ਸੀਐਮ ਮਾਨ ਕਿਹਾ : ਅਸੀਂ ਕਿਸਾਨ ਦੀਆਂ ਅੱਖਾਂ ’ਚ ਹੰਝੂ ਨਹੀਂ ਦੇਖ ਸਕਦੇ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਗਏ ਹਨ। ਪੰਜਾਬ ਵਿਚ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਵਲੋਂ ਕਿਸਾਨਾਂ ਲਈ ਅਹਿਮ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਵਿਚ ਬਹੁਤ ਭਾਰੀ ਬੇਮੌਸਮੀ ਬਰਸਾਤ ਹੋਈ। ਇਸਦੇ ਨਾਲ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਨਾਲ ਖੜ੍ਹੀਆਂ ਫਸਲਾਂ, ਖਾਸ ਤੌਰ ’ਤੇ ਕਣਕ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਢਹਿ ਗਈਆਂ ਅਤੇ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ। ਮਾਨ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਅਫਸਰਾਂ ਦੀ ਮੀਟਿੰਗ ਬੁਲਾ ਕੇ ਸਲਾਹ ਮਸ਼ਵਰਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਪੁਰਾਣਾ ਸਿਸਟਮ ਬਦਲ ਦਿੱਤਾ ਹੈ। ਹੁਣ 75 ਫੀਸਦੀ ਤੋਂ 100 ਫੀਸਦੀ ਤੱਕ ਫਸਲ ਦੇ ਨੁਕਸਾਨ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਇਸਦੇ ਚੱਲਦਿਆਂ ਕਿਸਾਨਾਂ ਦੀ ਫਸਲ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ, ਉਸਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਇਕ ਹਫਤੇ ਦੇ ਅੰਦਰ-ਅੰਦਰ ਗਿਰਦਾਵਰੀ ਕੀਤੀ ਜਾਵੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਠੇਕੇ ’ਤੇ ਖੇਤੀ ਕਰਨ ਵਾਲਿਆਂ ਨੂੰ ਫਸਲ ਦੇ ਖਰਾਬੇ ਦਾ ਕੋਈ ਮੁਆਵਜ਼ਾ ਨਹੀਂ ਸੀ ਮਿਲਦਾ ਅਤੇ ਜਿਸਦੇ ਨਾਮ ਰਜਿਸਟਰੀ ਹੁੰਦੀ ਸੀ, ਉਸ ਦੇ ਖਾਤੇ ਵਿਚ ਪੈਸੇ ਪਾ ਦਿੱਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਸੇ ਕਿਸਾਨ ਦੇ ਖਾਤੇ ਵਿਚ ਪੈਸੇ ਪਾਏ ਜਾਣਗੇ, ਜਿਹੜਾ ਕਿਸਾਨ ਇਸ ਵੇਲੇ ਜ਼ਮੀਨ ’ਤੇ ਖੇਤੀ ਕਰ ਰਿਹਾ ਹੈ। ਮਤਲਬ ਕਿ ਕਾਸ਼ਤਕਾਰ ਨੂੰ ਹੀ ਪੈਸੇ ਮਿਲਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਘਰ ਵੀ ਬਣਾ ਕੇ ਦਿੱਤੇ ਜਾਣਗੇ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸਾਨ ਦੀਆਂ ਅੱਖਾਂ ਵਿਚ ਹੰਝੂ ਨਹੀਂ ਦੇਖ ਸਕਦੇ।