Breaking News
Home / ਪੰਜਾਬ / ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਹਾਈਕੋਰਟ ਪਹੁੰਚੇ ਕੁੰਵਰ ਵਿਜੇ ਪ੍ਰਤਾਪ

ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਹਾਈਕੋਰਟ ਪਹੁੰਚੇ ਕੁੰਵਰ ਵਿਜੇ ਪ੍ਰਤਾਪ

ਅਦਾਲਤ ਵੱਲੋਂ ਵਿਰੋਧੀ ਧਿਰ ਨੂੰ 7 ਦਸੰਬਰ ਲਈ ਨੋਟਿਸ ਜਾਰੀ
ਫਰੀਦਕੋਟ : ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰਨ ਵਾਲੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਕੋਲ ਅਪੀਲ ਦਾਇਰ ਕਰਕੇ ਅਦਾਲਤ ਦੇ 9 ਅਪਰੈਲ, 2021 ਨੂੰ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਰੱਦ ਕਰਨ ਵਾਲੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ 9 ਅਪਰੈਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਨੂੰ ਪੱਖਪਾਤੀ ਅਤੇ ਬਦਲਾਲਊ ਕਾਰਵਾਈ ਦੱਸਦਿਆਂ ਰੱਦ ਕਰ ਦਿੱਤਾ ਸੀ ਅਤੇ ਆਪਣੇ ਫ਼ੈਸਲੇ ਵਿੱਚ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਗੰਭੀਰ ਟਿੱਪਣੀਆਂ ਕੀਤੀਆਂ ਸਨ। ਸਾਬਕਾ ਆਈਜੀ ਨੇ ਆਪਣੇ ਵਕੀਲ ਏ ਪੀ ਐੱਸ ਸ਼ੇਰਗਿੱਲ ਰਾਹੀਂ ਅਪੀਲ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਹਾਈਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਰਿਪੋਰਟ ਰੱਦ ਕਰਨ ਦਾ ਫ਼ੈਸਲਾ ਗ਼ੈਰ-ਸੰਵਿਧਾਨਕ ਹੈ ਅਤੇ ਹਾਈਕੋਰਟ ਦੀਆਂ ਟਿੱਪਣੀਆਂ ਵੀ ਗ਼ੈਰ-ਵਾਜਬ ਹਨ। ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਅਪੀਲ ਵਿੱਚ ਦਾਅਵਾ ਕੀਤਾ ਹੈ ਕਿ ਕੋਟਕਪੂਰਾ ਗੋਲੀ ਕਾਂਡ ਦੀ ਰਿਪੋਰਟ ਪੂਰੀ ਤਰ੍ਹਾਂ ਨਿਰਪੱਖ ਸੀ ਅਤੇ ਮੁਲਜ਼ਮਾਂ ਖਿਲਾਫ ਤੱਥਾਂ ਦੇ ਆਧਾਰ ‘ਤੇ ਚਲਾਨ ਪੇਸ਼ ਕੀਤੇ ਗਏ ਸਨ ਪਰ ਹਾਈਕੋਰਟ ਨੇ ਸੁਣਵਾਈ ਦੌਰਾਨ ਜਾਂਚ ਟੀਮ ਦੇ ਪੱਖ ਨੂੰ ਕੋਈ ਤਵੱਜੋ ਨਹੀਂ ਦਿੱਤੀ। ਸਾਬਕਾ ਜਾਂਚ ਅਧਿਕਾਰੀ ਨੇ ਅਪੀਲ ਵਿੱਚ ਕਿਹਾ ਕਿ ਹਾਈਕੋਰਟ ਨੇ ਆਪਣੇ ਫ਼ੈਸਲੇ ਵਿੱਚ ਉਨ੍ਹਾਂ ਦੀ ਪੜਤਾਲ ਪ੍ਰਕਿਰਿਆ ‘ਤੇ ਜੋ ਟਿੱਪਣੀਆਂ ਕੀਤੀਆਂ, ਉਨ੍ਹਾਂ ਦਾ ਫਾਈਲ ਵਿੱਚ ਕੋਈ ਆਧਾਰ ਨਹੀਂ ਹੈ ਅਤੇ ਜਾਂਚ ਟੀਮ ਨੇ ਜੋ ਵੀ ਦਾਅਵੇ ਕੀਤੇ ਹਨ, ਉਹ ਪੜਤਾਲ ਰਿਪੋਰਟ ਦੇ ਆਧਾਰ ‘ਤੇ ਸਨ। ਹਾਈਕੋਰਟ ਦੇ ਜੱਜ ਜਸਟਿਸ ਅਗਸਟਾਈਨ ਜੌਰਜ ਮਸੀਹ ਅਤੇ ਅਸ਼ੋਕ ਕੁਮਾਰ ਵਰਮਾ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਪੀਲ ਨੂੰ ਸੁਣਵਾਈ ਲਈ ਸਵੀਕਾਰ ਕਰਦਿਆਂ ਇਸ ਮਾਮਲੇ ਵਿੱਚ ਵਿਰੋਧੀ ਧਿਰ ਨੂੰ 7 ਦਸੰਬਰ ਲਈ ਨੋਟਿਸ ਜਾਰੀ ਕੀਤਾ ਹੈ। ਕੋਟਕਪੂਰਾ ਗੋਲੀ ਕਾਂਡ ਵਿੱਚ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਜ਼ਿਲ੍ਰਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਅਕਾਲੀ ਆਗੂ ਮਨਤਾਰ ਸਿੰਘ ਬਰਾੜ ਸਮੇਤ ਇੱਕ ਦਰਜਨ ਉੱਚ ਅਧਿਕਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ ਪਰ ਹਾਈਕੋਰਟ ਨੇ ਇਸ ਪੜਤਾਲ ਰਿਪੋਰਟ ਨੂੰ ਰੱਦ ਕਰਕੇ ਪੜਤਾਲ ਲਈ ਨਵੀਂ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।

Check Also

ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਕਿਹਾ : ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਨਜ਼ਰ ਆਉਂਦੀ ਭਾਜਪਾ ਦੀ ਹਾਰ ਬਠਿੰਡਾ/ਬਿਊਰੋ ਨਿਊਜ਼ : …