ਅੰਮ੍ਰਿਤਸਰ/ਬਿਊਰੋ ਨਿਊਜ਼
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਵਲੋਂ ਗਾਏ ‘ਜ਼ਫ਼ਰਨਾਮਾ’ ‘ਚ ਅਸ਼ੁੱਧ ਉਚਾਰਨ ਦਾ ਦੋਸ਼ ਲਾਇਆ ਹੈ। ਇਸ ਸਬੰਧ ਵਿਚ ਉਨ੍ਹਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਇਕ ਪੱਤਰ ਦੇ ਕੇ ਮੌਜੂਦਾ ‘ਜ਼ਫ਼ਰਨਾਮਾ’ ਗਾਇਨ ਨੂੰ ਵਾਪਸ ਲੈਣ ਅਤੇ ਇਸ ਦਾ ਉਚਾਰਨ ਸ਼ੁੱਧ ਕਰਨ ਅਤੇ ਹੋਰ ਲੋੜੀਂਦੀਆਂ ਸੋਧਾਂ ਕਰਨ ਦੀ ਅਪੀਲ ਕੀਤੀ ਹੈ। ਸਿੱਖ ਆਗੂਆਂ ਨੇ ਕਿਹਾ ਕਿ ਅਜੋਕੀ ਲੱਚਰ ਗਾਇਕੀ ਦੇ ਦੌਰ ‘ਚ ਕੁਝ ਗਾਇਕਾਂ ਦਾ ਗੁਰਬਾਣੀ ਗਾਇਨ, ਗੁਰ ਇਤਿਹਾਸ ਅਤੇ ਸਿੱਖ ਸਾਹਿਤ ਪ੍ਰਤੀ ਕ੍ਰਿਆਸ਼ੀਲ ਹੋਣਾ ਸਵਾਗਤ ਅਤੇ ਸਲਾਹੁਣ ਯੋਗ ਹੈ ਪਰ ਸਿੱਖੀ ਵਿਚ ਗੁਰਬਾਣੀ ਦਾ ਗਲਤ ਉਚਾਰਨ ਇਕ ਅਪਰਾਧ ਮੰਨਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਜ਼ਫ਼ਰਨਾਮਾ’ ਵਿਚ ਅਸ਼ੁੱਧ ਉਚਾਰਨ ਅਤੇ ਕਈ ਹੋਰ ਤਰੁੱਟੀਆਂ ਹਨ। ਜ਼ਫ਼ਰਨਾਮਾ ਫ਼ਾਰਸੀ ਜ਼ੁਬਾਨ ਵਿਚ ਹੈ ਤੇ ਗਾਇਨ ਦੌਰਾਨ ਹੋਈਆਂ ਤਰੁੱਟੀਆਂ ਕਾਰਨ ਫਾਰਸੀ ਜ਼ੁਬਾਨ ਨੂੰ ਸਮਝਣ ਵਾਲਿਆਂ ਵਿਚ ਸ਼ੰਕੇ ਪੈਦਾ ਹੋਣਗੇ। ਉਨ੍ਹਾਂ ਆਖਿਆ ਕਿ ਗਾਇਕ ਵਲੋਂ ਆਰਤੀ ਗਾਉਣ ਵੇਲੇ ਵੀ ਗੁਰਬਾਣੀ ਦੇ ਗਲਤ ਉਚਾਰਨ ਦੀ ਗੱਲ ਸਾਹਮਣੇ ਆ ਚੁੱਕੀ ਹੈ। ਸਿੱਖ ਆਗੂਆਂ ਨੇ ਸਪੱਸ਼ਟ ਕੀਤਾ ਕਿ ਨੌਜਵਾਨ ਪੀੜ੍ਹੀ ਗਾਇਕੀ ਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਸੇਧ ਵੀ ਲੈਂਦੀ ਹੈ। ਇਸ ਲਈ ਗੁਰਬਾਣੀ ਗਾਇਨ ਅਤੇ ਰਿਕਾਰਡਿੰਗ ਦੌਰਾਨ ਗ਼ਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਹ ਵੀ ਆਖਿਆ ਕਿ ਗਾਇਕਾਂ ਤੇ ਕਵੀਸ਼ਰਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ‘ਜ਼ਫ਼ਰਨਾਮਾ’ ਨੂੰ ਆਪੋ ਆਪਣੇ ਨਾਮ ‘ਤੇ ਅੰਕਿਤ ਕਰਨ ਦਾ ਗਲਤ ਰੁਝਾਨ ਵੀ ਵੱਧ ਰਿਹਾ ਹੈ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ‘ਜ਼ਫ਼ਰਨਾਮਾ’ ਸਿਰਲੇਖ ਹੇਠ ਮੂਲ ਰਚਨਾ ਦੀ ਥਾਂ ਪੰਜਾਬੀ ਕਵਿਤਾ ਗਾਉਣ ਦਾ ਵੀ ਨੋਟਿਸ ਲੈਣ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …