ਚੰਡੀਗੜ੍ਹ/ਬਿਊਰੋ ਨਿਊਜ਼
ਟਿਕਰੀ ਬਾਰਡਰ ’ਤੇ ਟਰੱਕ ਹੇਠਾਂ ਆਉਣ ਕਾਰਨ 3 ਮਹਿਲਾਵਾਂ ਦੀ ਜਾਨ ਚਲੀ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਬਹੁਤ ਹੀ ਦੁਖਦਾਈ ਘਟਨਾ ਹੈ। ਮੁੱਖ ਮੰਤਰੀ ਚੰਨੀ ਨੇ ਅਰਦਾਸ ਕੀਤੀ ਕਿ ਪ੍ਰਮਾਤਮਾ ਇਨ੍ਹਾਂ ਮਹਿਲਾਵਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਚੰਨੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਮਿ੍ਰਤਕ ਬੀਬੀਆਂ ਦੇ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਵੇਗੀ ਅਤੇ ਜ਼ਖ਼ਮੀਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਦੌਰਾਨ ਰਾਹੁਲ ਗਾਂਧੀ ਨੇ ਵੀ 3 ਬੀਬੀਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬੇਰਹਿਮੀ ਅਤੇ ਨਫਰਤ ਸਾਡੇ ਦੇਸ਼ ਨੂੰ ਖੋਖਲਾ ਕਰ ਰਹੀ ਹੈ। ਇਸਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਸੜਕ ਹਾਦਸੇ ’ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇਸ ਤਰ੍ਹਾਂ ਸੜਕਾਂ ’ਤੇ ਨਹੀਂ ਬੈਠਣਾ ਪਵੇਗਾ ਅਤੇ ਅਜਿਹੇ ਦਰਦਨਾਕ ਹਾਦਸੇ ਕਦੇ ਨਹੀਂ ਵਾਪਰਨਗੇ।

