ਰਾਹੁਲ ਗਾਂਧੀ ਨੂੰ ਲੋਕ ਸਭਾ ’ਚੋਂ ਆਯੋਗ ਕਰਾਰ ਦਿੱਤੇ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤੀ ਲੋਕ ਸਭਾ ਵਿਚ ਲੰਘੇ ਦੋ ਹਫ਼ਤਿਆਂ ਦੀ ਤਰ੍ਹਾਂ ਅੱਜ ਵੀ ਸਦਨ ਦਾ ਕੰਮਕਾਜ ਨਹੀਂ ਚੱਲਿਆ, ਕਿਉਂਕਿ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਦੇ ਹੰਗਾਮੇ ਕਾਰਨ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਹੀ ਸਦਨ ਮੁਲਤਵੀ ਕਰ ਦਿੱਤਾ ਗਿਆ। ਸੂਰਤ ਦੀ ਅਦਾਲਤ ਵੱਲੋਂ 2019 ਦੇ ਮਾਣਹਾਨੀ ਦੇ ਕੇਸ ਵਿੱਚ ਰਾਹੁਲ ਗਾਂਧੀ ਨੂੰ ਆਰੋਪੀ ਕਰਾਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਵਿਚੋਂ ਆਯੋਗ ਕਰਾਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਰਾਹੁਲ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿੱਚ ਕਾਂਗਰਸੀ ਮੈਂਬਰ ਸਦਨ ਵਿੱਚ ਕਾਲੇ ਕੱਪੜੇ ਪਹਿਨ ਕੇ ਆਏ। ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਵੀ ਕਾਲਾ ਸਕਾਰਫ ਪਾਇਆ ਹੋਇਆ ਸੀ। ਨੈਸ਼ਨਲ ਕਾਨਫਰੰਸ ਦੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਕਾਲੇ ਰੰਗ ਦਾ ਕੁੜਤਾ ਪਾ ਕੇ ਪਹੁੰਚੇ ਸਨ। ਕੁਝ ਮੈਂਬਰ ਕਾਗਜ਼ ਫਾੜਦੇ ਅਤੇ ਹਵਾ ਵਿੱਚ ਸੁੱਟਦੇ ਵੀ ਦੇਖੇ ਗਏ। ਇਸ ਦੌਰਾਨ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਹੀ ਰਾਜ ਸਭਾ ਵਿਚ ਜਾਰੀ ਅੜਿੱਕਾ ਅੱਜ ਵੀ ਜਾਰੀ ਰਿਹਾ। ਜ਼ਿਕਰਯੋਗ ਕਿ ਭਾਜਪਾ ਰਾਹੁਲ ਗਾਂਧੀ ਵਲੋਂ ਲੰਡਨ ਵਿਚ ਦਿੱਤੇ ਗਏ ਬਿਆਨ ਲਈ ਮਾਫੀ ਦੀ ਮੰਗ ’ਤੇ ਅੜੀ ਹੋਈ ਹੈ। ਉਧਰ ਦੂਜੇ ਪਾਸੇ ਹਿੰਡਨਬਰਗ-ਅਡਾਨੀ ਮਾਮਲੇ ’ਤੇ ਕਾਂਗਰਸ ਦੀ ਜਾਇੰਟ ਪਾਰਲੀਮੈਂਟਰੀ ਕਮੇਟੀ ਦੀ ਮੰਗ ਬਰਕਰਾਰ ਹੈ। ਧਿਆਨ ਰਹੇ ਕਿ ਬਜਟ ਇਜਲਾਸ ਦਾ ਦੂਜਾ ਫੇਜ 13 ਮਾਰਚ ਤੋਂ ਸ਼ੁਰੂ ਹੋਇਆ ਸੀ ਅਤੇ ਇਹ 6 ਅਪ੍ਰੈਲ ਤੱਕ ਚੱਲਣਾ ਹੈ।