ਜਵਾਹਰ ਲਾਲ ਨਹਿਰੂ ਚੇਅਰ ਦਾ ਬਤੌਰ ਵਿਜ਼ੀਟਿੰਗ ਪ੍ਰੋਫੈਸਰ ਲੈਣ ਜਾ ਰਹੇ ਚਾਰਜ
ਚੰਡੀਗੜ੍ਹ/ਬਿਊਰੋ ਨਿਊਜ਼ : 10 ਸਾਲਾਂ ਤੱਕ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਛੇਤੀ ਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਰਥ ਸ਼ਾਸਤਰ ਦਾ ਗਿਆਨ ਵੰਡਦੇ ਨਜ਼ਰ ਆਉਣਗੇ। ਯੂਨੀਵਰਸਿਟੀ ਵਿਚ ਉਹ ਜਵਾਹਰ ਲਾਲ ਨਹਿਰੂ ਚੇਅਰ ਦਾ ਬਤੌਰ ਵਿਜ਼ੀਟਿੰਗ ਪ੍ਰੋਫੈਸਰ ਕਾਰਜਭਾਰ ਸੰਭਾਲਣ ਜਾ ਰਹੇ ਹਨ। ਸੈਨੇਟ ਨੇ ਮਾਰਚ ਦੀ ਬਜਟ ਮੀਟਿੰਗ ਵਿਚ ਪ੍ਰਸਤਾਵ ਪਾਸ ਕਰਕੇ ਉਨ੍ਹਾਂ ਤੋਂ ਇਹ ਚੇਅਰ ਸੰਭਾਲਣ ਦੀ ਗੁਜਾਰਿਸ਼ ਕੀਤੀ ਸੀ। ਸਤੰਬਰ ਵਿਚ ਉਨ੍ਹਾਂ ਨੂੰ ਵਿਸ਼ੇਸ਼ ਲੈਕਚਰ ਲਈ ਸੱਦਾ ਦਿੱਤਾ ਗਿਆ ਸੀ, ਪਰ ਚੇਅਰ ਸੰਭਾਲਣ ਤੋਂ ਪਹਿਲਾਂ ਮਨਮੋਹਨ ਸਿੰਘ ਕੁਝ ਖ਼ਦਸ਼ਿਆਂ ਨੂੰ ਦਰਕਿਨਾਰ ਕਰ ਦੇਣਾ ਚਾਹੁੰਦੇ ਸਨ, ਲਿਹਾਜ਼ਾ ਇਸ ਵਿਚ ਕੁਝ ਸਮਾਂ ਲੱਗ ਗਿਆ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬੇਦਾਗ਼ ਅਕਸ ਰਿਹਾ ਹੈ। ਇਸ ਅਕਸ ‘ਤੇ ਕੋਈ ਸੱਟ ਨਾ ਵੱਜੇ ਲਿਹਾਜ਼ਾ ਉਨ੍ਹਾਂ ਜਵਾਹਰਲਾਲ ਨਹਿਰੂ ਚੇਅਰ ਨੂੰ ਲੈ ਕੇ ਸੰਸਦੀ ਪੈਨਲ ਤੋਂ ਸਪਸ਼ਟੀਕਰਨ ਮੰਗਿਆ ਕਿ ਕਿਤੇ ਉਨ੍ਹਾਂ ਵੱਲੋਂ ਸੰਭਾਲੀ ਜਾ ਰਹੀ ਜ਼ਿੰਮੇਵਾਰੀ ਆਫਿਸ ਆਫ ਪ੍ਰੋਫਿਟ ਯਾਨੀ ਲਾਭ ਦੇ ਅਹੁਦੇ ‘ਤੇ ਤਾਂ ਨਹੀਂ ਆਉਂਦੀ? ਮਨਮੋਹਨ ਸਿੰਘ ਫਿਲਹਾਲ ਅਸਾਮ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਹਨ। ਉਨ੍ਹਾਂ ਦੇ ਜ਼ਿਹਨ ਵਿਚ ਕਿਤੇ ਨਾ ਕਿਤੇ ਇਹ ਸਵਾਲ ਰਿਹਾ ਕਿ ਕਿਤੇ ਸੰਸਦ ਮੈਂਬਰ ਰਹਿੰਦੇ ਹੋਏ ਜਵਾਹਰਲਾਲ ਨਹਿਰੂ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਾ ਉਨ੍ਹਾਂ ਨੂੰ ਬਤੌਰ ਸੰਸਦ ਮੈਂਬਰ ਅਯੋਗ ਤਾਂ ਨਹੀਂ ਕਰ ਦੇਵੇਗਾ? ਸੰਸਦੀ ਕਮੇਟੀ ਨੇ ਇਸ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਤੋਂ ਬੀਤੇ ਦਿਨੀਂ ਸਪਸ਼ਟੀਕਰਨ ਮੰਗਿਆ ਕਿ ਬਤੌਰ ਵਿਜ਼ੀਟਿੰਗ ਪ੍ਰੋਫੈਸਰ ਉਨ੍ਹਾਂ ਨੂੰ ਕੀ ਕੁਝ ਦਿੱਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਅਹੁਦੇ ਲਈ ਉਨ੍ਹਾਂ ਨੂੰ ਬਤੌਰ ਵਿਜ਼ੀਟਿੰਗ ਪ੍ਰੋਫੈਸਰ ਲੈਕਚਰ ਦੇਣ ‘ਤੇ ਰੋਜ਼ਾਨਾ ਦੇ 5 ਹਜ਼ਾਰ ਰੁਪਏ, ਗੈਸਟ ਹਾਊਸ ਵਿਚ ਠਹਿਰਨ ਦੀ ਵਿਵਸਥਾ ਦੇ ਨਾਲ ਆਉਣ-ਜਾਣ ਲਈ ਏਅਰ ਕਿਰਾਇਆ ਮਿਲੇਗਾ।
ਪੀਯੂ ਤੋਂ ਹੀ ਪੜ੍ਹੇ, ਇੱਥੇ ਬਣੇ ਪ੍ਰੋਫੈਸਰ
ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਸਾਲ 1954 ਵਿਚ ਮਾਸਟਰ ਇਨ ਇਕਨੋਮਿਕਸ ਦੀ ਡਿਗਰੀ ਹਾਸਲ ਕੀਤੀ। ਸਾਲ 1957 ਵਿਚ ਉਨ੍ਹਾਂ ਬਤੌਰ ਸੀਨੀਅਰ ਲੈਕਚਰਾਰ ਇੱਥੇ ਜੁਆਇਨ ਕੀਤਾ। ਸਾਲ 1963 ਵਿਚ ਉਹ ਪ੍ਰੋਫੈਸਰ ਬਣ ਗਏ। ਇਸ ਤੋਂ ਬਾਅਦ ਉਹ ਇੱਥੋਂ ਦਿੱਲੀ ਚਲੇ ਗਏ। ਯੂਜੀਸੀ ਦੇ ਚੇਅਰਮੈਨ ਵੀ ਰਹੇ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …