ਅਮਰਪਾਲ ਸਿੰਘ ਬੋਨੀ ਦੀ ਅਗਵਾਈ ‘ਚ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ : ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਜਾਂਚ ਵਿਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਜਾਵੇ। ਇਹ ਮੰਗ ਸ਼੍ਰੋਮਣੀ ਅਕਾਲੀ ਦਲ ਵਿਚੋਂ ਫਾਰਗ ਕੀਤੇ ਗਏ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕੀਤੀ ਹੈ। ਉਸ ਨੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨਾਲ ਮੁਲਾਕਾਤ ਕੀਤੀ ਹੈ ਅਤੇ ਆਪਣੀ ਮੰਗ ਸਬੰਧੀ ਇਕ ਪੱਤਰ ਸੌਂਪਿਆ ਹੈ। ਬੋਨੀ ਨੇ ਆਖਿਆ ਕਿ ਆਈਜੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਵਿਚ ਨਿਆਂ ਕੀਤਾ ਜਾਵੇਗਾ ਅਤੇ ਲੋੜ ਮੁਤਾਬਕ ਕਿਸੇ ਵੀ ਵਿਅਕਤੀ ਕੋਲੋਂ ਪੁੱਛਗਿਛ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਜਾਂਚ ਟੀਮ ਵੱਲੋਂ ਇਸੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਫਿਲਮ ਅਦਾਕਾਰ ਅਕਸ਼ੈ ਕੁਮਾਰ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਜਾਂਚ ਟੀਮ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਤੋਂ ਬਾਅਦ ਬਣਾਈ ਗਈ ਹੈ। ਸਾਬਕਾ ਅਕਾਲੀ ਵਿਧਾਇਕ ਵਲੋਂ ਦਿੱਤੇ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਤੰਬਰ 2015 ਵਿਚ ਮੁਆਫ਼ੀ ਦਿੱਤੇ ਜਾਣ ਨਾਲ ਹੀ ਇਹ ਸਾਰਾ ਮਾਮਲਾ ਜੁੜਿਆ ਹੋਇਆ ਹੈ। ਉਸ ਵਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਸ ਵੇਲੇ ਉਨ੍ਹਾਂ ਪੰਥਕ ਪ੍ਰੰਪਰਾਵਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਸੀ। ਸਿੱਖ ਸੰਗਤ ਦੇ ਵਿਰੋਧ ਕਾਰਨ ਹੀ ਮੁਆਫੀ ਦਾ ਫੈਸਲਾ ਵਾਪਸ ਲੈਣਾ ਪਿਆ ਸੀ। ਇਹ ਫੈਸਲਾ ਹੀ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਾਉਣ ਦੀ ਲੋੜ ਹੈ ਕਿ ਮੁਆਫੀ ਦੇਣ ਦੇ ਫੈਸਲੇ ਪਿੱਛੇ ਕਿਹੜੀਆਂ ਪੰਥ ਦੋਖੀ ਤਾਕਤਾਂ ਕੰਮ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਬਾਕੀ ਤਖਤਾਂ ਦੇ ਜਥੇਦਾਰਾਂ ਦਾ ਇਸ ਮਾਮਲੇ ਵਿਚ ਕੀ ਰੋਲ ਸੀ, ਇਹ ਵੀ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਨੂੰ ਬਹਿਬਲ ਕਲਾਂ ਗੋਲੀ ਕਾਂਡ ਨਾਲ ਜੋੜ ਕੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਇਹ ਪਤਾ ਲੱਗੇਗਾ ਕਿ ਉਚ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਦੇ ਗੈਰ ਜ਼ਿੰਮੇਵਾਰ ਫੈਸਲਿਆਂ ਨਾਲ ਕਿੰਨਾ ਵੱਡਾ ਕੌਮੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਫ ਹੋ ਜਾਵੇਗੀ ਕਿ ਕੌਣ ਕਸੂਰਵਾਰ ਹੈ। ਉਨ੍ਹਾਂ ਜਾਂਚ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸਾਬਕਾ ਜਥੇਦਾਰ ਅਤੇ ਇਸ ਮਾਮਲੇ ਨਾਲ ਜੁੜੇ ਬਾਕੀ ਜਥੇਦਾਰ ਜਿਨ੍ਹਾਂ ਵੱਲੋਂ ਮੁਆਫ਼ੀ ਦਿੱਤੀ ਗਈ ਸੀ, ਨੂੰ ਵੀ ਜਾਂਚ ਮਾਮਲੇ ਵਿਚ ਸ਼ਾਮਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਇਸ ਮਾਮਲੇ ਵਿਚ ਸਾਬਕਾ ਜਥੇਦਾਰ ਨੂੰ ਜਾਂਚ ਕਮਿਸ਼ਨ ਨੂੰ ਸਹਿਯੋਗ ਦੇਣ ਲਈ ਆਖਿਆ ਗਿਆ ਸੀ ਪਰ ਉਸ ਵੇਲੇ ਇਸ ਦਾ ਸਖ਼ਤ ਵਿਰੋਧ ਹੋਇਆ ਸੀ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਮਿਸ਼ਨ ਨੂੰ ਰੱਦ ਕਰ ਦਿੱਤਾ ਸੀ। ਮੁਆਫ਼ੀ ਮਾਮਲੇ ਸਮੇਂ ਮੀਟਿੰਗ ਵਿਚ ਸ਼ਾਮਲ ਇਕ ਜਥੇਦਾਰ ਇਸ ਸਬੰਧ ਵਿਚ ਪਹਿਲਾਂ ਹੀ ਕਈ ਅਹਿਮ ਖੁਲਾਸੇ ਕਰ ਚੁੱਕਾ ਹੈ।
ਅਕਸ਼ੈ ਕੁਮਾਰ ਨਾਲ ਸੈਲਫੀ
ਡੇਰਾਮੁਖੀ ਦੀ ਵਿਵਾਦਤ ਫ਼ਿਲਮ ਪੰਜਾਬ ‘ਚ ਰਿਲੀਜ਼ ਕਰਵਾਉਣ ਦੇ ਲਈ ਅਕਾਲੀ ਦਲ ਅਤੇ ਡੇਰਾਮੁਖੀ ‘ਚ 100 ਕਰੋੜ ਦੀ ਸੌਦੇਬਾਜ਼ੀ ਕਰਵਾਉਣ ਦੇ ਆਰੋਪੀ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੇ ਕ੍ਰੇਜ਼ ਤੋਂ ਐਸਆਈਟੀ ਦੇ ਮੈਂਬਰ ਵੀ ਨਹੀਂ ਬਚ ਸਕੇ। ਐਸਆਈਟੀ ਦੇ ਸਵਾਲਾਂ ਦਾ ਜਵਾਬ ਦੇਣ ਜਦੋ ਅਕਸ਼ੈ ਕੁਮਾਰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੇ ਹੈਡਕੁਆਰਟਰ ਪਹੁੰਚੇ ਤਾਂ ਆਉਂਦੇ ਹੀ ਉਨ੍ਹਾਂ ਨੂੰ ਡਾਈਟ ਕੋਕ ਆਫ਼ਰ ਕੀਤਾ ਗਿਆ ਪ੍ਰੰਤੂ ਅਕਸ਼ੈ ਕੁਮਾਰ ਨੇ ਉਹ ਨਹੀਂ ਲਿਆ। ਅਕਸ਼ੈ ਕੁਮਾਰ ਤੋਂ ਪੁੱਛਗਿੱਛ ਦੇ ਲਈ ਐਸਆਈਟੀ ਦੇ ਸਾਰੇ ਮੈਂਬਰ ਮੌਜੂਦ ਸਨ। ਸਵਾਲ ਪੁੱਛਣ ਤੋਂ ਬਾਅਦ ਐਸ ਆਈ ਟੀ ਦੇ ਮੈਂਬਰਾਂ ਦੇ ਨਾਲ-ਨਾਲ ਹੋਰ ਪੁਲਿਸ ਅਫ਼ਸਰਾਂ ਅਤੇ ਸਟਾਫ਼ ਨੇ ਅਕਸ਼ੈ ਕੁਮਾਰ ਦੇ ਨਾਲ ਸੈਲਫੀਆਂ ਵੀ ਲਈਆਂ।
ਕਰਤਾਰਪੁਰ ਲਾਂਘੇ ਦਾ ਸਿਹਰਾ
ਭਾਰਤ ਅਤੇ ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਪੁਰ ਸਾਹਿਬ ਦੇ ਲਈ ਕੋਰੀਡੋਰ ਬਣਾਉਣ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ। ਇਕ ਪਾਸੇ ਸਿੱਧੂ ਕਹਿ ਰਹੇ ਹਨ ਕਿ ਕੋਰੀਡੋਰ ਉਨ੍ਹਾਂ ਦੀ ਪਹਿਲ ਦੇ ਕਾਰਨ ਖੁੱਲ੍ਹਣ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਾਅਵਾ ਕਰ ਰਹੇ ਹਨ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ। ਪਾਕਿਸਤਾਨ ‘ਚ ਇਸ ਕੋਰੀਡੋਰ ਦਾ ਨੀਂਹ ਪੱਥਰ 28 ਨਵੰਬਰ ਨੂੰ ਉਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਰੱਖਣਗੇ ਜਦਕਿ ਭਾਰਤ ‘ਚ ਇਸ ਦਾ ਨੀਂਹ ਪੱਥਰ 26 ਨਵੰਬਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ।
ਸੋਨੀ ਤੋਂ ਵਾਤਾਵਰਣ ਵਿਭਾਗ ਵਾਪਸ ਲਿਆ
ਕੈਬਨਿਟ ਮੰਤਰੀ ਓਪੀ ਸੋਨੀ ਤੋਂ ਸਰਕਾਰ ਨੇ ਵਾਤਾਵਰਣ ਵਿਭਾਗ ਵਾਪਸ ਲੈ ਲਿਆ ਹੈ ਪ੍ਰੰਤੂ ਉਨ੍ਹਾਂ ਤੋਂ ਇਹ ਵਿਭਾਗ ਵਾਪਸ ਕਿਉਂ ਲਿਆ ਗਿਆ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਰਾਜਨੀਤਿਕ ਗਲਿਆਰਿਆਂ ‘ਚ ਉਨ੍ਹਾਂ ਤੋਂ ਵਿਭਾਗ ਵਾਪਸ ਲੈਣ ਦੇ ਪਿਛੇ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਇਸ ਦੇ ਲਈ ਅਲੱਗ-ਅਲੱਗ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਮਿਸ਼ਨ ਤੰਦਰੁਸਤੀ ਪੰਜਾਬ ਦੇ ਤਹਿਤ ਥਾਂ-ਥਾਂ ਛਾਪੇ ਮਾਰੇ ਗਏ। ਇਸ ਦੌਰਾਨ ਓਪੀ ਸੋਨੀ ਤੋਂ ਵਾਤਾਵਰਣ ਵਿਭਾਗ ਵਾਪਸ ਲੈ ਲਿਆ ਗਿਆ ਅਤੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।
ਪੰਜਾਬ ਨਾਲੋਂ ਹਰਿਆਣਾ ਵਧੀਆ
ਹਰਿਆਣਾ ‘ਚ 2019 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਥੇ ਆਮ ਆਦਮੀ ਪਾਰਟੀ ਨੇ ਚੋਣਾਂ ‘ਚ ਕੁੱਦਣ ਦੇ ਐਲਾਨ ਤੋਂ ਬਾਅਦ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਨਾਲੋਂ ਹਰਿਆਣਾ ਵਧੀਆ ਲੱਗਣ ਲੱਗਿਆ ਹੈ। ਕੇਜਰੀਵਾਲ ਨੇ ਪੂਰੀ ਤਰ੍ਹਾਂ ਹਰਿਆਣਾ ਦਾ ਰੁਖ ਕਰ ਲਿਆ ਹੈ। ਉਹ ਹਰ ਕੰਮ ‘ਚ ਹਰਿਆਣਾ ਦਾ ਪੱਖ ਲੈ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ‘ਤੇ ਆਰੋਪ ਲਗਾ ਦਿੱਤਾ ਕਿ ਉਨ੍ਹਾਂ ਵੱਲੋਂ ਪਰਾਲੀ ਜਲਾਏ ਜਾਣ ਕਾਰਨ ਉਠਣ ਵਾਲੇ ਧੂੰਏਂ ਦੇ ਕਾਰਨ ਹੀ ਦਿੱਲੀ ‘ਚ ਪ੍ਰਦੂਸ਼ਣ ਫੈਲ ਰਿਹਾ ਹੈ। ਹੁਣ ਕੇਜਰੀਵਾਲ ਪੰਜਾਬ ਦੀ ਗੱਲ ਵੀ ਨਹੀਂ ਕਰਦੇ। ਖਹਿਰਾ ‘ਤੇ ਕਾਰਵਾਈ ਕਰਨ ਤੋਂ ਬਾਅਦ ਇਸ ਬਾਰੇ ‘ਚ ਵੀ ਚੁੱਪੀ ਧਾਰੀ ਬੈਠ ਹਨ। ਦੂਜੇ ਪਾਸੇ ਖਹਿਰਾ ਨਵਾਂ ਮੋਰਚਾ ਬਣਾਉਣ ‘ਚ ਜੁਟ ਗਏ ਹਨ ਅਜਿਹੇ ‘ਚ ਪੰਜਾਬ ‘ਆਪ’ ਦੇ ਆਗੂ ਨਿਰਾਸ਼ ਹੋ ਗਏ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …