ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਨੂੰ ਸਾਜ਼ਿਸ਼ ਦੱਸਿਆ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ‘ਚ ਖੇਤੀ ਕਨੂੰਨਾਂ ਨੂੰ ਲੈ ਕੇ ਭਰਮ ਫੈਲਾਇਆ ਜਾ ਰਿਹਾ ਹੈ, ਇਸ ਪਿੱਛੇ ਵੱਡੀ ਸਾਜਿਸ਼ ਹੈ। ਇਹ ਦਾਅਵਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਪੁਰੀ ਨੇ ਕੀਤਾ ਹੈ। ਹਰਦੀਪ ਪੁਰੀ ਨੇ ਕਿਹਾ ਕਿ ਬਾਕੀ ਸੂਬਿਆਂ ‘ਚ ਵੀ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੀ ਮੰਗ ਖੁਦ ਕਾਂਗਰਸ ਨੇ ਕੀਤੀ ਸੀ। ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਸ ਬਿੱਲ ਦੀ ਗੱਲ ਕੀਤੀ ਗਈ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿਸਾਨਾਂ ਦੇ ਹੱਕ ‘ਚ ਕੁਝ ਚੰਗੇ ਫੈਸਲੇ ਲਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਇਸ ਬਿੱਲ ਦਾ ਵਿਰੋਧ ਹੀ ਕਰਨਾ ਸੀ ਤਾਂ ਰਾਜ ਸਭਾ ‘ਚ ਕਰਦੀ। ਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਐਮਐਸਪੀ ਨਹੀਂ ਹਟਾਈ ਜਾਵੇਗੀ ਤੇ ਮੰਡੀਆਂ ਵੀ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ ਅਤੇ ਜਮੀਨਾਂ ਨੂੰ ਬਿਲਕੁਲ ਵੀ ਨਹੀਂ ਛੇੜਿਆ ਜਾਵੇਗਾ। ਉਨ੍ਹਾਂ ਕਿਹਾ ਉਨ੍ਹਾਂ ਵੱਲੋਂ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਜ਼ਿਕਰਯੋਗ ਹੈ ਕਿ ਅੱਜ ਤੋਂ ਲੈ ਕੇ 20 ਅਕਤੂਬਰ ਤੱਕ ਹਰ ਰੋਜ਼ ਇਕ ਕੇਂਦਰੀ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਬਿਲਾਂ ਸਬੰਧੀ ਸਮਝਾਉਣ ਨੂੰ ਲੈ ਕੇ ਵੀਡੀਓ ਕਾਨਫਰੰਸਿੰਗ ਕਰਿਆ ਕਰੇਗਾ, ਜਿਸ ਨੂੰ ਕਿਸਾਨ ਜਥੇਬੰਦੀਆਂ ਕੇਂਦਰ ਦੇ ਇਕ ਸਿਆਸੀ ਜਾਲ ਵਜੋਂ ਵੀ ਵੇਖ ਰਹੀਆਂ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …