀਏ
ਨੀਂ ਤੇਰਾ ਸੂਹਾ ਨੀਂ ਚੰਦਰੀਏ ਬਾਣਾ…
ਸਾਡੇ ਪਿੰਡ ਦੇ ਕੁਝ ਮੁੰਡੇ ਕਮਿਊਨਿਸਟ ਪਾਰਟੀ ‘ਚ ਸਨ…ਹਰਭਜਨ, ਕਿਰਪਾਲ ਤੇ ਬਲਜੀਤ ਇਹਨਾਂ ਨਾਲ ਮੇਰਾ ਬਹਿਣ-ਉਠਣ ਹੋਇਆ ਤੇ ਅਸੀਂ ਕਾਮਰੇਡਾਂ ਦੀਆਂ ਕਾਨਫਰੰਸਾਂ ‘ਤੇ  ਜਾਣ ਲੱਗੇ …ਜਸਵੰਤ ਸਿੰਘ ਰਾਹੀ ਹੁਰਾਂ ਖਹਿੜਾ ਨਾ ਛੱਡਣਾ ਤੇ ਨਾਲ-ਨਾਲ ਲਈ ਫਿਰਨਾ…ਅਸਲੀ ਸ਼ੁਰੂਆਤ ਤਾਂ ਮੇਰੇ ਸਹੁਰੇ ਪਿੰਡ ਫਜ਼ਲਾਬਾਦ ਤੋਂ ਹੁੰਦੀ ਏ…ਉਥੇ ਬਹੁਤ ਵੱਡੀ ਕਾਨਫਰੰਸ ਹੋਈ ਕਾਮਰੇਡਾਂ ਦੀ ਤੇ ਰਿਸ਼ਤੇਦਾਰ ਮੁੰਡਿਆਂ ਮੈਨੂੰ ਧੱਕ-ਧਕਾ ਕੇ  ਸਟੇਜ ‘ਤੇ ਚਾੜ੍ਹ ਦਿੱਤਾ…ਮੈਂ ਉਦੋਂ ਗਾਇਆ ਸੀ:
ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ
ਹੁਣ ਨਹੀਂਓ ਹੁੰਦੀਆਂ ਸਬਰ-ਸਬੂਰੀਆਂ…
ਹਜ਼ਾਰਾਂ ਦੀ ਗਿਣਤੀ ‘ਚ ਲੋਕ ਬੈਠੇ ਸਨ…ਮੈਨੂੰ ਉਦੋਂ ਬੜੀ ਦਾਦ ਮਿਲੀ…ਹੌਸਲਾ ਵੀ ਵਧਿਆ ਤੇ ਸੰਗੀਤ ਦਾ ਇਹ ਸ਼ੌਕ ਹੋਰ ਪ੍ਰਫੁਲਤ ਹੋਣ ਲੱਗਿਆ… ਫੇਰ ਨਹੀਂ ਮੈਂ ਪਿੱਛਾ ਭਉਂ ਕੇ ਦੇਖਿਆ…ਜਿੱਥੇ ਵੀ ਕਿਤੇ ਚਾਹੇ ਦੂਰ…ਚਾਹੇ ਨੇੜੇ ਕੋਈ ਕਾਨਫਰੰਸ ਹੋਣੀ ਤਾਂ ਮੈਂ ਜਾਂਦਾ…ਤੇਰਾ ਸਿੰਘ ਚੰਨ ਹੁਰਾਂ ਦਾ ਲਿਖਿਆ ਗੀਤ ”ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ” ਮੈਂ ਹਰ ਥਾਂ ਗਾਇਆ…ਨਾਲ ਸਾਥੀ ਹੁੰਦਾ ਸੀ ਦਲੀਪ ਸਿੰਘ ਸ਼ਿਕਾਰ ਬੜੀ ਆਵਾਜ਼ ਸੀ ਉਹਦੀ…ਉਹਨੀ ਦਿਨੀ ਹੀ ਡੇਰਾ ਬਾਬਾ ਨਾਨਕ ਲਾਗੇ ਪਿੰਡ ਜੌੜੀਆਂ ਦਾ ਸੀ ਸ਼ਾਇਰ ਅਮਰ ਚਿਤਰਕਾਰ…ਉਹਦਾ ਲਿਖਿਆ ਮੈਂ ਗਾਇਆ : ਜਿਉਂਦੇ ਜੀਅ ਆ ਸੋਹਣਿਆ, ਤੈਨੂੰ ਸੁਰਗ ਦਿਖਾਵਾਂ  ਲੱਗੀਆਂ ਹੋਈਆਂ ਰੌਣਕਾਂ, ਪਿੱਪਲਾਂ ਦੀਆਂ ਛਾਵਾਂ  ਸ਼ਿਵ ਨੇ ਆ ਜਾਇਆ ਕਰਨਾ…ਏਥੇ ਬੰਬੀ ਦਾ ਨਜ਼ਾਰਾ ਮਾਨਣਾ ਓਸ ਨੇ ਤੇ ਖ਼ੂਬ ਲਿਖਣਾ ਪੜ੍ਹਨਾ ਤੇ ਗਾਇਆ ਕਰਨਾ ਏਥੇ… ਮਹੀਨੇ ‘ਚ ਚਾਰ-ਪੰਜ ਦਿਨ ਅਸਾਂ ਲਾਜ਼ਮੀ ‘ਕੱਠੇ ਹੋਣਾ… ਇੱਕ ਵਾਰ ਸਾਡੇ ਖੇਤ ਵਿੱਚ ਔਰਤਾਂ ਵਾਢੀ ਕਰ ਰਹੀਆਂ ਦੇਖ ਕੇ ਉਹਨੇ ਲਿਖਿਆ ਸੀ ਤੇ ਮੈਂ ਏਹ ਗੀਤ ਬੜਾ ਗਾਇਆ:
ਕਾਲੀ ਦਾਤਰੀ ਚੰਨਣ ਦਾ ਦਸਤਾ
ਕਿ ਲੱਛੀ ਕੁੜੀ ਵਾਢੀਆਂ ਕਰੇ…
”ਸੰਨ ਉੱਨੀ ਸੌ ਸਤਵੰਜਾ ਵਿੱਚ ਨਕੋਦਰ ਨੇੜੇ ਕਾ. ਹਰਕਿਸ਼ਨ ਸਿੰਘ ਸੁਰਜੀਤ ਦੀ ਰੈਲੀ ਹੋਈ ਤਾਂ ਉਥੇ ਮੈਂ ਗਾਇਆ…ਜਦ ਚਾਰੇ ਪਾਸੇ ਆਵਾਜ਼ ਗੂੰਜ ਉੱਠੀ ਤਾਂ ਤਾਂ ਰੈਲੀ ਵਾਲਾ ਹਾਲ ਛੋਟਾ ਪੈ ਗਿਆ…ਮੇਰੀ ਗਾਇਕੀ ਦਾ ਅਗਾਜ਼ ਸੰਨ ਉੱਨੀ ਬਵੰਜਾ ‘ਚ ਹੋ ਗਿਆ ਸੀ…ਕਾਮਰੇਡਾਂ ਦੀਆਂ ਸਟੇਜਾਂ ‘ਤੇ…ਜੋਗਿੰਦਰ ਬਾਹਰਲੇ ਦੇ ਨਾਟਕ ਹੁੰਦੇ ਤੇ ਮੈਂ ਉਥੇ ਗਾਉਣਾ…ਹੁਕਮ ਚੰਦ ਖਲੀਲੀ…ਜਗਦੀਸ਼ ਫਰਿਆਦੀ ਵੀ ਨਾਲ ਹੁੰਦੇ…ਚੰਨ ਸਾਹਿਬ ਵੀ ਹੁੰਦੇ…ਨਰਿੰਦਰ ਦੁਸਾਂਝ…ਜਗਜੀਤ ਸਿੰਘ ਅਨੰਦ…ਕਦੇ ਸੁਰਿੰਦਰ ਕੌਰ ਵੀ ਹੁੰਦੀ…ਨਾਲ ਉਹਦੇ ਪਤੀ ਸੋਢੀ ਸਾਹਿਬ ਵੀ…ਨਵਤੇਜ ਪ੍ਰੀਤਲੜੀ ਤੇ ਉਹਨਾਂ ਦੀ ਪਤਨੀ ਬੀਬੀ ਮਹਿੰਦਰ ਕੌਰ ਵੀ ਹੁੰਦੇ…ਕਦੇ ਕੁਲਦੀਪ ਬਾਵਾ ਨੇ ਨਾਲ ਵਾਈਲਨ ਵਜਾਉਣੀ…ਸੰਨ ਅਠਵੰਜਾ ਵਿੱਚ ਜਦ ਅੰਮ੍ਰਿਤਸਰ ਕਾਨਫਰੰਸ ਹੋਈ ਤਾਂ ਮੈਂ ਅਪਣੇ ਇਪਟਾ ਦੇ ਸਾਥੀਆਂ ਨਾਲ ਪੇਸ਼ਕਾਰੀ ਕੀਤੀ…ਫਿਰ ਸਾਡੀ ਮੰਗ ਸਾਰੇ ਦੇਸ਼ ਵਿੱਚ ਵਧ ਗਈ…ਇੱਕ ਵਾਰ ਮੈਂ ਕਿਤੇ ਗਾ ਰਿਹਾ ਸਾਂ ਬਿਨਾਂ ਸਪੀਕਰ ਤੋਂ… ਪੰਡਾਲ ਵਿੱਚੋਂ ਇੱਕ ਬੁੱਢਾ ਬੋਲਦਾ ਏ, ਕੌਣ ਏਂ ਜੋ ਬਿਨਾਂ ਸਪੀਕਰ ਤੋਂ ਈ ਵੱਟ ਕੱਢੀ ਤੁਰਿਆ ਜਾਂਦੈ…ਕਿਸੇ ਨੇ ਕਿਹਾ ਕਾਮਰੇਡ ਗੁਰਦਾਸਪੁਰੀ ਏ…ਬਹੁਤੇ ਥਾਵਾਂ ‘ਤੇ ਅਸਾਂ ਬਿਨਾਂ ਸਪੀਕਰ ਤੋਂ ਈ ਕੰਮ ਚਲਾਉਣਾ…ਮਾਇਆ ਪੱਖੋਂ ਮੈਂ ਕੋਰਾ ਈ ਰਿਹਾ ਵਾਂ…ਕਿਉਂਕ ਪ੍ਰਤੀਬੱਧਤਾ ਸੀ ਪਾਰਟੀ ਨਾਲ..ਘਰ ਦਾ ਤੋਰੀ-ਫੁਲਕਾ ਜ਼ਮੀਨ ਹੋਣ ਕਰਕੇ ਠੀਕ ਚੱਲੀ ਗਿਆ…ਸਰਪੰਚੀ ਵੀ ਕੀਤੀ…ਕਦੇ ਪਿੰਡ ਦੇ ਬੰਦੇ ਨੂੰ ਥਾਣੇ ਦਾ ਮੂੰਹ ਨਈਂ ਸੀ ਦੇਖਣ ਦਿੱਤਾ…ਮੈਂ ਸੰਨ 1973 ‘ਚ ਪਿੰਡ ਦਾ ਸਰਪੰਚ ਬਣਿਆ… ਪਿੰਡ ਦੇ ਗੁਰੂ ਘਰ ‘ਚ ‘ਕੱਠ ਕੀਤਾ ਪਿੰਡ ਦੇ ਲੋਕਾਂ ਦਾ ਤੇ ਸਹੁੰ ਪੁਵਾਈ ਕਿ ਕੋਈ ਬੰਦਾ ਸ਼ਰਾਬ ਨਹੀਂ ਕੱਢੇਗਾ…ਥੋੜ੍ਹੇ ਚਿਰ ਬਾਅਦ ਮਾਛੀ ਮੁਨਸ਼ੀ ਨੇ ਸ਼ਰਾਬ ਕੱਢੀ ਤਾਂ ਥਾਣੇਦਾਰ ਆ ਗਿਆ ਪਿੰਡ… ਮੈਨੂੰ ਗੱਲ ਸੁਣ ਕੇ ਬੜਾ ਗੁੱਸਾ ਆਇਆ… ਭਰੀ ਪੰਚਾਇਤ ਵਿਚੋਂ ਮੈਂ ਖੁਦ ਉਹਨੂੰ ਕੁਟਾਪਾ ਚਾੜ੍ਹਿਆ ਤੇ ਪੁਲਿਸ ਤੋਂ ਮਾਫ਼ੀ ਮੰਗਵਾਈ ਸੀ…ਪਰ ਥਾਣੇ ਨਾ ਜਾਣ ਦਿੱਤਾ…ਦਾਰੂ ਕੱਢਣ ਵਾਲੇ ਭਾਂਡੇ ਸਭ ਦੇ ਸਾਹਮਣੇ ਭੰਨਵਾਏ…।”
[email protected]

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …