ਸੂਬੇ ਦੇ 74 ਸਕੂਲਾਂ ’ਚ 82 ਲੈਬਜ਼ ਬਣਾਉਣ ਨੂੰ ਮਨਜੂਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆਂ ਨੂੰ ਵੋਕੇਸ਼ਨਲ ਵਿਸ਼ਿਆਂ ਦੀ ਪੜ੍ਹਾਈ ਵਿਚ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਕੋਰਸ ਕਰਵਾਏ ਜਾਣਗੇ। ਸਕੂਲਾਂ ਵਿਚ ਬੈਂਕਿੰਗ ਐਂਡ ਇੰਸੋਰੈਂਸ, ਬਿਊਟੀ ਐਂਡ ਵੈਲਨੈਸ, ਰਿਟੇਲ, ਫੂਡ ਪ੍ਰੋਸੈਸਿੰਗ, ਐਗਰੀਕਲਚਰ, ਆਈ.ਟੀ. ਅਤੇ ਫਿਜ਼ੀਕਲ ਐਜੂਕੇਸ਼ਨ ਵਰਗੇ ਕੋਰਸਾਂ ’ਤੇ ਫੋਕਸ ਕੀਤਾ ਜਾਵੇਗਾ। ਇਨ੍ਹਾਂ ਖੇਤਰਾਂ ਸਬੰਧੀ ਬਾਰੀਕੀਆਂ ਸਿਖਾਉਣ ਦੇ ਲਈ ਸੂਬੇ ਦੇ 74 ਸਕੂਲਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿਚ 82 ਲੈਬਜ਼ ਬਣਾਈਆਂ ਜਾਣਗੀਆਂ। ਇਸੇ ਦੌਰਾਨ ਲੈਬਜ਼ ਲਈ ਸਮਾਨ ਖਰੀਦਣ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਵਿਚੋਂ ਛੇ ਮੈਂਬਰੀ ਕਮੇਟੀ ਬਣਾਈ ਜਾਵੇਗੀ। ਇਸ ਵਿਚ ਸਕੂਲ ਪਿ੍ਰੰਸੀਪਲ ਚੇਅਰਮੈਨ, ਮੈਂਬਰ ਦੇ ਰੂਪ ਵਿਚ ਇਕ ਮਹਿਲਾ ਅਧਿਆਪਕ, ਵੋਕੇਸ਼ਨਲ ਟਰੇਨਰ ਅਤੇ ਇਕ ਸੀਨੀਅਰ ਅਧਿਕਾਰੀ ਹੋਣਗੇ। ਲੈਬਜ਼ ਲਈ ਜਿਹੜਾ ਵੀ ਸਮਾਨ ਖਰੀਦਿਆ ਜਾਵੇਗਾ, ਉਸਦੀ ਜਾਂਚ ਸਿੱਖਿਆ ਵਿਭਾਗ ਦੇ ਕਰਮਚਾਰੀ ਵਲੋਂ ਕੀਤੀ ਜਾਵੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸੂਬੇ ਦੇ ਕਈ ਸਕੂਲਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਹੀ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।