ਲੁਧਿਆਣਾ/ਬਿਊਰੋ ਨਿਊਜ਼ : ਐੱਸਟੀਐੱਫ ਯੂਨਿਟ ਲੁਧਿਆਣਾ ਨੇ ਜੰਮੂ ਕਸ਼ਮੀਰ ਤੋਂ ਆ ਰਹੀ 10 ਕਿਲੋ 250 ਗ੍ਰਾਮ ਹੈਰੋਇਨ ਸਮੇਤ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਜੰਮੂ ਤੋਂ ਇੱਕ ਕਾਰ ਰਾਹੀਂ ਲੁਧਿਆਣਾ ਆ ਰਹੇ ਸਨ। ਇਸ ਸਬੰਧੀ ਇੱਥੇ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਐੱਸਟੀਐੱਫ ਲੁਧਿਆਣਾ ਯੂਨਿਟ ਦੇ ਇੰਚਾਰਜ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਸਵਿਫਟ ਕਾਰ ਨੂੰ ਚੰਡੀਗੜ੍ਹ ਰੋਡ ਨੇੜੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚ ਪਏ ਅਖਰੋਟਾਂ ਵਾਲੇ ਬੈਗ ਵਿੱਚ 10 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕਾਰ ਦੇ ਅਗਲੇ ਸ਼ੀਸ਼ੇ ਉਪਰ ‘ਵੀਆਈਪੀ ਪਾਰਕਿੰਗ’ ਦਾ ਸਟਿੱਕਰ ਲੱਗਾ ਹੋਇਆ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪਤੀ ਪਤਨੀ ਦੀ ਪਛਾਣ ਮੁਹੰਮਦ ਅਰਬੀ (48) ਵਾਸੀ ਪਿੰਡ ਜਲਾਲਾਬਾਦ ਸੁੰਜਮਾ, ਥਾਣਾ ਬਠਿੰਡੀ (ਜੰਮੂ ਕਸ਼ਮੀਰ) ਅਤੇ ਉਸ ਦੀ ਪਤਨੀ ਜਮੀਲਾ ਬੇਗ਼ਮ (36) ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਧਾਰਾ 21, 61, 85 ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਇਹ ਹੈਰੋਇਨ ਬਾਰਡਰ ਪਾਰ ਤੋਂ ਸਮੱਗਲਿੰਗ ਕਰ ਕੇ ਲਿਆਂਦੀ ਸੀ ਜੋ ਕਿ ਲੁਧਿਆਣਾ ਵਿੱਚ ਸਪਲਾਈ ਕਰਨੀ ਸੀ। ਉਨ੍ਹਾਂ ਦੱਸਿਆ ਕਿ ਮੁਹੰਮਦ ਅਰਬੀ ਖ਼ਿਲਾਫ਼ ਪਹਿਲਾਂ ਵੀ ਜੰਮੂ ਕਸ਼ਮੀਰ ਵਿੱਚ ਐੱਨਡੀਪੀਐੱਸ ਐਕਟ ਅਧੀਨ ਦੋ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੀ ਪਤਨੀ ਜਮੀਲਾ ਬੇਗ਼ਮ ਰਾਹੀਂ ਇਹ ਹੈਰੋਇਨ ਸਪਲਾਈ ਕਰਦਾ ਸੀ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਹੋਰ ਪੜਤਾਲ ਕੀਤੀ ਜਾ ਰਹੀ ਹੈ।
Check Also
ਪਰਵਾਸੀ ਮਜ਼ਦੂਰਾਂ ਨੂੰ ਪਿੰਡ ’ਚੋਂ ਬਾਹਰ ਕੱਢਣ ਦਾ ਮਤਾ ਪਾਸ
ਬੂਟਾ ਸਿੰਘ ਵਾਲਾ ਦੀ ਗਰਾਮ ਸਭਾ ਨੇ ਲਿਆ ਫੈਸਲਾ ਬਨੂੜ/ਬਿਊਰੋ ਨਿਊਜ਼ ਮੁਹਾਲੀ ਦੇ ਕਸਬਾ ਬਨੂੜ …