Breaking News
Home / ਪੰਜਾਬ / ਫਿਰੋਜ਼ਪੁਰ ਤੋਂ ਅਕਾਲੀ ਸੰਸਦ ਮੈਂਬਰ ਦੇ ਪਰਿਵਾਰ ਦਾ ਕਾਂਗਰਸ ‘ਚ ਜਾਣਾ ਟਲਿਆ

ਫਿਰੋਜ਼ਪੁਰ ਤੋਂ ਅਕਾਲੀ ਸੰਸਦ ਮੈਂਬਰ ਦੇ ਪਰਿਵਾਰ ਦਾ ਕਾਂਗਰਸ ‘ਚ ਜਾਣਾ ਟਲਿਆ

sher-singh-ghubaia-copy-copyਬਾਦਲ ਨੇ ਨਰਾਜ਼ ਘੁਬਾਇਆ ਨੂੰ ਮਨਾਇਆ, ਬੇਟੇ ਨੂੰ ਮਲੋਟ ਤੋਂ ਉਮੀਦਵਾਰ ਬਣਾਉਣ ਦਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਫਿਰੋਜ਼ਪੁਰ ਤੋਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਦਾ ਕਾਂਗਰਸ ‘ਚ ਜਾਣਾ ਤੈਅ ਸੀ ਪਰ ਫਿਰ ਉਹ ਕਾਂਗਰਸ ‘ਚ ਸ਼ਾਮਲ ਨਹੀਂ ਹੋਇਆ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰੋਕਣ ਲਈ ਦੋ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਮਾਨ ਸੰਭਾਲੀ। ਉਨ੍ਹਾਂ ਜਲਾਲਾਬਾਦ ਦੇ ਆਗੂਆਂ ਅਤੇ ਹੋਰ ਵੱਡੇ ਨੇਤਾਵਾਂ ਨਾਲ ਗੱਲ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਹੀ ਸ਼ੇਰ ਸਿੰਘ ਘੂਬਾਇਆ ਨਾਲ ਗੱਲਬਾਤ ਕੀਤੀ। ਘੂਬਾਇਆ ਨੇ ਮੁੱਖ ਮੰਤਰੀ ਨੂੰ ਕਿਹਾ, ਪਰਿਵਾਰ ਕਹਿ ਰਿਹਾ ਹੈ ਕਿ ਹੁਣ ਹੋਰ ਜ਼ਲਾਲਤ ਸਹਿਣ ਨਹੀਂ ਹੁੰਦੀ। ਉਹਨਾਂ ਬੇਟੇ ਦੇ ਇੰਜੀਨੀਅਰਿੰਗ ਕਾਲਜ ‘ਤੇ ਛਾਪੇ ਅਤੇ ਸ਼ੈਲਰ ਵਿਚ ਗੜਬੜੀ ਦਾ ਕੇਸ ਦਰਜ ਕਰਨ ਦੀ ਧਮਕੀਆਂ ਬਾਰੇ ਵੀ ਮੁੱਖ ਮੰਤਰੀ ਦੱਸਿਆ।
ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਕੋਈ ਬੇਇਨਸਾਫੀ ਨਹੀਂ ਹੋਵੇਗੀ ਅਤੇ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਘੁਬਾਇਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਜ਼ਰੂਰ ਅਡਜਸਟ ਕੀਤਾ ਜਾਵੇਗਾ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਘੁਬਾਇਆ ਦੇ ਬੇਟੇ ਨੂੰ ਮਲੋਟ ਰਿਜ਼ਰਵ ਸੀਟ ‘ਤੇ ਅਡਜਸਟ ਕਰਨ ਦੀ ਗੱਲ ਹੋਈ ਹੈ, ਹਾਲਾਂਕਿ ਉਹ ਫਾਜ਼ਿਲਕਾ ਤੋਂ ਚੋਣ ਲੜਨਾ ਚਾਹੁੰਦੇ ਹਨ, ਜਦਕਿ ਇਹ ਸੀਟ ਭਾਜਪਾ ਕੋਲ ਹੈ। ਇਸੇ ਲਈ ਭਾਜਦਾ ਪ੍ਰਧਾਨ ਵਿਜੇ ਸਾਂਪਲਾ ਨੂੰ ਵੀ ਸੁਨੇਹਾ ਭਿਜਵਾਇਆ ਗਿਆ ਕਿ ਉਹ ਫਾਜ਼ਿਲਕਾ ਸੀਟ ਨੂੰ ਕਿਸੇ ਹੋਰ ਸੀਟ ਨਾਲ ਬਦਲ ਲੈਣ, ਪਰ ਭਾਜਪਾ ਪ੍ਰਧਾਨ ਨਹੀਂ ਮੰਨੇ। ਫਾਜ਼ਿਲਕਾ ਵਿਚ ਰਾਏ ਸਿੱਖ ਬਰਾਦਰੀ ਦੀਆਂ ਵੋਟਾਂ ਜ਼ਿਆਦਾ ਹਨ। ਅਕਾਲੀ ਦਲ ਕੋਲ ਮਲੋਟ ਸੀਟ ਹੀ ਹੈ, ਜਿਸ ‘ਤੇ ਘੁਬਾਇਆ ਦੇ ਬੇਟੇ ਨੂੰ ਅਡਜਸਟ ਕੀਤਾ ਜਾ ਸਕਦਾ ਹੈ।  ਮਲੋਟ ਰਿਜ਼ਰਵ ਸੀਟ ਹੈ, ਜਿਸ ‘ਤੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਦੋ ਵਾਰ ਜਿੱਤ ਚੁੱਕੇ ਹਨ। ਉਨ੍ਹਾਂ ਦੀ ਟਿਕਟ ਕੱਟ ਹੋਣ ਦੀ ਸੰਭਾਵਨਾ ਹੈ।
ਘੁਬਾਇਆ ਜਾਂਦੇ ਤਾਂ ਚਾਰ ਸੀਟਾਂ ਹਾਰਦੇ, ਸੁਖਬੀਰ ਲਈ ਸੀ ਚੈਲੰਜ : ਸ਼ੇਰ ਸਿੰਘ ਘੁਬਾਇਆ ਰਾਏ ਸਿੱਖ ਬਰਾਦਰੀ ਦੇ ਇਕਮਾਤਰ ਵੱਡੇ ਨੇਤਾ ਹਨ। ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ, ਜੇਕਰ ਘੁਬਾਇਆ ਕਾਂਗਰਸ ਵਿਚ ਚਲੇ ਜਾਂਦੇ ਤਾਂ ਪਾਰਟੀ ਜਲਾਲਾਬਾਦ ਅਤੇ ਗੁਰੂਹਰਸਹਾਏ ਸੀਟ ਤਾਂ ਹਾਰਦੀ ਹੀ, ਫਾਜ਼ਿਲਕਾ ਅਤੇ ਫਿਰੋਜ਼ਪੁਰ ਰੂਰਲ ਵੀ ਨਹੀਂ ਜਿੱਤਦੀ। ਇਸ ਤਰ੍ਹਾਂ ਸਭ ਤੋਂ ਵੱਡੀ ਮਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੀ ਪਵੇਗੀ ਜੋ ਜਲਾਲਾਬਾਦ ਤੋਂ ਚੋਣ ਲੜਨਾ ਚਾਹੁੰਦੇ ਹਨ। ਇਹ ਸਾਫ ਹੈ ਕਿ ਘੁਬਾਇਆ ਦੇ ਪਾਰਟੀ ਛੱਡਣ ਨਾਲ ਸਭ ਤੋਂ ਵੱਡੀ ਮੁਸੀਬਤ ਸੁਖਬੀਰ ਬਾਦਲ ਨੂੰ ਹੀ ਝੱਲਣੀ ਪਵੇਗੀ।

ਸ਼ੇਰ ਸਿੰਘ ਘੁਬਾਇਆ ਦੇ ਕਾਲਜ ‘ਤੇ ਵਿਜੀਲੈਂਸ ਦੀ ਛਾਪੇਮਾਰੀ
ਫਿਰੋਜ਼ਪੁਰ : ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ‘ਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ ਜਦੋਂ ਮੰਗਲਵਾਰ ਬਾਅਦ ਦੁਪਹਿਰ ਮੁਕਤਸਰ ਤੋਂ ਆਈ ਵਿਜੀਲੈਂਸ ਟੀਮ ਵੱਲੋਂ ਐੱਮਪੀ ਦੇ ਕਾਲਜ ‘ਤੇ ਛਾਪੇਮਾਰੀ ਕਰਕੇ ਪਿਛਲੇ ਤਿੰਨ ਸਾਲ ਦੇ ਵਜ਼ੀਫਿਆਂ ਦਾ ਰਿਕਾਰਡ ਜ਼ਬਤ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੀ ਜਾਂਚ ਕੀਤੀ ਗਈ। ਡੀਐੱਸਪੀ ਮੱਖਣ ਸਿੰਘ ਦੀ ਅਗਵਾਈ ਵਿਚ ਆਈ ਛਾਪੇਮਾਰੀ ਟੀਮ ਵੱਲੋਂ ਕਾਲਜ ਦੀ ਜ਼ਮੀਨ ਤੋਂ ਲੈ ਕੇ ਤਾਮੀਰ ਤੱਕ ਦੇ ਖ਼ਰਚਿਆਂ ਸਬੰਧੀ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ। ਛਾਪੇਮਾਰੀ ਸਬੰਧੀ ਵਿਜੀਲੈਂਸ ਅਧਿਕਾਰੀਆਂ ਵੱਲੋਂ ਭਾਵੇਂ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਪਰ ਭਾਈਬੰਦੀ ਵਿਚ ਕਾਫੀ ਕੁੱਝ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਕਾਲਜ ਪ੍ਰਿੰਸੀਪਲ ਵਿਕਟਰ ਛਾਬੜਾ ਵੱਲੋਂ ਵਿਜੀਲੈਂਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …